ਖ਼ਬਰਾਂ |

ਤਾਜ਼ਾ |

'ਕਾਂਗਰਸ ਤੋਂ ਦਿਲ ਟੁੱਟਿਆ, ਹੁਣ ਕਦੇ ਨਹੀਂ ਹੋਵੇਗੀ ਵਾਪਸੀ': ਕੈਪਟਨ ਅਮਰਿੰਦਰ ਸਿੰਘ
Published : Jul 19, 2026, 5:49 pm IST
Updated : Jul 19, 2026, 5:49 pm IST
SHARE ARTICLE
'Heartbroken by Congress, will never return': Captain Amarinder Singh
'Heartbroken by Congress, will never return': Captain Amarinder Singh

ਕੈਪਟਨ ਨੇ ਮੰਨਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਆਪਣਿਆਂ ਨੇ ਹੀ ਦੋ ਵਾਰ ਬਗ਼ਾਵਤ ਕੀਤੀ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੂੰ ਦਿਤੇ ਵਿਸ਼ੇਸ਼ ਇੰਟਰਵਿਊ ਦੌਰਾਨ ਸੱਤਾ ਦੇ ਗਲਿਆਰਿਆਂ ਦੇ ਉਹ ਸੱਚ ਉਜਾਗਰ ਕੀਤੇ, ਜੋ ਹਾਲੇ ਤੱਕ ਅਣਸੁਣੇ ਸਨ। ਕੈਪਟਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵਿਰੁਧ ਇਕ ਨਹੀਂ ਬਲਕਿ ਦੋ ਵਾਰ ਬਗ਼ਾਵਤ ਹੋਈ ਸੀ। ਦੂਜੀ ਵਾਰ ਮੁੱਖ ਮੰਤਰੀ ਬਣਨ ਦੇ ਕਾਰਜਕਾਲ ਦੀ ਇਕ ਘਟਨਾ ਸਬੰਧੀ ਕੈਪਟਨ ਨੇ ਖੁਲਾਸਾ ਕੀਤਾ ਕਿ ਕਿਵੇਂ ਕਾਂਗਰਸੀ ਆਗੂ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ ਸਿਰਫ਼ ਆਪਣੇ ਨਿੱਜੀ ਮੁਫ਼ਾਦਾਂ ਲਈ ਸਰਕਾਰ 'ਤੇ ਦਬਾਅ ਬਣਾ ਰਹੇ ਸਨ ਤੇ ਜਦੋਂ ਇਕ ਇਮਾਨਦਾਰ ਅਫ਼ਸਰ ਨੇ ਉਨ੍ਹਾਂ ਨੂੰ ਸ਼ੀਸ਼ਾ ਦਿਖਾਇਆ, ਤਾਂ ਉਹੀ ਅਫ਼ਸਰ ਉਨ੍ਹਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ।

ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਕਾਂਗਰਸੀ ਮੰਤਰੀਆਂ, ਵਿਧਾਇਕਾਂ, ਆਗੂਆਂ ਵਿਚਕਾਰ ਹੋਈ ਸਿੱਧੀ ਟੱਕਰ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਆਖਿਆ ਕਿ ਸੁਰੇਸ਼ ਕੁਮਾਰ ਕਾਂਗਰਸੀਆਂ ਦੇ ਨਿੱਜੀ ਅਤੇ ਨਾਜਾਇਜ਼ ਕੰਮਾਂ ਦੇ ਅੱਗੇ ਕੰਧ ਬਣ ਕੇ ਖੜ੍ਹਾ ਹੋ ਗਿਆ ਸੀ। ਕੈਪਟਨ ਨੇ ਦੱਸਿਆ, ‘‘ਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਕਾਂਗਰਸੀ ਆਗੂਆਂ ਦੇ ਮੂੰਹ ਉੱਤੇ ਹੀ ਖ਼ਰੀ-ਖ਼ਰੀ ਸੁਣਾਉਂਦਿਆਂ ਕਹਿ ਦਿਤਾ ਸੀ ਕਿ ਤੁਸੀਂ ਹਰ ਵੇਲੇ ਆਪਣੇ ਹੀ ਨਿੱਜੀ ਕੰਮ ਕਰਵਾਈ ਜਾਂਦੇ ਹੋ, ਕਦੇ ਕੋਈ ਪੰਜਾਬ ਦੇ ਭਲੇ ਦਾ ਕੰਮ ਵੀ ਕਰਵਾ ਲਓ।’’ ਕੈਪਟਨ ਮੁਤਾਬਕ ਸੁਰੇਸ਼ ਕੁਮਾਰ ਦੀ ਇਸ ਝਿੜਕ ਤੋਂ  ਬਾਅਦ ਕਾਂਗਰਸੀ ਆਗੂ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਲੱਗੇ। ਕੈਪਟਨ ਨੇ ਕਿਹਾ, ‘‘ਪਰ ਸੁਰੇਸ਼ ਕੁਮਾਰ ਵਿਰੁਧ ਕੋਈ ਠੋਸ ਆਧਾਰ ਨਹੀਂ ਸੀ, ਇਸ ਕਰਕੇ ਮੈਂ ਉਸ ਨੂੰ ਹਟਾਉਣ ਤੋਂ ਇਨਕਾਰ ਕਰ ਦਿਤਾ ਸੀ, ਜਿਸ ਮਗਰੋਂ ਕਈ ਕਾਂਗਰਸੀ ਮੇਰੇ ਵਿਰੁਧ ਹੋ ਗਏ ਤੇ ਦਿੱਲੀ ਦਰਬਾਰ ਤੱਕ ਸ਼ਿਕਾਇਤਾਂ ਕਰਨ ਲੱਗੇ।’’

ਕੈਪਟਨ ਨੇ ਮੰਨਿਆ ਕਿ ਉਨ੍ਹਾਂ ਦੀ ਪਿੱਠ ਵਿਚ ਛੁਰਾ ਕਿਸੇ ਬੇਗਾਨੇ ਨੇ ਨਹੀਂ, ਬਲਕਿ ਹਮੇਸ਼ਾ ਆਪਣਿਆਂ ਨੇ ਹੀ ਮਾਰਿਆ। ਜਦੋਂ ਉਹ ਸਾਲ 2002 ਦੌਰਾਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਬਿਲਕੁਲ ਇਸੇ ਤਰ੍ਹਾਂ ਦੀ ਬਗ਼ਾਵਤ ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਉਨ੍ਹਾਂ ਵਿਰੁਧ ਕੀਤੀ ਸੀ। ਰਜਿੰਦਰ ਕੌਰ ਭੱਠਲ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਦਿੱਲੀ ਹਾਈਕਮਾਂਡ ਕੋਲ ਡੇਰੇ ਲਾਏ ਸਨ ਅਤੇ ਤਤਕਾਲੀ ਪ੍ਰਮੁੱਖ ਸਕੱਤਰ ਸੰਜੀਤ ਕੁਮਾਰ ਸਿਨਹਾ ਨੂੰ ਬਦਲਣ ਦੀ ਜਿੱਦ ਕੀਤੀ ਸੀ। ਕੈਪਟਨ ਨੇ ਦੱਸਿਆ ਕਿ ਸੋਨੀਆ ਗਾਂਧੀ ਦੇ ਕਹਿਣ 'ਤੇ ਉਨ੍ਹਾਂ ਨੇ ਅਫ਼ਸਰ ਨੂੰ ਬਦਲ ਕੇ ਗ੍ਰਹਿ ਸਕੱਤਰ ਲਗਾ ਦਿਤਾ ਸੀ, ਕਿਉਂਕਿ ਉਹ ਬਹੁਤ ਹੀ ਕਾਬਲ ਅਧਿਕਾਰੀ ਸਨ। ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕਾਂਗਰਸ ਛੱਡਣ, ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ੇ ਤੇ ਪਟਿਆਲਾ ਤੋਂ ਹੋਈ ਹਾਰ ਦੇ ਕਾਰਨਾਂ ਨੂੰ ਲੈ ਕੇ ਕਈ ਵੱਡੇ ਤੇ ਹੈਰਾਨੀਜਨਕ ਖੁਲਾਸੇ ਕੀਤੇ। ਕੈਪਟਨ ਨੇ ਸਾਫ਼ ਕਿਹਾ ਹੈ ਕਿ ਕਾਂਗਰਸ ਵਲੋਂ ਮਿਲੇ ਧੋਖੇ ਕਾਰਨ ਹੁਣ ਉਨ੍ਹਾਂ ਦਾ ਦਿਲ ਟੁੱਟ ਚੁੱਕਾ ਹੈ ਅਤੇ ਉਹ ਕਦੇ ਵੀ ਕਾਂਗਰਸ ਵਿਚ ਵਾਪਸ ਨਹੀਂ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ 18 ਸਤੰਬਰ 2021 ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ ਸੀ। ਅਸਤੀਫ਼ਾ ਦੇਣ ਦੇ ਘਟਨਾਕ੍ਰਮ 'ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਖੁਲਾਸਾ ਕਰਦਿਆਂ ਦਸਿਆ, ‘‘ਮੈਂ ਖ਼ੁਦ ਸੋਨੀਆ ਗਾਂਧੀ ਨੂੰ 10 ਦਿਨ ਪਹਿਲਾਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ। ਉਸ ਵੇਲੇ ਸੋਨੀਆ ਗਾਂਧੀ ਨੇ ਮੈਨੂੰ ਰੋਕਦਿਆਂ ਕਿਹਾ ਸੀ ਕਿ ਪੰਜਾਬ ਕਾਂਗਰਸ ਆਉਣ ਵਾਲੀਆਂ ਚੋਣਾਂ ਤੁਹਾਡੀ ਅਗਵਾਈ ਵਿਚ ਹੀ ਲੜੇਗੀ। ਪਰ ਇਸ ਦੇ ਬਾਵਜੂਦ, ਮਹਿਜ਼ 10 ਦਿਨਾਂ ਬਾਅਦ ਹੀ ਸੋਨੀਆ ਗਾਂਧੀ ਨੇ ਮੈਨੂੰ ਫੋਨ ਕਰਕੇ ਅਸਤੀਫ਼ਾ ਦੇਣ ਲਈ ਕਹਿ ਦਿਤਾ।’’

