ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੁਰੰਤ ਖੋਲ੍ਹਣ ਲਾਂਘਾ: ਛੋਟੇਪੁਰ, ਵਡਾਲਾ
ਡੇਰਾ ਬਾਬਾ ਨਾਨਕ: ਡੇਰਾ ਬਾਬਾ ਨਾਨਕ ਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ ’ਤੇ ਬਣੇ ਦਰਸ਼ਨ ਸਥਲ ਉੱਪਰ ਖੜੇ ਹੋ ਕੇ ਸ੍ਰੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਜਸਬੀਰ ਸਿੰਘ ਜਫਰਵਾਲ ਆਦਿ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸ੍ਰੀ ਕਰਤਾਰਪੁਰ ਲਾਂਘਾਂ ਖੋਲਣ ਲਈ ਸ਼ੁਰੂ ਕੀਤੀ ਅਰਦਾਸ ਦੀ 25 ਸਾਲ ਪੂਰੇ ਹੋਣ ’ਤੇ ਮੁੜ ਬੰਦ ਪਏ ਲਾਂਘੇ ਨੂੰ ਖੋਲ੍ਹਣ ਦੀ ਅਰਦਾਸ ਕੀਤੀ ਗਈ। ਇਸ ਮੌਕੇ ’ਤੇ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸਰਹੱਦ ’ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਗੂੰਜਾਏ।
ਇਸ ਮੌਕੇ ਤੇ ਸ਼੍ਰੀ ਕਰਤਾਰਪੁਰ ਦਰਸ਼ਨ ਅਭਿਲਾਖੀ ਸੰਸਥਾ ਦੇ ਪ੍ਰਧਾਨ ਤੇ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਲੀਡਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਸ਼੍ਰੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਸੰਸਥਾਪਕ ਤੇ ਪੰਥਕ ਆਗੂ ਮਰਹੂਮ ਕੁਲਦੀਪ ਸਿੰਘ ਵਡਾਲਾ ਵੱਲੋਂ 25 ਸਾਲ ਪਹਿਲਾਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਮਹੀਨੇ ਦੀ ਹਰੇਕ ਮੱਸਿਆ ਮੌਕੇ ਸ੍ਰੀ ਕਰਤਾਰਪੁਰ ਲਾਂਘਾ ਖੋਲਣ ਸਬੰਧੀ ਅਰਦਾਸ ਸ਼ੁਰੂ ਕੀਤੀ ਸੀ ਅਤੇ ਨਾਨਕ ਨਾਮ ਲੇਵਾ ਸੰਗਤਾਂ ਅਰਦਾਸਾਂ ਨੂੰ ਬੂਰ ਪੈਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਮੌਕੇ ਡੇਰਾ ਬਾਬਾ ਨਾਨਕ ਦੀ ਸਰਹੱਦ ਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕਰਤਾਰਪੁਰ ਲਾਂਘਾ ਖੋਲਿਆ ਗਿਆ ਸੀ।
ਉਹਨਾਂ ਕਿਹਾ ਕਿ ਇਸ ਤੋਂ ਬਾਅਦ ਆਪਰੇਸ਼ਨ ਸੰਦੂਰ ਕਾਰਨ ਮਈ ਮਹੀਨੇ ਤੋਂ ਕਰਤਾਰਪੁਰ ਲਾਂਘਾ ਬੰਦ ਪਿਆ ਹੋਇਆ ਹੈ ਜਿਸ ਕਾਰਨ ਨਾਨਕ ਨਾਮ ਲੇਵਾ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਵਾਂਝੀਆਂ ਹਨ। ਇਸ ਮੌਕੇ ਤੇ ਉਹਨਾਂ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਬੰਦ ਪਏ ਲਾਂਘੇ ਨੂੰ ਤੁਰੰਤ ਖੋਲੇ ਅਤੇ ਦੋਹਾਂ ਦੇਸ਼ਾਂ ਸਰਕਾਰਾਂ ਪਾਸਪੋਰਟ ਤੇ 20 ਡਾਲਰ ਦੀ ਫੀਸ ਮਾਫ ਕੀਤੀ ਜਾਵੇ ਤਾਂ ਜੋ ਸਾਰੀਆਂ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਣ।
ਇਸ ਮੌਕੇ ਤੇ ਅਮਨਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਰਤਨ ਸਿੰਘ ਵਾਹਲਾ, ਐਡਵੋਕੇਟ ਅਜੇ ਪਾਲ ਸਿੰਘ ਸੰਧੂ, ਸੁਖਵਿੰਦਰ ਸਿੰਘ,ਗੁਰਪ੍ਰੀਤ ਸਿੰਘ ਖਾਸਾ ਵਾਲੀ, ਬਲਜੀਤ ਸਿੰਘ ਪੱਖੋਕੇ, ਬਲਜੀਤ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
