‘ਟਰਾਫੀ ਜਿੱਤਣ ਲਈ ਸਭ ਕੁੱਝ ਦਾਅ 'ਤੇ ਲਗਾ ਦਿਆਂਗਾ'
ਨਵੀਂ ਦਿੱਲੀ : ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਹੈ ਕਿ 2027 ਦਾ ਵਰਲਡ ਕੱਪ ਭਾਰਤ ਲਈ ਉਨ੍ਹਾਂ ਦਾ ਆਖਰੀ ਵਰਲਡ ਕੱਪ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਟਰਾਫੀ ਜਿੱਤਣ ਲਈ ਆਪਣਾ ਸਭ ਕੁਝ ਦਾਅ 'ਤੇ ਲਗਾਉਣ ਲਈ ਤਿਆਰ ਹਨ। ਕੋਹਲੀ ਨੇ ਕਿਹਾ ਕਿ ਮੈਂ ਮੈਦਾਨ 'ਤੇ ਆਪਣਾ 100% ਦੇਣਾ ਚਾਹੁੰਦਾ ਹਾਂ ਅਤੇ ਮੇਰਾ ਨਿਸ਼ਾਨਾ ਵਿਸ਼ਵ ਕੱਪ ਜਿੱਤਣਾ ਹੈ। 37 ਸਾਲਾ ਕੋਹਲੀ ਹੁਣ ਸਿਰਫ਼ ਵਨਡੇ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਨੇ 2024 ਵਿੱਚ ਟੀ-20 ਇੰਟਰਨੈਸ਼ਨਲ ਅਤੇ 2025 ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਹੁਣ ਤੱਕ 4 ਇਕ ਰੋਜ਼ਾ ਵਿਸ਼ਵ ਕੱਪ 2011, 2015, 2019 ਅਤੇ 2023 ਖੇਡ ਚੁੱਕੇ ਹਨ। ਉਨ੍ਹਾਂ ਦੇ ਨਾਂ ਇਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ 54 ਸੈਂਕੜੇ ਵੀ ਹਨ। 2027 ਦਾ ਇਕ ਰੋਜ਼ਾ ਵਿਸ਼ਵ ਕੱਪ ਸਾਊਥ ਅਫ਼ਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਵੇਗਾ।
ਕੋਹਲੀ ਨੇ 50 ਓਵਰਾਂ ਦੇ ਵਰਲਡ ਕੱਪ ਦੀ ਸਰੀਰਕ ਅਤੇ ਮਾਨਸਿਕ ਚੁਣੌਤੀ ਵੀ ਦੱਸੀ। ਉਨ੍ਹਾਂ ਮੁਤਾਬਕ ਇੱਕ ਵਨਡੇ ਵਿੱਚ ਖਿਡਾਰੀ ਨੂੰ ਲਗਭਗ ਢਾਈ ਟੀ-20 ਮੈਚਾਂ ਜਿੰਨੀ ਕ੍ਰਿਕਟ ਖੇਡਣੀ ਪੈਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 2027 ਵਰਲਡ ਕੱਪ ਵਿਦੇਸ਼ੀ ਹਾਲਾਤਾਂ ਵਿੱਚ ਹੋਵੇਗਾ। ਵੱਖ-ਵੱਖ ਮੈਦਾਨਾਂ ਅਤੇ ਵਿਰੋਧੀ ਟੀਮਾਂ ਖ਼ਿਲਾਫ਼ ਲਗਾਤਾਰ ਮੈਚ ਖੇਡਣ ਨਾਲ ਚੁਣੌਤੀ ਹੋਰ ਵਧੇਗੀ। ਅਜਿਹੇ ਵਿੱਚ ਉਨ੍ਹਾਂ ਦੀ ਨਜ਼ਰ ਪੂਰੇ ਟੂਰਨਾਮੈਂਟ ਵਿੱਚ ਆਪਣੇ ਪੱਧਰ ਨੂੰ ਬਣਾਏ ਰੱਖਣ ਅਤੇ ਟੀਮ ਨੂੰ ਖ਼ਿਤਾਬ ਤੱਕ ਪਹੁੰਚਾਉਣ 'ਤੇ ਹੋਵੇਗੀ।
ਕੋਹਲੀ ਦਾ ਇਹ ਪੰਜਵਾਂ ਇਕ ਰੋਜ਼ਾ ਵਿਸ਼ਵ ਕੱਪ ਹੋਵੇਗਾ। 2011 ਵਿੱਚ ਭਾਰਤੀ ਟੀਮ ਨੇ ਧੋਨੀ ਦੀ ਕਪਤਾਨੀ ਵਿੱਚ 28 ਸਾਲ ਬਾਅਦ ਖ਼ਿਤਾਬ ਜਿੱਤਿਆ ਸੀ ਅਤੇ ਕੋਹਲੀ ਉਸ ਟੀਮ ਦਾ ਹਿੱਸਾ ਸਨ। 2023 ਵਿੱਚ ਭਾਰਤ ਫਾਈਨਲ ਤੱਕ ਪਹੁੰਚਿਆ, ਪਰ ਅਹਿਮਦਾਬਾਦ ਵਿੱਚ ਆਸਟ੍ਰੇਲੀਆ ਖ਼ਿਲਾਫ਼ ਹਾਰ ਗਿਆ। ਵਿਸ਼ਵ ਕੱਪ ਵਿੱਚ ਕੋਹਲੀ ਦਾ ਰਿਕਾਰਡ ਵੀ ਉਨ੍ਹਾਂ ਦੇ ਲੰਬੇ ਸਫ਼ਰ ਨੂੰ ਦਿਖਾਉਂਦਾ ਹੈ। ਉਨ੍ਹਾਂ ਨੇ 37 ਮੈਚਾਂ ਵਿੱਚ 1,795 ਦੌੜਾਂ ਬਣਾਈਆਂ ਹਨ। ਔਸਤ 59.83 ਦੀ ਹੈ। ਉਨ੍ਹਾਂ ਦੇ ਨਾਂ 5 ਸੈਂਕੜੇ ਅਤੇ 12 ਅਰਧ-ਸੈਂਕੜੇ ਹਨ।
