ਜਦਕਿ 13 ਹੋਰ ਹੋਏ ਜ਼ਖ਼ਮੀ
Ghaziabad Accident News in punjabi: ਗਾਜ਼ੀਆਬਾਦ ਵਿਚ ਇਕ ਬੋਲੇਰੋ ਪਿਕਅੱਪ ਅਤੇ ਟਰੱਕ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਟਰੱਕ ਪਿਕਅੱਪ ਨੂੰ ਕਰੀਬ 500 ਮੀਟਰ ਤੱਕ ਘਸੀਟਦਾ ਲੈ ਗਿਆ। ਪਿਕਅੱਪ ਵਿੱਚ ਸਵਾਰ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 13 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਨੂੰ ਗੰਭੀਰ ਹਾਲਤ ਕਾਰਨ ਦਿੱਲੀ ਦੇ ਜੀ.ਟੀ.ਬੀ. (GTB) ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਦਕਿ ਬਾਕੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ (CHC) ਵਿਖੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ।
ਇਹ ਹਾਦਸਾ ਬੀਤੀ ਦੇਰ ਰਾਤ ਕਰੀਬ 12:40 ਵਜੇ ਨਿਵਾਰੀ ਥਾਣੇ ਦੇ ਅਧਿਕਾਰ ਖੇਤਰ ਵਿੱਚ ਵਾਪਰਿਆ। ਮ੍ਰਿਤਕਾਂ ਦੀ ਪਛਾਣ ਰਮੇਸ਼ (22) ਪੁੱਤਰ ਛੋਟੇਲਾਲ, ਰਤਨ (23) ਪੁੱਤਰ ਭਜਨਲਾਲ ਅਤੇ ਸਰਜੀਤ (35) ਪੁੱਤਰ ਖੁਸ਼ੀਰਾਮ ਵਜੋਂ ਹੋਈ ਹੈ। ਇਹ ਤਿੰਨੋਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਿਜਾਰਾ ਥਾਣਾ ਖੇਤਰ ਵਿੱਚ ਸਥਿਤ ਕਾਲਗਾਓਂ ਦੇ ਵਸਨੀਕ ਸਨ।
ਪੁਲਿਸ ਅਨੁਸਾਰ, ਮਹੀਪਾਲ ਨਾਂ ਦੇ ਇੱਕ ਵਿਅਕਤੀ ਨੇ ਹਾਲ ਹੀ ਵਿੱਚ ਇੱਕ ਨਵਾਂ ਬੋਲੇਰੋ ਪਿਕਅੱਪ ਖਰੀਦਿਆ ਸੀ। ਉਹ ਗੱਡੀ ਦੀ ਪੂਜਾ ਕਰਵਾਉਣ ਅਤੇ ਗੰਗਾ ਵਿੱਚ ਪਵਿੱਤਰ ਇਸ਼ਨਾਨ ਕਰਨ ਲਈ ਹਰਿਦੁਆਰ ਜਾ ਰਿਹਾ ਸੀ। ਜਦੋਂ ਗੱਡੀ 'ਚੌਧਰੀ ਚਰਨ ਸਿੰਘ ਕੰਵਰ ਪਟਰੀ ਮਾਰਗ' 'ਤੇ ਪਹੁੰਚੀ, ਤਾਂ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
