ਸੰਜੂ ਸੈਮਸਨ ਟੀਮ ’ਚੋਂ ਬਾਹਰ, ਯਸ਼ ਠਾਕੁਰ, ਅਸ਼ੋਕ ਸ਼ਰਮਾ ਅਤੇ ਪ੍ਰਭਸਿਮਰਨ ਨੂੰ ਮਿਲੀ ਟੀਮ ’ਚ ਜਗ੍ਹਾ
ਨਵੀਂ ਦਿੱਲੀ : ਵਿਸ਼ਵ ਕੱਪ ਜੇਤੂ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਜ਼ਿੰਬਾਬਵੇ ਵਿੱਚ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਲੜੀ ਲਈ ਭਾਰਤੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ, ਜਦਕਿ ਚੋਣਕਾਰਾਂ ਨੇ ਪਹਿਲੀ ਵਾਰ ਤੇਜ਼ ਗੇਂਦਬਾਜ਼ ਯਸ਼ ਠਾਕੁਰ ਅਤੇ ਅਸ਼ੋਕ ਸ਼ਰਮਾ ਨੂੰ ਚੁਣਿਆ ਹੈ। ਭਾਰਤੀ ਟੀਮ 23, 25 ਅਤੇ 27 ਜੁਲਾਈ ਨੂੰ ਹਰਾਰੇ ਵਿੱਚ ਜ਼ਿੰਬਾਬਵੇ ਖ਼ਿਲਾਫ਼ ਤਿੰਨ ਟੀ-20 ਮੈਚ ਖੇਡੇਗੀ।
ਇੰਗਲੈਂਡ ਵਿੱਚ ਚੱਲ ਰਹੀ ਪੰਜ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ਵਿੱਚ ਸੈਮਸਨ ਦੀ ਥਾਂ ਵੈਭਵ ਸੂਰਿਆਵੰਸ਼ੀ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ । ਸੈਮਸਨ ਆਇਰਲੈਂਡ ਖ਼ਿਲਾਫ਼ ਦੋਵਾਂ ਟੀ-20 ਅਤੇ ਇੰਗਲੈਂਡ ਖ਼ਿਲਾਫ਼ ਪਹਿਲੇ ਮੈਚ ਵਿੱਚ ਨਾਕਾਮ ਰਹੇ ਸਨ। ਉਨ੍ਹਾਂ ਦੀ ਥਾਂ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਪੰਜਾਬ ਦੇ ਵਿਕਟਕੀਪਰ ਬੱਲੇਬਾਜ਼ ਪ੍ਰਭਸਿਮਰਨ ਨੂੰ ਵੀ ਪਹਿਲੀ ਵਾਰ ਟੀਮ ਵਿੱਚ ਚੁਣਿਆ ਹੈ। ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ 2024 ਤੋਂ ਬਾਅਦ ਟੀਮ ਵਿੱਚ ਵਾਪਸੀ ਹੋਈ ਹੈ। ਜ਼ਿੰਬਾਬਵੇ ਖ਼ਿਲਾਫ਼ ਟੀ-20 ਲੜੀ ਲਈ ਐਲਾਨੀ ਗਈ ਭਾਰਤੀ ਟੀਮ ’ਚ ਸ਼੍ਰੇਅਸ ਅਈਅਰ (ਕਪਤਾਨ), ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਈਸ਼ਾਨ ਕਿਸ਼ਨ, ਸ਼ਿਵਮ ਦੂਬੇ, ਸੂਰਿਆਸ਼ ਸ਼ੈਡਗੇ, ਰਿੰਕੂ ਸਿੰਘ, ਹਰਸ਼ ਦੂਬੇ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ, ਯਸ਼ ਠਾਕੁਰ, ਅਸ਼ੋਕ ਸ਼ਰਮਾ, ਮਯੰਕ ਯਾਦਵ, ਪ੍ਰਭਸਿਮਰਨ ਸਿੰਘ ਦਾ ਨਾਮ ਸ਼ਾਮਲ ਹੈ।
