ਲਾਸੇਲ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
ਕੈਨੇਡਾ : ਸੋਸ਼ਲ ਮੀਡੀਆ ਇਨਫਲੂਐਂਸਰ ਨੈਂਸੀ ਗਰੇਵਾਲ ਦੀ ਕੈਨੇਡਾ ਵਿਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਲਾਸਾਲੇ ਪੁਲਿਸ ਨੇ ਕੀਤੀ ਹੈ । ਪੁਲਿਸ ਨੇ ਦੱਸਿਆ ਕਿ ਲਾਸੇਲ ਵਿਚ ਇਕ 45 ਸਾਲਾ ਪੰਜਾਬੀ ਮੂਲ ਦੀ ਮਹਿਲਾ ਜੋ ਚਾਕੂ ਮਾਰਨ ਦੀ ਘਟਨਾ ਦਾ ਸ਼ਿਕਾਰ ਹੋਈ ਹੈ, ਦੀ ਪਛਾਣ ਕੀਤੀ ਗਈ ਹੈ, ਜਿਸ ਨੇ ਉਥੋਂ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਯੂਟਿਊਬਰ ਵਜੋਂ ਜਾਣੀ ਜਾਂਦੀ ਵਿੰਡਸਰ ਨਿਵਾਸੀ ਨੈਂਸੀ ਗਰੇਵਾਲ ’ਤੇ ਮੰਗਲਵਾਰ ਰਾਤ ਨੂੰ ਹਮਲਾ ਕੀਤਾ ਗਿਆ ਸੀ।
ਲਾਸੇਲ ਪੁਲਿਸ ਦੇ ਅਨੁਸਾਰ ਅਧਿਕਾਰੀਆਂ ਅਤੇ ਪੈਰਾਮੈਡਿਕਸ ਨੂੰ ਟੌਡ ਲੇਨ ਦੇ 2400 ਬਲਾਕ ਵਿਚ ਰਾਤ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਚਾਕੂ ਮਾਰਨ ਦੀ ਖ਼ਬਰ ਮਿਲੀ ਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਗਰੇਵਾਲ ਨੂੰ ਗੰਭੀਰ ਚਾਕੂ ਦੇ ਜ਼ਖ਼ਮਾਂ ਨਾਲ ਪੀੜਤ ਪਾਇਆ । ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਹਸਪਤਾਲ ਲਿਜਾਇਆ ਗਿਆ ਸੀ, ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ । ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਇਕ ਬਿਆਨ ਵਿਚ ਪੁਲਿਸ ਨੇ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ।
ਬਿਆਨ ’ਚ ਪੁਲਿਸ ਨੇ ਕਿਹਾ ਕਿ ਲਾਸੇਲ ਪੁਲਿਸ ਸੇਵਾ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਕਿਸੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਨਹੀਂ । ਬੁੱਧਵਾਰ ਸਵੇਰੇ ਜਾਂਚਕਰਤਾਵਾਂ ਨੇ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੈਨੇਡਾ ਸਟਰੀਟ ਅਤੇ ਬਿਸ਼ਪ ਸਟਰੀਟ ਦੇ ਵਿਚਕਾਰ ਟੌਡ ਲੇਨ 'ਤੇ ਦੋ ਘਰਾਂ ਨੂੰ ਘੇਰ ਲਿਆ। ਇੱਕ ਘਰ ਦੇ ਮੁੱਖ ਦਰਵਾਜ਼ੇ ਵੱਲ ਜਾਣ ਵਾਲੇ ਕੰਕਰੀਟ ਵਾਕਵੇਅ ਅਤੇ ਪੌੜੀਆਂ 'ਤੇ ਕਈ ਸਬੂਤ ਮਾਰਕਰ ਲਗਾਏ ਗਏ ਸਨ।
ਨੈਂਸੀ ਗਰੇਵਾਲ ਦੇ ਕਤਲ ਮਗਰੋਂ ਮਾਂ ਛਿੰਦਰਪਾਲ ਦੇ ਗੰਭੀਰ ਇਲਜ਼ਾਮ
ਨੈਂਸੀ ਗਰੇਵਾਲ ਦੀ ਮੌਤ ਤੋਂ ਬਾਅਦ ਉਸ ਦੀ ਮਾਤਾ ਛਿੰਦਰਪਾਲ ਕੌਰ ਕੈਮਰੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਮੇਰੀ ਧੀ ਨੂੰ 6 ਮਹੀਨੇ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਅਵਤਾਰ ਸਿੰਘ, ਵੀਰਇੰਦਰ ਛੋਕਰ ਤੇ ਹਰਜਿੰਦਰ ਨਾਂ ਦੇ ਵਿਅਕਤੀ 'ਤੇ ਕਤਲ ਦੇ ਇਲਜ਼ਾਮ ਲਗਾਏ ਹਨ। ਛਿੰਦਰਪਾਲ ਕੌਰ ਨੇ ਕਿਹਾ ਕਿ ਰੇਕੀ ਕਰਕੇ ਮੇਰੀ ਧੀ ਨੈਂਸੀ ਗਰੇਵਾਲ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇੰਸਟਾਗ੍ਰਾਮ 'ਤੇ ਹਰਜਿੰਦਰ ਮੇਰੀ ਧੀ ਨੂੰ ਮੈਸੇਜ ਕਰਦਾ ਸੀ।
ਛਿੰਦਰਪਾਲ ਨੇ ਦੱਸਿਆ ਕਿ ਨੈਂਸੀ ਵਿੰਡਸਰ 'ਚ ਬਜ਼ੁਰਗ ਮਰੀਜ਼ ਨੂੰ ਦੇਖਣ ਗਈ ਸੀ ਉਦੋਂ ਹੀ ਉਸ ਉਤੇ 2 ਹਮਲਾਵਰਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹਾਲਤ 'ਚ ਨੈਂਸੀ ਜ਼ਮੀਨ 'ਤੇ ਡਿਗ ਪਈ। ਬਜ਼ੁਰਗ ਮਰੀਜ਼ ਨੇ ਹਮਲੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨੈਂਸੀ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਿਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਚੱਲਦਿਆਂ ਦਮ ਤੋੜ ਦਿੱਤਾ।