ਕੈਪਟਨ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਭਾਜਪਾ ਵਿਚ ਸ਼ਾਮਲ ਹੋਣਾ ਹੀ ਉਨ੍ਹਾਂ ਕੋਲ ਇੱਕਮਾਤਰ ਵਿਕਲਪ ਬਚਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਭਾਜਪਾ ਵਿਚ ਹੀ ਕਿਉਂ ਸ਼ਾਮਲ ਹੋਏ ਤਾਂ ਉਨ੍ਹਾਂ ਆਖਿਆ ਕਿ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਸਨ। ਉਨ੍ਹਾਂ ਕਿਹਾ, ‘‘ਮੈਂ 'ਆਪ' ਦੇ 100 ਮੀਟਰ ਨੇੜੇ ਵੀ ਨਾ ਜਾਵਾਂ, ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਕਿਸ ਕਿਸਮ ਦੀ ਟੋਲੀ ਹੈ।’’ ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਨੂੰ ਪਹਿਲਾਂ ਹੀ ਦੇਖ ਚੁਕੇ ਸਨ ਅਤੇ ਉਨ੍ਹਾਂ ਦੀ ਸੋਚ ‘ਘੱਗਰ ਦਰਿਆ’ ਵੀ ਪਾਰ ਨਹੀਂ ਕਰਦੀ। 30-40 ਸਾਲ ਪਹਿਲਾਂ ਤਾਂ ਇਨ੍ਹਾਂ ਦੇ ਜ਼ਿਆਦਾਤਰ ਜਥੇਦਾਰਾਂ ਨੇ ਦਿੱਲੀ ਵੀ ਨਹੀਂ ਦੇਖੀ ਸੀ। ’’

