ਸ਼ੇਖ ਹਸੀਨਾ ਦੇ ਈਵੈਂਟ ’ਚ ਸ਼ਾਮਲ ਹੋਣ ਤੋਂ ਨਾਰਾਜ਼ ਸਨ ਕੱਟੜਪੰਥੀ
ਢਾਕਾ : ਬੰਗਲਾਦੇਸ਼ ਦੇ ਸਾਬਕਾ ਕ੍ਰਿਕਟਰ ਅਤੇ ਅਵਾਮੀ ਲੀਗ ਦੇ ਸਾਬਕਾ ਸੰਸਦ ਮੈਂਬਰ ਸ਼ਾਕਿਬ ਅਲ ਹਸਨ ਦੇ ਮਗੁਰਾ ਸ਼ਹਿਰ ਵਿੱਚ ਬਣੇ ਘਰ 'ਤੇ ਹਮਲਾ ਹੋਇਆ ਹੈ । ਇਹ ਘਟਨਾ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਵਰਚੁਅਲ ਪ੍ਰੈੱਸ ਕਾਨਫਰੰਸ ’ਚ ਸ਼ਾਕਿਬ ਦੇ ਸ਼ਾਮਲ ਹੋਣ ਦੇ ਕੁੱਝ ਘੰਟਿਆਂ ਬਾਅਦ ਵਾਪਰੀ। ਸ਼ਾਕਿਬ ਦੇ ਘਰ 'ਤੇ ਹਮਲਾ ਰਾਤ 8.45 ਤੋਂ 9 ਵਜੇ ਦੇ ਵਿਚਕਾਰ ਹੋਇਆ। ਮਗੁਰਾ ਸਦਰ ਪੁਲਿਸ ਦੇ ਅਧਿਕਾਰੀ ਮੁਹੰਮਦ ਅਬਦੁੱਲਾ ਅਲ ਮਾਮੂਨ ਨੇ ਦੱਸਿਆ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਪੱਥਰ ਸੁੱਟੇ ਅਤੇ ਖਿੜਕੀਆਂ ਤੋੜ ਦਿੱਤੀਆਂ।
ਹਮਲਾਵਰਾਂ ਨੇ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਲਈ ਹਮਲਾਵਰ ਬੋਤਲਾਂ ਵਿੱਚ ਪੈਟਰੋਲ ਭਰ ਕੇ ਲਿਆਏ ਸਨ। ਹਮਲੇ ਦੇ ਸਮੇਂ ਘਰ ਖਾਲੀ ਸੀ, ਇਸ ਲਈ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਸ਼ਾਕਿਬ ਇਸ ਵੇਲੇ ਸ਼੍ਰੀਲੰਕਾ ਵਿੱਚ ਹਨ । ਘਟਨਾ ਤੋਂ ਬਾਅਦ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
