ਮੁੱਖ ਮੰਤਰੀ ਦੇ ਪ੍ਰੋਗਰਾਮ ’ਚ ਖ਼ੁਦ ਟ੍ਰੈਫ਼ਿਕ ਸੰਭਾਲਦੇ ਦਿਸੇ ਡੀਸੀ
ਦੇਵਰੀਆ/ਸ਼ਾਹ : ਅਸੀਂ ਅਕਸਰ ਹੀ ਦੇਖਦੇ ਆਂ ਕਿ ਵੱਡੇ ਪੱਧਰ ਦੇ ਅਫ਼ਸਰ ਲਾਲ ਬੱਤੀ ਵਾਲੀਆਂ ਕਾਰਾਂ ਵਿਚ ਆਉਂਦੇ ਨੇ ਅਤੇ ਪ੍ਰੋਗਰਾਮ ’ਤੇ ਸਜ ਕੇ ਬੈਠ ਜਾਂਦੇ ਨੇ, ਪਰ ਕੁੱਝ ਅਫ਼ਸਰ ਅਜਿਹੇ ਹੁੰਦੇ ਨੇ, ਜੋ ਦੂਜਿਆਂ ਤੋਂ ਕੰਮ ਕਰਵਾਉਣ ਦੀ ਥਾਂ ਖ਼ੁਦ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਅੱਜ ਅਸੀਂ ਜਿਹੜੀ ਵਾਇਰਲ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਆਂ, ਇਹ ਵੀ ਇਕ ਡੀਸੀ ਦੀ ਐ, ਜਿਨ੍ਹਾਂ ਨੇ ਮੁੱਖ ਮੰਤਰੀ ਦੇ ਇਕ ਪ੍ਰੋਗਰਾਮ ਦੌਰਾਨ ਅਜਿਹਾ ਕੁੱਝ ਕੀਤਾ ਕਿ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਅਤੇ ਲੋਕਾਂ ਵੱਲੋਂ ਉਨ੍ਹਾਂ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਨੇ।
ਉਤਰ ਪ੍ਰਦੇਸ਼ ਦੇ ਦੇਵਰੀਆ ਵਿਖੇ ਡਿਪਟੀ ਕਮਿਸ਼ਨਰ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹੈ। ਇਹ ਵੀਡੀਓ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਇਕ ਪ੍ਰੋਗਰਾਮ ਦੌਰਾਨ ਦਾ ਦੱਸਿਆ ਜਾ ਰਿਹੈ, ਜਿਸ ਵਿਚ ਡਿਪਟੀ ਕਮਿਸ਼ਨਰ ਮਧੁਸੂਦਨ ਹੁਲਗੀ ਖ਼ੁਦ ਟ੍ਰੈਫ਼ਿਕ ਕੰਟਰੋਲ ਕਰਦੇ ਹੋਏ ਦਿਖਾਈ ਦਿੱਤੇ। ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦੈ ਕਿ ਪ੍ਰੋਗਰਾਮ ਸਥਾਨ ’ਤੇ ਲੋਕਾਂ ਨੂੰ ਲੈ ਕੇ ਆਉਣ ਵਾਲੀਆਂ ਬੱਸਾਂ ਦੀ ਆਵਾਜਾਈ ਅਤੇ ਪ੍ਰਬੰਧਾਂ ਨੂੰ ਸੁਚਾਰੂ ਬਣਾਏ ਰੱਖਣ ਲਈ ਡੀਸੀ ਖ਼ੁਦ ਸੜਕ ’ਤੇ ਮੌਜੂਦ ਸਨ ਅਤੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸੀ।
ਵੀਡੀਓ ਵਿਚ ਇਕ ਹੋਰ ਦ੍ਰਿਸ਼ ਵੀ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚ ਰਿਹਾ ਏ,, ਜਿਸ ਵਿਚ ਡੀਸੀ ਸੜਕ ’ਤੇ ਡਿੱਗਿਆ ਹੋਇਆ ਕੂੜਾ ਵੀ ਖ਼ੁਦ ਉਠਾ ਕੇ ਸਾਈਡ ’ਤੇ ਸੁੱਟਦੇ ਦਿਖਾਈ ਦੇ ਰਹੇ ਨੇ। ਇਸ ਤੋਂ ਬਾਅਦ ਜਿਵੇਂ ਹੀ ਪ੍ਰੋਗਰਾਮ ਸਥਾਨ ਦੇ ਪੰਡਾਲ ਤੋਂ ਹਲਕਾ ਵਿਧਾਇਕ ਨੇ ਮਾਈਕ ਜ਼ਰੀਏ ਐਲਾਨ ਕੀਤਾ ਕਿ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਪਹੁੰਚ ਚੁੱਕੇ ਨੇ ਤਾਂ ਇਹ ਸੁਣਦੇ ਹੀ ਡਿਪਟੀ ਕਮਿਸ਼ਨਰ ਤੇਜ਼ ਰਫ਼ਤਾਰ ਵਿਚ ਪੰਡਾਲ ਵੱਲ ਭੱਜਦੇ ਹੋਏ ਦਿਖਾਏ ਦਿੱਤੇ। ਉਨ੍ਹਾਂ ਦੇ ਪਿੱਛੇ ਇਕ ਸੁਰੱਖਿਆ ਕਰਮੀ ਵੀ ਭੱਜਦਾ ਹੋਇਆ ਦਿਖਾਈ ਦਿੱਤਾ।
ਇਹ ਸਾਰਾ ਘਟਨਾਕ੍ਰਮ ਉਥੇ ਮੌਜੂਦ ਕਿਸੇ ਵਿਅਕਤੀ ਨੇ ਅਪਣੇ ਮੋਬਾਇਲ ਵਿਚ ਰਿਕਾਰਡ ਕਰ ਲਿਆ ਜੋ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹੈ ਅਤੇ ਲੋਕਾਂ ਵੱਲੋਂ ਕੰਮ ਵਿਚ ਤੇਜ਼ ਤਰਾਰ ਰਹਿਣ ਵਾਲੇ ਡੀਸੀ ਦੀਆਂ ਜਮ ਕੇ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਨੇ।
