30 ਸਾਲਾ ਮਨਮੀਤ ਸਿੰਘ ਨੇ ਨਸ਼ੇ ’ਚ ਗੱਡੀ ਚਲਾਉਂਦੇ ਸਮੇਂ ਕੁੜੀ ਦੀ ਲਈ ਸੀ ਜਾਨ
ਬੈਪਟਿਸਟ ਪੈਰਿਸ਼ (ਲੁਸੀਆਨਾ) : ਪੰਜਾਬੀ ਨੌਜਵਾਨ ਮਨਮੀਤ ਸਿੰਘ ਨੂੰ ਅਮਰੀਕਾ ਦੀ ਪੁਲਿਸ ਭਾਲ ਰਹੀ ਹੈ। ਪੁਲਿਸ ਨੂੰ ਮਨਮੀਤ ਸਿੰਘ ਦੇ ਭਾਰਤ ਜਾਂ ਕਿਸੇ ਹੋਰ ਦੇਸ਼ ਭੱਜਣ ਦਾ ਖ਼ਦਸ਼ਾ ਹੈ। ਲੂਸੀਆਨਾ ਸਟੇਟ ਪੁਲਿਸ ਅਨੁਸਾਰ, 30 ਸਾਲ ਮਨਮੀਤ ਸਿੰਘ 23 ਸਤੰਬਰ, 2025 ਨੂੰ ਸੇਂਟ ਜੌਨ ਦ ਬੈਪਟਿਸਟ ਪੈਰਿਸ਼ ਵਿਚ ਨਸ਼ੇ ਵਿਚ ਗੱਡੀ ਚਲਾ ਰਿਹਾ ਸੀ।
ਉਸ ਨੇ ਨਸ਼ੇ ਵਿਚ ਗੱਡੀ ਚਲਾਉਂਦੇ ਸਮੇੇਂ ਇਕ ਹੋਰ ਕਾਰ ਨੂੰ ਟੱਕਰ ਮਾਰ ਦਿਤੀ , ਜਿਸ ਨਾਲ ਬੈਟਨ ਰੂਜ ਦੀ 21 ਸਾਲਾ ਦੀ ਲੜਕੀ ਪੈਟਰੀਸ਼ੀਆ ਸੈਦੂ ਦੀ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਅਨੁਸਾਰ, ਸੈਦੂ ਲਿਬਰਟੀ ਹਾਈ ਸਕੂਲ ਦੀ ਸਾਬਕਾ ਵਿਦਿਆਰਥਣ ਸੀ। ਉਸ ਨੇ ਹਾਲ ਹੀ ਵਿਚ ਜ਼ੇਵੀਅਰ ਯੂਨੀਵਰਸਿਟੀ ਵਿਚ ਚਾਰ ਸਾਲ ਦੀ ਡਿਗਰੀ ਪੂਰੀ ਕੀਤੀ ਸੀ ਅਤੇ ਮੈਡੀਕਲ ਸਕੂਲ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਮਨਮੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਅਪਣੀਆਂ ਸੱਟਾਂ ਤੋਂ ਠੀਕ ਹੋ ਗਿਆ ਅਤੇ ਬਾਅਦ ਵਿਚ ਫਰਾਰ ਹੋ ਗਿਆ। ਪੁਲਿਸ ਦਾ ਮੰਨਣਾ ਹੈ ਕਿ ਮਨਮੀਤ ਸਿੰਘ ਕੈਲੀਫੋਰਨੀਆ, ਨਿਊਯਾਰਕ, ਨਿਊ ਜਰਸੀ, ਜਾਂ ਸੰਭਵ ਤੌਰ ਉਤੇ ਦੇਸ਼ ਤੋਂ ਬਾਹਰ ਭਾਰਤ ਭੱਜ ਗਿਆ ਹੋ ਸਕਦਾ ਹੈ। ਉਸ ਦਾ ਆਖਰੀ ਠਿਕਾਣਾ ਪੋਂਚਾਟੌਲਾ ਵਿਚ ਯੂਐਸ 51 ਦੇ ਨਾਲ ਇਕ ਅਪਾਰਟਮੈਂਟ ਸੀ, ਅਤੇ ਉਹ ਨਿਊ ਓਰਲੀਨਜ਼ ਵਿਚ ਇਕ ਰਾਈਡਸ਼ੇਅਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। (ਏਜੰਸੀ)
