ਸੁਚੱਜੀ ਭਾਈਵਾਲੀ ਦੁਵੱਲੀ ਹਿੱਤ-ਪੂਰਤੀ ਰਾਹੀਂ ਹੀ ਸੰਭਵ ਹੋ ਸਕਦੀ ਹੈ; ਹਿੱਤਾਂ ਦੀ ਅਣਦੇਖੀ ਰਾਹੀਂ ਨਹੀਂ।
Editorial : ਅਮਰੀਕੀ ਪ੍ਰਸ਼ਾਸਨ ਦੀਆਂ ਨੀਤੀਆਂ ਖ਼ਿਲਾਫ਼ ਭਾਰਤ ਨੇ ਅਪਣੀ ਖ਼ਾਮੋਸ਼ੀ ਤੋੜਨੀ ਸ਼ੁਰੂ ਕਰ ਦਿਤੀ ਹੈ। ਇਸ ਦੀ ਆਰੰਭਤਾ ਵਿਦੇਸ਼ ਮੰਤਰੀ ਡਾ. ਸੁਬਰਾਮਣੀਅਮ ਜੈਸ਼ੰਕਰ ਨੇ ਕੀਤੀ ਹੈ। ਸੋਮਵਾਰ ਨੂੰ ਨਿਊ ਯੌਰਕ ਵਿਚ ਏਸ਼ੀਆ ਸੁਸਾਇਟੀ ਵਲੋਂ ਕਰਵਾਏ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਨੂੰ ਦਰਪੇਸ਼ ਪਾਕਿਸਤਾਨੀ ਦਹਿਸ਼ਤਵਾਦ ਪ੍ਰਤੀ ਅਮਰੀਕੀ ਅਸੰਵੇਦਨਾ ਭਾਰਤ-ਅਮਰੀਕਾ ਸਬੰਧਾਂ ਨੂੰ ਠੇਸ ਪਹੁੰਚਾ ਸਕਦੀ ਹੈ। ਉਨ੍ਹਾਂ ਸਪਸ਼ਟ ਤੌਰ ’ਤੇ ਕਿਹਾ ਕਿ ਦੁਨੀਆਂ ਵਿਚ ਬਹੁਤ ਘੱਟ ਅਜਿਹੇ ਮੁਲਕ ਹਨ ਜਿਨ੍ਹਾਂ ਨੂੰ ਦਹਾਕਿਆਂ ਤੋਂ ਅਪਣੇ ਕਿਸੇ ਗੁਆਂਢੀ ਦੇਸ਼ ਵਲੋਂ ਭੇਜੇ ਜਾ ਰਹੇ ਦਹਿਸ਼ਤਗ਼ਰਦਾਂ ਨਾਲ ਲਗਾਤਾਰ ਸਿੱਝਣਾ ਪੈ ਰਿਹਾ ਹੋਵੇ। ਭਾਰਤ ਨੂੰ ਦਹਿਸ਼ਤਗ਼ਰਦੀ ਰਾਹੀਂ ਲਗਾਤਾਰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਪਾਕਿਸਤਾਨੀ ਰਣਨੀਤੀ ਤੋਂ ਅਮਰੀਕੀ ਪ੍ਰਸ਼ਾਸਨ ਚੰਗੀ ਤਰ੍ਹਾਂ ਵਾਕਫ਼ ਹੈ। ਇਸ ਦੇ ਬਾਵਜੂਦ ਉਸ ਵਲੋਂ ਪਾਕਿਸਤਾਨ ਨੂੰ ਨਿਰੰਤਰ ਪਲੋਸਿਆ ਜਾ ਰਿਹਾ ਹੈ। ਇਸ ਤਰਜ਼ ਦਾ ਲਾਡ-ਦੁਲਾਰ ਦਹਿਸ਼ਤਗ਼ਰਦੀ ਵਰਗੀ ਵਬਾਅ ਖ਼ਿਲਾਫ਼ ਕੌਮਾਂਤਰੀ ਜੰਗ ਦੇ ਸਿਧਾਂਤਾਂ ਦੀ ਅਵੱਗਿਆ ਵੀ ਹੈ ਅਤੇ ਭਾਰਤੀ ਹਿੱਤਾਂ ਦੀ ਅਣਦੇਖੀ ਵੀ। ਸ੍ਰੀ ਜੈਸ਼ੰਕਰ ਨੇ ਚਿਤਾਵਨੀ ਦਿਤੀ ਕਿ ਅਜਿਹੀ ਅਮਰੀਕੀ ਪਹੁੰਚ ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਤੇ ਪੁਖ਼ਤਗੀ ਨੂੰ ਖੋਰਾ ਲਾ ਰਹੀ ਹੈ। ਪਿਛਲੇ 18 ਮਹੀਨਿਆਂ ਤੋਂ ਇਮੀਗ੍ਰੇਸ਼ਨ ਅਤੇ ਵਪਾਰਕ ਮਾਮਲਿਆਂ ਵਿਚ ਵੀ ਅਮਰੀਕੀ ਪ੍ਰਸ਼ਾਸਨ, ਭਾਰਤ-ਵਿਰੋਧੀ ਨੀਤੀਆਂ ਉੱਤੇ ਅਮਲ ਕਰਦਾ ਆ ਰਿਹਾ ਹੈ। ਪਰ ਅਜਿਹਾ ਕੁੱਝ ਹੋਣ ਦੇ ਬਾਵਜੂਦ ਉਹ ਭਾਰਤ ਨੂੰ ਮਹੱਤਵਪੂਰਨ ਰਣਨੀਤਕ ਭਾਈਵਾਲ ਵੀ ਦੱਸਦਾ ਆ ਰਿਹਾ ਹੈ। ਇਹ ਦੋਗ਼ਲੀ ਪਹੁੰਚ ਹੈ। ਸੁਚੱਜੀ ਭਾਈਵਾਲੀ ਦੁਵੱਲੀ ਹਿੱਤ-ਪੂਰਤੀ ਰਾਹੀਂ ਹੀ ਸੰਭਵ ਹੋ ਸਕਦੀ ਹੈ; ਹਿੱਤਾਂ ਦੀ ਅਣਦੇਖੀ ਰਾਹੀਂ ਨਹੀਂ।
ਜੈਸ਼ੰਕਰ ਦੇ ਸ਼ਬਦਾਂ ਦੀ ਤਾਈਦ ਮੰਗਲਵਾਰ ਨੂੰ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕੀਤੀ। ਉਨ੍ਹਾਂ ਨੇ ਅਮਰੀਕੀ ਕਾਂਗਰਸ (ਸੰਸਦ) ਦੇ ਵਫ਼ਦ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਦੌਰਾਨ ਇਸ ਦੇ ਮੈਂਬਰਾਂ ਨੂੰ ਭਾਰਤੀ ਸੰਵੇਦਨਾਵਾਂ ਤੇ ਤਰਜੀਹਾਂ ਤੋਂ ਵਾਕਫ਼ ਕਰਵਾਇਆ। ਨਾਲ ਹੀ ਉਨ੍ਹਾਂ ਨੇ ਅਮਰੀਕੀ ਸੰਸਦ (ਕਾਂਗਰਸ) ਵਲੋਂ ਪਾਸ ਕੀਤੇ ਗਏ ਉਸ ਬਿੱਲ ਦੀ ਨੁਕਤਾਚੀਨੀ ਕੀਤੀ ਜਿਸ ਰਾਹੀਂ ਰੂਸ ਪਾਸੋਂ ਕੱਚਾ ਤੇਲ ਖ਼ਰੀਦਣ ਦੀ ਸਜ਼ਾ ਵਜੋਂ ਭਾਰਤ ਤੇ ਚੀਨ ਉੱਪਰ ਵਾਧੂ ਮਹਿਸੂਲ (ਟੈਰਿਫ਼) ਲਾਉਣਾ ਤਜਵੀਜ਼ ਕੀਤਾ ਗਿਆ ਹੈ। ਇਸ ਵਫ਼ਦ ਦੀ ਅਗਵਾਈ ਅਮਰੀਕੀ ਪ੍ਰਤੀਨਿਧੀ ਸਭਾ (ਸੰਸਦ ਦੇ ਹੇਠਲੇ ਸਦਨ) ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਬ੍ਰਾਇਨ ਮੈਸਟ ਵਲੋਂ ਕੀਤੀ ਗਈ ਸੀ। ਇਸੇ ਵਫ਼ਦ ਨੂੰ ਇਹ ਵੀ ਦਸਿਆ ਗਿਆ ਕਿ ਅਮਰੀਕਾ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਭਾਰਤ ਮੁਖ਼ਾਲਿਫ਼ ਨਹੀਂ ਹੈ, ਪਰ ਮੁਖ਼ਾਲਫ਼ਤ ਦੀ ਅਣਹੋਂਦ ਦੇ ਬਾਵਜੂਦ ‘‘ਭਾਰਤ ਮਹਿਸੂਸ ਕਰਦਾ ਹੈ ਕਿ ਅਮਰੀਕਾ ਇਸ ਪੱਖੋਂ ਚੇਤਨ ਰਹੇ ਕਿ ਪਾਕਿਸਤਾਨ ਨਾਲ ਉਸ ਦੇ ਸਬੰਧ ਭਾਰਤੀ ਹਿੱਤਾਂ ਨੂੰ ਢਾਹ ਨਾ ਲਾਉਣ।’’ ਅਜਿਹੀਆਂ ਟਿੱਪਣੀਆਂ ਇਸ ਹਕੀਕਤ ਦੀ ਤਸਦੀਕ ਹਨ ਕਿ ਭਾਰਤ ਨੇ ਜ਼ਬਾਨਬੰਦੀ ਦੀ ਥਾਂ ਖਰੀਆਂ ਸੁਣਾਉਣ ਦੇ ਰਾਹ ਤੁਰਨਾ ਸ਼ੁਰੂ ਕਰ ਦਿਤਾ ਹੈ। ਇਹ ਸੁਖਾਵੀਂ ਪ੍ਰਗਤੀ ਹੈ। ਕੂਟਨੀਤੀ ਵਰਗੇ ਖੇਤਰ ਵਿਚ ਕਦਮ, ਅਮੂਮਨ, ਬੋਚ ਬੋਚ ਕੇ ਰੱਖੇ ਜਾਂਦੇ ਹਨ। ਸ਼ਬਦਾਂ ਦੀ ਚੋਣ ਤੇ ਤਰਤੀਬ ਦਾ ਵੀ ਉਚੇਚਾ ਧਿਆਨ ਰੱਖਿਆ ਜਾਂਦਾ ਹੈ। ਬੇਬਾਕੀ ਉਦੋਂ ਅਪਣਾਈ ਜਾਂਦੀ ਹੈ ਜਦੋਂ ਪਾਣੀ ਸਿਰ ਤੋਂ ਲੰਘਣ ਵਾਲੀ ਸਥਿਤੀ ਪੈਦਾ ਹੋ ਜਾਵੇ। ਲਿਹਾਜ਼ਾ, ਉਪਰੋਕਤ ਭਾਰਤੀ ਟਿੱਪਣੀਆਂ ‘ਪਾਣੀ ਸਿਰ ਤੋਂ ਲੰਘਣ’ ਵਾਲੇ ਅਹਿਸਾਸ ਤੇ ਜਜ਼ਬਾਤ ਦੀ ਸਹੀ ਤਰਜਮਾਨੀ ਜਾਪਦੀਆਂ ਹਨ।
ਯੂਕਰੇਨ ਤੇ ਰੂਸ ਦਰਮਿਆਨ ਜੰਗਬੰਦੀ ਹੋਣੀ ਚਾਹੀਦੀ ਹੈ, ਇਹ ਅਜੋਕੇ ਸਮੇਂ ਦੀ ਮੁਖ ਲੋੜ ਹੈ। ਪਰ ਰੂਸ ਨੂੰ ਜੰਗਬੰਦੀ ਜਾਂ ਸੁਲ੍ਹਾ-ਸਫ਼ਾਈ ਵਾਸਤੇ ਮਜਬੂਰ ਕਰਨ ਵਾਸਤੇ ਉਸ ਖ਼ਿਲਾਫ਼ ਆਰਥਿਕ ਬੰਦਸ਼ਾਂ ਲਗਾਤਾਰ ਵਧਾਏ ਜਾਣ ਵਾਲਾ ਰਾਹ ਵੀ ਵਾਜਬ ਨਹੀਂ ਮੰਨਿਆ ਜਾ ਸਕਦਾ। ਕੱਚੇ ਤੇਲ ਤੇ ਕੁਦਰਤੀ ਗੈਸਾਂ ਦੀ ਕੌਮਾਂਤਰੀ ਸਪਲਾਈ ਵਿਚ ਵਿਘਨ ਅਮਰੀਕਾ ਵਲੋਂ ਇਰਾਨ ਉੱਤੇ ਹਮਲੇ ਦੀ ਦੇਣ ਹੈ। ਅਜਿਹੇ ਵਿਘਨ ਨੇ ਦੁਨੀਆਂ ਦੇ ਤਕਰੀਬਨ ਸਾਰੇ ਮੁਲਕਾਂ ਦੇ ਅਰਥਚਾਰਿਆਂ ਉੱਪਰ ਸਿੱਧੀ ਮਾਰ ਕੀਤੀ ਹੈ। ਇਰਾਨ ਵਾਲੀ ਜੰਗ, ਅਮਰੀਕਾ ਨੇ ਅਪਣੀ ਧੌਂਸ ਜਮਾਉਣ ਲਈ ਆਰੰਭੀ ਸੀ, ਸੰਯੁਕਤ ਰਾਸ਼ਟਰ ਦਾ ਐਟਮੀ ਚਾਰਟਰ ਲਾਗੂ ਕਰਵਾਉਣ ਵਾਸਤੇ ਨਹੀਂ। ਇਸ ਜੰਗ ਦੇ ਆਰਥਿਕ ਕੁਪ੍ਰਭਾਵਾਂ ਦਾ ਅਸਰ ਘਟਾਉਣ ਲਈ ਰੂਸ ਪਾਸੋਂ ਤੇਲ ਖ਼ਰੀਦਣਾ ਭਾਰਤ ਜਾਂ ਹੋਰਨਾਂ ਦੇਸ਼ਾਂ ਦੀ ਮਾਇਕ ਮਜਬੂਰੀ ਹੈ। ਇਸ ਮਜਬੂਰੀ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣ ਦੀ ਥਾਂ ਸਜ਼ਾ ਵਾਲਾ ਰਾਹ ਅਖ਼ਤਿਆਰ ਕਰਨ ਦੀਆਂ ਧਮਕੀਆਂ ਦੋਸਤਾਨਾ ਸਾਂਝ ਦਾ ਨਮੂਨਾ ਕਿਵੇਂ ਮੰਨੀਆਂ ਜਾ ਸਕਦੀਆਂ ਹਨ? ਉਪਰੋਂ, ਭਾਰਤ-ਵਿਰੋਧੀ ਦਹਿਸ਼ਤਗ਼ਰਦੀ ਨੂੰ ਪਾਕਿਸਤਾਨੀ ਪੁਸ਼ਤਪਨਾਹੀ ਦੀ ਲਗਾਤਾਰ ਅਣਦੇਖੀ! ਅਜਿਹੇ ਹਾਲਾਤ ਵਿਚ ਅਮਰੀਕਾ ਨੂੰ ਅਸਲੀਅਤ ਵਾਲਾ ਆਈਨਾ ਦਿਖਾਉਣਾ ਸਮੇਂ ਦੀ ਲੋੜ ਬਣ ਗਿਆ ਸੀ। ਸ੍ਰੀ ਜੈਸ਼ੰਕਰ ਨੇ ਇਸ ਪ੍ਰਸੰਗ ਵਿਚ ਤੋਹਮਤਬਾਜ਼ੀ ਤੋਂ ਪਰਹੇਜ਼ ਕਰਦਿਆਂ ਬੱਝਵੇਂ ਸ਼ਬਦਾਂ ਵਿਚ ਭਾਰਤੀ ਪੱਖ ਪੇਸ਼ ਕੀਤਾ ਹੈ। ਇਹ ਅਮਰੀਕੀ ਪ੍ਰਸ਼ਾਸਨ ਲਈ ਸਿੱਧਾ-ਸਪਸ਼ਟ ਸੰਕੇਤ ਹੈ ਕਿ ਉਸ ਦੀ ਕਰਨੀ ਤੇ ਕਥਨੀ ਵਿਚਲੇ ਅੰਤਰ ਨੂੰ ਭਾਰਤ ਹੋਰ ਬਰਦਾਸ਼ਤ ਕਰਨ ਦੇ ਰੌਂਅ ਵਿਚ ਨਹੀਂ। ਅਜਿਹੀ ਸਾਫ਼ਗੋਈ ਸਹੀ ਮਾਅਨਿਆਂ ਵਿਚ ਸਵਾਗਤਯੋਗ ਹੈ।
