5 ਜ਼ਿਲ੍ਹਿਆਂ ਵਿੱਚ ਅੱਜ ਸਕੂਲ ਬੰਦ
ਉਤਰਾਖੰਡ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਸੂਬੇ ਦੇ ਕਈ ਇਲਾਕਿਆਂ ਵਿੱਚ ਹਾਲਾਤ ਵਿਗੜ ਰਹੇ ਹਨ ਅਤੇ ਹੁਣ ਤੱਕ 12 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਅੱਜ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਿਜਲੀ ਗਰਜ-ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ।
ਇਸ ਦੌਰਾਨ, ਨੈਨੀਤਾਲ, ਬਾਗੇਸ਼ਵਰ ਅਤੇ ਦੇਹਰਾਦੂਨ ਲਈ 'ਔਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਦੇ ਬਾਕੀ ਜ਼ਿਲ੍ਹਿਆਂ ਲਈ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ, ਜਿੱਥੇ ਕੁਝ ਥਾਵਾਂ 'ਤੇ ਬਿਜਲੀ ਗਰਜ-ਚਮਕ ਨਾਲ ਭਾਰੀ ਮੀਂਹ ਪੈਣ ਦੀ ਉਮੀਦ ਹੈ।
ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ, ਚੰਪਾਵਤ, ਪਿਥੌਰਾਗੜ੍ਹ, ਨੈਨੀਤਾਲ, ਅਲਮੋੜਾ ਅਤੇ ਬਾਗੇਸ਼ਵਰ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੇ ਅੱਜ ਸਕੂਲ ਅਤੇ ਆਂਗਣਵਾੜੀ ਕੇਂਦਰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਫਿਲਹਾਲ, ਰਾਜ ਵਿੱਚ 172 ਸੜਕਾਂ ਬੰਦ ਪਈਆਂ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਪੌੜੀ ਦੇ ਕੋਟਦਵਾਰ ਇਲਾਕੇ ਵਿੱਚ, ਇੱਕ ਔਰਤ ਅਤੇ ਉਸ ਦੀ ਇੱਕ ਸਾਲ ਦੀ ਧੀ ਕੋਲਹੂ ਨਦੀ ਵਿੱਚ ਆਪਣੇ ਮੋਟਰਸਾਈਕਲ ਸਮੇਤ ਰੁੜ੍ਹ ਗਈਆਂ; ਦੋਵਾਂ ਦੀ ਮੌਤ ਹੋ ਗਈ, ਜਦਕਿ ਪਤੀ ਸੱਦਾਮ ਬਚ ਗਿਆ। ਇੱਕ ਵੱਖਰੀ ਘਟਨਾ ਵਿੱਚ, ਪੌੜੀ ਦੇ ਪੈਠਾਨੀ ਇਲਾਕੇ ਵਿੱਚ ਇੱਕ ਔਰਤ ਪੱਛਮੀ ਨਯਾਰ ਨਦੀ ਵਿੱਚ ਰੁੜ੍ਹ ਗਈ।
ਦੇਹਰਾਦੂਨ ਦੇ ਪ੍ਰੇਮਨਗਰ ਵਿੱਚ ਇੱਕ ਮੌਸਮੀ ਨਾਲੇ ਨੂੰ ਪਾਰ ਕਰਦੇ ਸਮੇਂ ਕਾਰਾਂ ਦੇ ਪਾਣੀ ਵਿੱਚ ਰੁੜ੍ਹ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਨੈਨੀਤਾਲ ਦੇ ਭੀਮਤਾਲ ਵਿੱਚ ਇੱਕ ਚਾਰ ਸਾਲਾ ਬੱਚੀ ਨਾਲੇ ਵਿੱਚ ਰੁੜ੍ਹਨ ਕਾਰਨ ਮਾਰੀ ਗਈ, ਜਦਕਿ ਅਲਮੋੜਾ ਵਿੱਚ ਘਰ ਅੰਦਰ ਮਲਬਾ ਵੜਨ ਕਾਰਨ ਇੱਕ ਮਾਂ ਅਤੇ ਉਸਦੇ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ।
ਭਾਰੀ ਮੀਂਹ ਕਾਰਨ ਕਈ ਸੜਕਾਂ ਬੰਦ ਹਨ ਅਤੇ ਹਲਦਵਾਨੀ-ਨੈਨੀਤਾਲ ਹਾਈਵੇਅ 'ਤੇ ਪੱਥਰ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਪ੍ਰਸ਼ਾਸਨ ਅਤੇ ਐਸ.ਡੀ.ਆਰ.ਐਫ. (SDRF) ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਉਤਰਾਖੰਡ ਵਿੱਚ ਮੀਂਹ ਕਾਰਨ ਕੁੱਲ 172 ਸੜਕਾਂ ਬੰਦ ਹਨ, ਜਿਨ੍ਹਾਂ ਵਿੱਚ ਦੋ ਰਾਸ਼ਟਰੀ ਰਾਜਮਾਰਗ (NH) ਵੀ ਸ਼ਾਮਲ ਹਨ।
ਬੰਦ ਹੋਈਆਂ ਸੜਕਾਂ ਵਿੱਚ ਅਲਮੋੜਾ ਵਿੱਚ 23, ਬਾਗੇਸ਼ਵਰ ਵਿੱਚ 11, ਚਮੋਲੀ ਵਿੱਚ 17 ਅਤੇ ਚੰਪਾਵਤ ਵਿੱਚ ਦੋ ਰਸਤੇ ਸ਼ਾਮਲ ਹਨ। ਇਸ ਤੋਂ ਇਲਾਵਾ, ਦੇਹਰਾਦੂਨ ਵਿੱਚ 15, ਨੈਨੀਤਾਲ ਵਿੱਚ 40, ਪੌੜੀ ਵਿੱਚ 12, ਪਿਥੌਰਾਗੜ੍ਹ ਵਿੱਚ 12, ਰੁਦਰਪ੍ਰਯਾਗ ਵਿੱਚ 11, ਟਿਹਰੀ ਵਿੱਚ 15 ਅਤੇ ਉੱਤਰਕਾਸ਼ੀ ਵਿੱਚ 14 ਰਸਤੇ ਬੰਦ ਹਨ। ਇਨ੍ਹਾਂ ਸੜਕਾਂ ਦੇ ਬੰਦ ਹੋਣ ਕਾਰਨ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