ਪਟਿਆਲਾ ਸੀਟ ਤੋਂ ਹੋਈ ਆਪਣੀ ਹਾਰ ਦਾ ਕਾਰਨ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਕਿ ਜਦੋਂ ਉਹ ਕਾਂਗਰਸ ਵਿਚ ਸਨ, ਤਾਂ ਉੱਥੇ ਉਨ੍ਹਾਂ ਦਾ ਸਿਆਸੀ ਅਧਾਰ ਬੇਹੱਦ ਮਜ਼ਬੂਤ ਸੀ। ਪਰ ਜਦੋਂ ਉਹ ਚੋਣਾਂ ਵੇਲੇ ਭਾਜਪਾ ਵਿਚ ਆਏ, ਤਾਂ ਉਸ ਸਮੇਂ ਪਟਿਆਲਾ ਹਲਕੇ ਵਿਚ ਭਾਜਪਾ ਸੰਗਠਨਾਤਮਕ ਤੌਰ 'ਤੇ ਮਜ਼ਬੂਤ ਨਹੀਂ ਸੀ, ਜਿਸ ਦਾ ਅਸਰ ਚੋਣ ਨਤੀਜਿਆਂ 'ਤੇ ਪਿਆ। ਭਾਰਤੀ ਜਨਤਾ ਪਾਰਟੀ ਦਾ ਪੱਖ ਪੂਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਵਿਚ ਭਾਜਪਾ ਪ੍ਰਤੀ ਗ਼ਲਤ ਧਾਰਨਾ ਬਣਾਈ ਗਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਬੀਜੇਪੀ ਬਿਲਕੁਲ ਵੀ ਸਿੱਖ ਵਿਰੋਧੀ ਪਾਰਟੀ ਨਹੀਂ ਹੈ।

ਇਸ ਇੰਟਰਵਿਊ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਕਿ ‘ਮੁੱਖ ਸਕੱਤਰ ਨੇ ਕਾਂਗਰਸੀਆਂ ਨੂੰ ਪੰਜਾਬ ਦੇ ਕੰਮ ਕਰਨ ਦੀ ਨਸੀਹਤ ਦਿੱਤੀ ਸੀ’, ਪੰਜਾਬ ਦੀ ਰਾਜਨੀਤੀ ਦੇ ਉਸ ਦੁਖਾਂਤ ਨੂੰ ਬਿਆਨ ਕਰਦਾ ਹੈ ਜਿੱਥੇ ਜਨਤਾ ਦੇ ਹਿੱਤਾਂ ਨਾਲੋਂ ਸਿਆਸੀ ਆਗੂਆਂ ਦੇ ਨਿੱਜੀ ਹਿੱਤ ਵੱਡੇ ਹੋ ਜਾਂਦੇ ਹਨ। ਇਹ ਖ਼ੁਲਾਸਾ ਸਿੱਧ ਕਰਦਾ ਹੈ ਕਿ ਜਦੋਂ ਵੀ ਕੋਈ ਅਧਿਕਾਰੀ ਸਿਸਟਮ ਨੂੰ ਨਿਯਮਾਂ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਿਆਸੀ ਬਗ਼ਾਵਤਾਂ ਉਸ ਨੂੰ ਰਸਤੇ ਤੋਂ ਹਟਾਉਣ ਲਈ ਸਰਗਰਮ ਹੋ ਜਾਂਦੀਆਂ ਹਨ। ਕੈਪਟਨ ਦੇ ਇਸ ਇੰਟਰਵਿਊ ਨੇ ਨਾ ਸਿਰਫ਼ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਉਜਾਗਰ ਕੀਤਾ, ਬਲਕਿ ਇਹ ਵੀ ਸਪਸ਼ਟ ਕਰ ਦਿਤਾ ਹੈ ਕਿ ਪੰਜਾਬ ਵਿਚ ਸੱਤਾ ਦੇ ਪਰਦੇ ਪਿੱਛੇ ਕੀ ਖੇਡ ਚੱਲ ਰਹੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement