ਖ਼ਬਰਾਂ |

ਤਾਜ਼ਾ |

ਉੱਤਰਾਖੰਡ ਦੇ ਸੱਤ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਮੀਂਹ ਦਾ ‘ਰੈੱਡ ਅਲਰਟ’ ਜਾਰੀ, ਚਾਰ ਜ਼ਿਲ੍ਹਿਆਂ ਵਿੱਚ ਸਕੂਲ ਰਹੇ ਬੰਦ
Published : Jul 9, 2026, 3:39 pm IST
Updated : Jul 9, 2026, 3:39 pm IST
SHARE ARTICLE
'Red alert' issued for very heavy rain in seven districts of Uttarakhand, schools remain closed in four districts
'Red alert' issued for very heavy rain in seven districts of Uttarakhand, schools remain closed in four districts

ਪਹਾੜੀ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਕਾਰਨ 100 ਤੋਂ ਵੱਧ ਰਸਤੇ ਬੰਦ

ਦੇਹਰਾਦੂਨ: ਉੱਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ ਦਾ ਪਾਣੀ ਪੱਧਰ ਵੱਧ ਗਿਆ ਹੈ ਅਤੇ ਪਹਾੜੀ ਇਲਾਕਿਆਂ ਵਿੱਚ ਢਿੱਗਾਂ ਡਿੱਗਣ (ਲੈਂਡਸਲਾਈਡ) ਕਾਰਨ 100 ਤੋਂ ਵੱਧ ਰਸਤੇ ਬੰਦ ਹੋ ਗਏ ਹਨ। ਇਸ ਦੇ ਨਾਲ ਹੀ, ਮੌਸਮ ਵਿਭਾਗ ਨੇ ਵੀਰਵਾਰ ਨੂੰ ਦੇਹਰਾਦੂਨ ਸਮੇਤ ਸੱਤ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਮੀਂਹ ਦਾ ‘ਰੈੱਡ ਅਲਰਟ’ ਅਤੇ ਬਾਕੀ ਜ਼ਿਲ੍ਹਿਆਂ ਵਿੱਚ ‘ਓਰੇਂਜ ਅਲਰਟ’ ਜਾਰੀ ਕੀਤਾ ਹੈ।

ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਸਤਰਕ ਰਹਿਣ ਅਤੇ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਦੋਂ ਕਿ ਬਾਰਿਸ਼ ਕਾਰਨ ਦੇਹਰਾਦੂਨ ਸਮੇਤ ਚਾਰ ਜ਼ਿਲ੍ਹਿਆਂ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਰਹੇ।

ਉੱਤਰਾਖੰਡ ਦੇ ਗੜ੍ਹਵਾਲ ਅਤੇ ਕੁਮਾਊਂ ਦੋਵਾਂ ਖੇਤਰਾਂ ਵਿੱਚ ਕਈ ਥਾਵਾਂ 'ਤੇ ਪਿਛਲੇ 24 ਘੰਟਿਆਂ ਦੌਰਾਨ ਭਾਰੀ ਤੋਂ ਬਹੁਤ ਭਾਰੀ ਮੀਂਹ ਦਰਜ ਕੀਤਾ ਗਿਆ।

ਅਧਿਕਾਰਤ ਅੰਕੜਿਆਂ ਅਨੁਸਾਰ, ਇਸ ਦੌਰਾਨ ਕਾਸ਼ੀਪੁਰ ਵਿੱਚ 206 ਮਿਲੀਮੀਟਰ, ਜਸਪੁਰ ਵਿੱਚ 190 ਮਿਲੀਮੀਟਰ, ਲਕਸਰ ਵਿੱਚ 180 ਮਿਲੀਮੀਟਰ, ਕੋਟਦੁਆਰ ਵਿੱਚ 160 ਮਿਲੀਮੀਟਰ, ਹਰਿਦੁਆਰ ਵਿੱਚ 132.9 ਮਿਲੀਮੀਟਰ, ਰੁੜਕੀ ਵਿੱਚ 126.2 ਮਿਲੀਮੀਟਰ, ਬੇਤਾਲਘਾਟ ਵਿੱਚ 118.5 ਮਿਲੀਮੀਟਰ, ਟਿਹਰੀ ਵਿੱਚ 115.2 ਮਿਲੀਮੀਟਰ, ਰੋਸ਼ਨਾਬਾਦ ਵਿੱਚ 115 ਮਿਲੀਮੀਟਰ, ਨੈਨੀਤਾਲ ਵਿੱਚ 107.5 ਮਿਲੀਮੀਟਰ ਅਤੇ ਨਰਿੰਦਰਨਗਰ ਵਿੱਚ 105 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਅੰਕੜਿਆਂ ਮੁਤਾਬਕ ਧਨੌਲਤੀ ਵਿੱਚ 100 ਮਿਲੀਮੀਟਰ, ਦੇਵਪ੍ਰਯਾਗ ਵਿੱਚ 98.6 ਮਿਲੀਮੀਟਰ, ਪੌੜੀ ਵਿੱਚ 93 ਮਿਲੀਮੀਟਰ, ਰਾਨੀਖੇਤ ਵਿੱਚ 92.3 ਮਿਲੀਮੀਟਰ, ਟਿਹਰੀ ਵਿੱਚ 79.4 ਮਿਲੀਮੀਟਰ, ਜੌਲੀਗ੍ਰਾਂਟ ਵਿੱਚ 76.4 ਮਿਲੀਮੀਟਰ, ਦੇਹਰਾਦੂਨ ਵਿੱਚ 70.8 ਮਿਲੀਮੀਟਰ, ਮਸੂਰੀ ਵਿੱਚ 70.1 ਮਿਲੀਮੀਟਰ, ਰਿਸ਼ੀਕੇਸ਼ ਵਿੱਚ 64.4 ਮਿਲੀਮੀਟਰ, ਅਲਮੋੜਾ ਵਿੱਚ 63 ਮਿਲੀਮੀਟਰ ਅਤੇ ਰੁਦਰਪ੍ਰਯਾਗ ਵਿੱਚ 50.4 ਮਿਲੀਮੀਟਰ ਮੀਂਹ ਪਿਆ। ਹੋਰ ਥਾਵਾਂ 'ਤੇ ਵੀ ਦਰਮਿਆਨਾ ਮੀਂਹ ਦਰਜ ਕੀਤਾ ਗਿਆ।

ਸੜਕੀ ਆਵਾਜਾਈ ਪ੍ਰਭਾਵਿਤ ਅਤੇ ਨੁਕਸਾਨ

ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੇ ਅਨੁਸਾਰ, ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਪਹਾੜੀ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਅਤੇ ਵੱਡੀਆਂ ਚੱਟਾਨਾਂ ਖਿਸਕਣ ਕਾਰਨ ਸੂਬੇ ਵਿੱਚ 9 ਰਾਜ ਮਾਰਗਾਂ (ਸਟੇਟ ਹਾਈਵੇਜ਼) ਅਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਦੀ ਇੱਕ ਸੜਕ ਸਮੇਤ 107 ਰਸਤਿਆਂ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਰਸਤਿਆਂ ਨੂੰ ਖੋਲ੍ਹਣ ਦੇ ਯਤਨ ਕੀਤੇ ਜਾ ਰਹੇ ਹਨ।

SEOC ਤੋਂ ਮਿਲੀ ਜਾਣਕਾਰੀ ਅਨੁਸਾਰ, ਟਿਹਰੀ ਜ਼ਿਲ੍ਹੇ ਦੇ ਕੱਦੂਖਾਲ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਪਹਾੜੀ ਖੇਤਰ ਵਿੱਚ ਢਿੱਗਾਂ ਡਿੱਗਣ ਕਾਰਨ ਇੱਕ ਪੁਰਾਣਾ ਖਾਲੀ ਮਕਾਨ ਨੁਕਸਾਨਿਆ ਗਿਆ। ਹਾਲਾਂਕਿ, ਪ੍ਰਸ਼ਾਸਨ ਨੇ ਘਟਨਾ ਤੋਂ ਪਹਿਲਾਂ ਹੀ ਸੰਭਾਵਿਤ ਖ਼ਤਰੇ ਦੇ ਘੇਰੇ ਵਿੱਚ ਆ ਰਹੇ ਦੋ ਰੈਸਟੋਰੈਂਟਾਂ ਅਤੇ ਕੁਝ ਝੁੱਗੀਆਂ ਨੂੰ ਸਾਵਧਾਨੀ ਵਜੋਂ ਖਾਲੀ ਕਰਵਾ ਲਿਆ ਸੀ।

ਬਾਰਿਸ਼ ਕਾਰਨ ਗੰਗਾ, ਯਮੁਨਾ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਵੀ ਉਫਾਨ 'ਤੇ ਹਨ ਅਤੇ ਕਈ ਥਾਵਾਂ 'ਤੇ ਉਨ੍ਹਾਂ ਦਾ ਜਲ ਪੱਧਰ ਵਧ ਰਿਹਾ ਹੈ।

ਕੇਂਦਰੀ ਜਲ ਕਮਿਸ਼ਨ ਦੇ ਹਵਾਲੇ ਨਾਲ SEOC ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸ਼੍ਰੀਨਗਰ ਵਿੱਚ ਅਲਕਨੰਦਾ ਨਦੀ, ਕਰਨਪ੍ਰਯਾਗ ਵਿੱਚ ਪਿੰਡਰ ਨਦੀ, ਦੇਵਪ੍ਰਯਾਗ ਅਤੇ ਰਿਸ਼ੀਕੇਸ਼ ਵਿੱਚ ਗੰਗਾ ਨਦੀ, ਧਾਰਚੂਲਾ ਵਿੱਚ ਕਾਲੀ ਨਦੀ, ਪਿਥੌਰਾਗੜ੍ਹ ਵਿੱਚ ਸਰਯੂ ਅਤੇ ਜੌਲਜੀਬੀ ਵਿੱਚ ਗੌਰੀ ਨਦੀ ਦਾ ਜਲ ਪੱਧਰ ਵੱਧ ਰਿਹਾ ਹੈ। ਹਾਲਾਂਕਿ, ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਹੀਆਂ ਹਨ ਪਰ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਮੌਸਮ ਵਿਭਾਗ ਦੀ ਅਗਲੀ ਚੇਤਾਵਨੀ

