ਕਰਨਾਟਕ ਚੋਣਾਂ ਦੌਰਾਨ ਤਤਕਾਲੀ ਭਾਜਪਾ ਪ੍ਰਧਾਨ ਵਿਰੁੱਧ ਦਿੱਤੇ ਬਿਆਨ ਨਾਲ ਜੁੜਿਆ ਹੈ ਵਿਵਾਦ
ਸੁਲਤਾਨਪੁਰ (ਯੂ.ਪੀ.): ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਰਾਏਬਰੇਲੀ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵਿਰੁੱਧ ਮਾਨਹਾਨੀ ਦੇ ਇੱਕ ਮਾਮਲੇ ਵਿੱਚ ਸੁਲਤਾਨਪੁਰ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਮੰਗਲਵਾਰ ਨੂੰ ਪੂਰੀ ਨਹੀਂ ਹੋ ਸਕੀ। ਇਸ ਵਜ੍ਹਾ ਨਾਲ ਅਦਾਲਤ ਨੇ ਸੱਤ ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਹੈ।
ਸ਼ਿਕਾਇਤਕਰਤਾ ਦੇ ਵਕੀਲ ਸੰਤੋਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਰਾਹੁਲ ਗਾਂਧੀ ਵਿਰੁੱਧ ਸੁਲਤਾਨਪੁਰ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੇ ਮਾਨਹਾਨੀ ਦੇ ਮਾਮਲੇ ਵਿੱਚ ਉਨ੍ਹਾਂ ਨੇ ਸ਼ਿਕਾਇਤਕਰਤਾ ਭਾਜਪਾ ਨੇਤਾ ਵਿਜੇ ਮਿਸ਼ਰਾ ਵੱਲੋਂ ਬਹਿਸ ਕੀਤੀ, ਪਰ ਬਹਿਸ ਪੂਰੀ ਨਾ ਹੋਣ ਕਰਕੇ ਅੱਗੇ ਦੀ ਬਹਿਸ ਲਈ ਅਦਾਲਤ ਨੇ ਸੱਤ ਅਕਤੂਬਰ ਦੀ ਤਾਰੀਖ਼ ਨਿਰਧਾਰਿਤ ਕੀਤੀ ਹੈ।
ਵਕੀਲ ਪਾਂਡੇ ਨੇ ਲੰਘੀ 21 ਸਤੰਬਰ ਨੂੰ ਬਹਿਸ ਸ਼ੁਰੂ ਕੀਤੀ ਸੀ, ਪਰ ਬਹਿਸ ਪੂਰੀ ਨਹੀਂ ਹੋ ਸਕੀ ਸੀ, ਜਿਸ 'ਤੇ ਵਿਸ਼ੇਸ਼ ਜੱਜ ਸ਼ੁਭਮ ਵਰਮਾ ਨੇ ਅੱਗੇ ਦੀ ਸੁਣਵਾਈ ਲਈ 29 ਸਤੰਬਰ ਦੀ ਤਾਰੀਖ਼ ਤੈਅ ਕੀਤੀ ਸੀ। ਪਰ 29 ਸਤੰਬਰ ਨੂੰ ਇੱਕ ਸੀਨੀਅਰ ਵਕੀਲ ਦੇ ਦਿਹਾਂਤ ਕਾਰਨ ਸੁਣਵਾਈ ਨਹੀਂ ਹੋ ਸਕੀ, ਜਿਸ ਤੋਂ ਬਾਅਦ ਸੁਣਵਾਈ ਲਈ ਇੱਕ ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਗਈ ਸੀ। ਹਾਲਾਂਕਿ ਸ਼ਿਕਾਇਤਕਰਤਾ ਦੇ ਵਕੀਲ ਦੇ ਨਾਸਾਜ਼ (ਬੀਮਾਰ) ਹੋਣ ਕਾਰਨ ਇੱਕ ਅਕਤੂਬਰ ਦੀ ਸੁਣਵਾਈ ਵੀ ਟਲ ਗਈ ਸੀ। ਅਦਾਲਤ ਨੇ ਅਗਲੀ ਸੁਣਵਾਈ ਲਈ ਛੇ ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਸੀ।
ਰਾਹੁਲ ਗਾਂਧੀ 'ਤੇ ਸਾਲ 2018 ਵਿੱਚ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤਤਕਾਲੀ ਰਾਸ਼ਟਰੀ ਪ੍ਰਧਾਨ ਅਤੇ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਬੈਂਗਲੁਰੂ ਵਿੱਚ ਚੋਣਾਂ ਦੌਰਾਨ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ।
ਰਾਹੁਲ ਗਾਂਧੀ ਵਿਰੁੱਧ ਚਾਰ ਅਗਸਤ 2018 ਨੂੰ ਭਾਜਪਾ ਨੇਤਾ ਅਤੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਪ੍ਰਧਾਨ ਵਿਜੇ ਮਿਸ਼ਰਾ ਨੇ ਅਦਾਲਤ ਵਿੱਚ ਮਾਨਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ 27 ਨਵੰਬਰ 2023 ਨੂੰ ਅਦਾਲਤ ਨੇ ਰਾਹੁਲ ਗਾਂਧੀ ਨੂੰ ਸੁਣਵਾਈ ਲਈ ਤਲਬ ਕੀਤਾ ਸੀ।
ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੇ ਅਦਾਲਤ ਵਿੱਚ ਪੇਸ਼ ਹੋ ਕੇ ਜ਼ਮਾਨਤ ਕਰਵਾਈ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਵਿਜੇ ਮਿਸ਼ਰਾ ਨੇ ਰਾਹੁਲ ਗਾਂਧੀ ਦੀ ਆਵਾਜ਼ ਦੇ ਨਮੂਨੇ ਦਾ ਮਿਲਾਨ ਕਰਵਾਉਣ ਲਈ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ਨੂੰ ਸੁਣਵਾਈ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਸ ਦੇ ਖ਼ਿਲਾਫ਼ ਦਾਇਰ ਮੁੜ-ਵਿਚਾਰ ਪਟੀਸ਼ਨ (ਰਿਵੀਜ਼ਨ ਪਟੀਸ਼ਨ) ਵੀ ਸੈਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਸੀ।
