ਫਾਈਨਲ ਮੁਕਾਬਲੇ ’ਚ ਉੱਤਰੀ ਕੋਰੀਆ ਦੇ ਪਹਿਲਵਾਨ ਨੂੰ ਹਰਾਇਆ
ਨਾਗੋਯਾ : ਅਮਨ ਸਹਿਰਾਵਤ ਨੇ ਏਸ਼ੀਆਈ ਖੇਡਾਂ ਵਿੱਚ ਸ਼ਨੀਵਾਰ ਨੂੰ ਇੱਥੇ ਪੁਰਸ਼ਾਂ ਦੇ 57 ਕਿਲੋਗ੍ਰਾਮ ਵਰਗ ਦੇ ਫਸਵੇਂ ਮੁਕਾਬਲੇ ਵਾਲੇ ਫਾਈਨਲ ਵਿੱਚ ਉੱਤਰੀ ਕੋਰੀਆ ਦੇ ਵਿਸ਼ਵ ਚੈਂਪੀਅਨ ਚੋਂਗ ਸੋਂਗ ਹਾਨ ਨੂੰ 11-7 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਤੇਈ ਸਾਲਾ ਭਾਰਤੀ ਪਹਿਲਵਾਨ ਨੇ ਹਾਂਗਜ਼ੂ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਇਸ ਵਾਰ ਸ਼ਾਨਦਾਰ ਰਣਨੀਤੀ ਦਾ ਪ੍ਰਦਰਸ਼ਨ ਕਰਦੇ ਹੋਏ ਹਾਨ ਨੂੰ ਮਾਤ ਦਿੱਤੀ ਅਤੇ ਆਪਣੇ ਤਗਮੇ ਦਾ ਰੰਗ ਬਦਲਦੇ ਹੋਏ ਪੋਡੀਅਮ ਦੇ ਸਿਖਰਲੇ ਸਥਾਨ 'ਤੇ ਪਹੁੰਚਣ ਵਿੱਚ ਸਫਲ ਰਹੇ।
ਅਮਨ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਤਾਜਿਕਿਸਤਾਨ ਦੇ ਐਯਾਲ ਬੇਲੋਲਿਯੂਬਸਕੀ ਨੂੰ 14-8 ਨਾਲ ਹਰਾ ਕੇ ਪਹਿਲੀ ਵਾਰ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਦੀ ਉਮੀਦ ਜਗਾਈ ਸੀ। ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਓਲੰਪਿਕ ਤਗਮਾ ਜੇਤੂ ਬਣੇ ਸਹਿਰਾਵਤ ਫਾਈਨਲ ਵਿੱਚ ਲਗਾਤਾਰ ਕੰਟਰੋਲ ਵਿੱਚ ਰਹੇ। ਹਾਨ ਨੇ ਭਾਰਤੀ ਪਹਿਲਵਾਨ ਨੂੰ ਹਰਾਉਣ ਲਈ ਹਰ ਸੰਭਵ ਦਾਅ ਲਗਾਇਆ ਅਤੇ ਇੱਕ ਸਮੇਂ 7-6 ਦੀ ਬੜ੍ਹਤ ਵੀ ਹਾਸਲ ਕਰ ਲਈ ਸੀ, ਪਰ ਅਮਨ ਨੇ ਫਿਰ ਵਧੀਆ ਵਾਪਸੀ ਕੀਤੀ। ਅਮਨ ਦੇ ਸੋਨ ਤਗਮੇ ਨਾਲ ਕੁਸ਼ਤੀ ਵਿੱਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਹੋਰ ਮਜ਼ਬੂਤੀ ਮਿਲੀ ਹੈ। ਸੁਜੀਤ ਕਲਕਲ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ।