ਦੇਹਰਾਦੂਨ ਸਥਿਤ ਮੌਸਮ ਵਿਗਿਆਨ ਕੇਂਦਰ ਨੇ ਦੇਹਰਾਦੂਨ, ਟਿਹਰੀ, ਪੌੜੀ, ਹਰਿਦੁਆਰ, ਊਧਮ ਸਿੰਘ ਨਗਰ, ਨੈਨੀਤਾਲ ਅਤੇ ਚੰਪਾਵਤ ਸਮੇਤ ਸੱਤ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੇ ਨਾਲ-ਨਾਲ ਕਿਤੇ-ਕਿਤੇ ਬੇਹੱਦ ਭਾਰੀ ਮੀਂਹ ਦਾ ‘ਰੇਡ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ ਕਿਤੇ-ਕਿਤੇ ਗਰਜ-ਚਮਕ ਦੇ ਨਾਲ ਅਸਮਾਨੀ ਬਿਜਲੀ ਲਿਸ਼ਕਣ ਅਤੇ ਬਹੁਤ ਤੇਜ਼ੀ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਕਿਤੇ-ਕਿਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ, ਗਰਜ-ਚਮਕ ਨਾਲ ਬਿਜਲੀ ਲਿਸ਼ਕਣ ਅਤੇ ਤੇਜ਼ ਬਾਰਿਸ਼ ਦਾ ਅਨੁਮਾਨ ਲਗਾਇਆ ਗਿਆ ਹੈ।

ਮੌਸਮ ਕੇਂਦਰ ਨੇ ਸ਼ੁੱਕਰਵਾਰ ਨੂੰ ਵੀ ਊਧਮ ਸਿੰਘ ਨਗਰ, ਨੈਨੀਤਾਲ ਅਤੇ ਚੰਪਾਵਤ ਜ਼ਿਲ੍ਹਿਆਂ ਲਈ ‘ਰੇਡ ਅਲਰਟ’ ਜਾਰੀ ਕੀਤਾ ਹੈ। ਇਸ ਤੋਂ ਇਲਾਵਾ, ਦੇਹਰਾਦੂਨ, ਪੌੜੀ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ‘ਓਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ।

ਪ੍ਰਸ਼ਾਸਨ ਦੇ ਨਿਰਦੇਸ਼ ਅਤੇ ਅਪੀਲ

ਮੀਂਹ ਦੀ ਚੇਤਾਵਨੀ ਨੂੰ ਦੇਖਦੇ ਹੋਏ SEOC ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ (DC) ਨੂੰ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਿਸ਼ੇਸ਼ ਨਿਗਰਾਨੀ ਰੱਖਣ, ਰਾਹਤ ਅਤੇ ਬਚਾਅ ਟੀਮਾਂ ਨੂੰ ਅਲਰਟ ਰੱਖਣ, ਆਫ਼ਤ ਪ੍ਰਬੰਧਨ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਵਿਭਾਗਾਂ ਵਿਚਕਾਰ ਤਾਲਮੇਲ ਬਣਾਈ ਰੱਖਣ, ਸੜਕੀ ਮਾਰਗਾਂ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਸੂਬੇ ਦੇ ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਸੂਬਾ ਵਾਸੀਆਂ ਨੂੰ ਇਸ ਦੌਰਾਨ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਵਿਸ਼ੇਸ਼ ਤੌਰ 'ਤੇ ਪਹਾੜੀ ਅਤੇ ਢਿੱਗਾਂ ਡਿੱਗਣ ਵਾਲੇ ਸੰਭਾਵਿਤ ਖੇਤਰਾਂ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਸੁਮਨ ਨੇ ਲੋਕਾਂ ਨੂੰ ਨਦੀ-ਨਾਲਿਆਂ ਅਤੇ ਬਰਸਾਤੀ ਨਾਲਿਆਂ ਦੇ ਨੇੜੇ ਨਾ ਜਾਣ ਅਤੇ ਖ਼ਰਾਬ ਮੌਸਮ ਦੌਰਾਨ ਸੁਰੱਖਿਅਤ ਥਾਵਾਂ 'ਤੇ ਰੁਕਣ ਲਈ ਕਿਹਾ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਥਾਨਕ ਪ੍ਰਸ਼ਾਸਨ ਜਾਂ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਨ ਅਤੇ ਸਿਰਫ਼ ਅਧਿਕਾਰਤ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ 'ਤੇ ਹੀ ਵਿਸ਼ਵਾਸ ਕਰਨ। ਭਾਰੀ ਮੀਂਹ ਦੀ ਚੇਤਾਵਨੀ ਕਾਰਨ ਦੇਹਰਾਦੂਨ, ਪੌੜੀ, ਟਿਹਰੀ ਅਤੇ ਹਰਿਦੁਆਰ ਜ਼ਿਲ੍ਹਿਆਂ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਰਹੇ।

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement