ਮੁੱਖ ਮੰਤਰੀ ਵਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ
Published : Oct 18, 2021, 12:26 am IST
Updated : Oct 18, 2021, 12:26 am IST
SHARE ARTICLE
image
image

ਮੁੱਖ ਮੰਤਰੀ ਵਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ

ਦੀਨਾਨਗਰ/ਕਲਾਨੌਰ, 17 ਅਕਤੂਬਰ (ਦੀਪਕ ਮੰਨੀ, ਗੁਰਦੇਵ ਸਿੰਘ ਰਾਜਦਾ): ਸੂਬੇ ਦੇ ਲੱਖਾਂ ਪ੍ਰਵਾਰਾਂ ਖ਼ਾਸ ਕਰ ਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਅੱਜ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ ਕੀਤੀ ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚ ਲਾਲ ਲਕੀਰ ਅੰਦਰ ਆਉਂਦੇ ਘਰਾਂ ਵਿਚ ਰਹਿ ਰਹੇ ਪ੍ਰਵਾਰਾਂ ਨੂੰ ਜਾਇਦਾਦਾਂ ਦੇ ਮਾਲਕੀ ਹੱਕ ਦਿਤੇ ਜਾਣਗੇ। 
ਅੱਜ ਇਥੇ ਸੂਬਾ ਪਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨਾਲ ਉਪ ਮੁੱਖ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਲ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਸਕੀਮ ਪੰਜਾਬ ਵਾਸੀਆਂ ਵਿਸ਼ੇਸ਼ ਤੌਰ ’ਤੇ ਸਮਾਜ ਦੇ ਲੋੜਵੰਦ ਤੇ ਕਮਜ਼ੋਰ ਵਰਗਾਂ ਨੂੰ ਅਤਿ ਲੋੜੀਂਦੀ ਰਾਹਤ ਮੁਹਈਆ ਕਰਵਾਏਗੀ। ਸ. ਚੰਨੀ ਨੇ ਕਿਹਾ ਕਿ ਇਸ ਸਕੀਮ ਨੂੰ ਪਹਿਲਾਂ ਸਿਰਫ਼ ਪਿੰਡਾਂ ਦੇ ਲੋਕਾਂ ਲਈ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਘੇਰਾ ਵਧਾ ਕੇ ਹੁਣ ਸ਼ਹਿਰਾਂ ਵਿਚ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਵੀ ਇਸ ਦਾ ਲਾਭ ਦੇਣ ਦਾ ਫ਼ੈਸਲਾ ਕੀਤਾ ਗਿਆ। ਚੰਨੀ ਨੇ ਅੱਗੇ ਕਿਹਾ ਕਿ ਇਸ ਸਮੁੱਚੀ ਸਕੀਮ ਨੂੰ ਲਾਗੂ ਕਰਨ ਦਾ ਜਿੰਮਾ ਮਾਲ ਵਿਭਾਗ ਨੂੰ ਦਿਤਾ ਗਿਆ ਹੈ, ਜੋ ਡਿਜੀਟਲ ਮੈਪਿੰਗ ਕਰਨ ਲਈ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚ ਅਜਿਹੀਆਂ ਰਿਹਾਇਸ਼ੀ ਜਾਇਦਾਦਾਂ ਦਾ ਡਰੋਨ ਸਰਵੇ ਕਰਵਾਏਗਾ। 
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਯੋਗ ਲਾਭਪਾਤਰੀਆਂ ਨੂੰ ਢੁਕਵੀਂ ਸ਼ਨਾਖਤ ਤੇ ਤਸਦੀਕ ਕਰਨ ਤੋਂ ਬਾਅਦ ਜਾਇਦਾਦ ਦਾ ਮਾਲਕੀ ਹੱਕ ਦੇਣ ਲਈ ਪ੍ਰਾਪਰਟੀ ਕਾਰਡ (ਸੰਨਦ) ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਤੋਂ ਪਹਿਲਾਂ ਲਾਭਪਾਤਰੀਆਂ ਨੂੰ ਅਪਣੇ ਇਤਰਾਜ਼ ਦਾਇਰ ਕਰਨ ਲਈ 15 ਦਿਨ ਦਾ ਸਮਾਂ ਵੀ ਦਿਤਾ ਜਾਵੇਗਾ ਅਤੇ ਜੇਕਰ ਉਨ੍ਹਾਂ ਪਾਸੋਂ ਕੋਈ ਜਵਾਬ ਨਹੀਂ ਆਉਂਦਾ ਤਾਂ ਸੰਨਦਾਂ ਜਾਰੀ ਕਰ ਦਿਤੀਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਇਹ ਸੰਨਦਾਂ ਰਜਿਸਟਰੀ ਦਾ ਉਦੇਸ਼ ਪੂਰਾ ਕਰਨਗੀਆਂ ਜਿਸ ਨਾਲ ਸਬੰਧਤ ਲੋਕਾਂ ਨੂੰ ਬੈਂਕਾਂ ਪਾਸੋਂ ਕਰਜ਼ਾ ਮਿਲ ਸਕਦਾ ਹੈ ਜਾਂ ਉਹ ਅਪਣੀ ਜਾਇਦਾਦ ਵੀ ਵੇਚ-ਵੱਟ ਸਕਦੇ ਹਨ ਜਿਸ ਕਰ ਕੇ ਇਸ ਦੀ ਕੀਮਤ ਵੀ ਵਧੇਗੀ। ਸ.ਚੰਨੀ ਨੇ ਇਹ ਵੀ ਕਿਹਾ ਕਿ ਸ਼ਹਿਰਾਂ ਦੇ ਪੁਰਾਣੇ ਮੁਹੱਲਿਆਂ ਵਿਚ ਪੀੜ੍ਹੀ ਦਰ ਪੀੜ੍ਹੀ ਰਹਿ ਰਹੇ ਲੋਕ ਵੀ ਇਸ ਸਕੀਮ ਦੇ ਘੇਰੇ ਵਿਚ ਆਉਣਗੇ। 
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਿਜਲੀ ਦੇ ਜਿਹੜੇ ਵੀ ਕੁਨੈਕਸ਼ਨ ਬਕਾਏ ਬਿਲਾਂ ਕਰ ਕੇ ਕੱਟ ਦਿਤੇ ਗਏ ਸੀ, ਉਨ੍ਹਾਂ ਕੁਨੈਕਸ਼ਨਾਂ ਨੂੰ ਦੀਵਾਲੀ ਤਕ ਮੁੜ ਬਹਾਲ ਕਰ ਦਿਤਾ ਜਾਵੇਗਾ। 
ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਕਾਏ ਬਿਲ ਮੁਆਫ਼ ਕਰਨ ਦੀ ਸਕੀਮ ਦਾ ਲਾਭ ਹਰ ਇਕ ਯੋਗ ਲਾਭਪਾਤਰੀ ਨੂੰ ਦਿਤਾ ਜਾਵੇਗਾ , ਚਾਹੇ ਉਹ ਕਿਸੇ ਵੀ ਜਾਤ, ਧਰਮ ਨਾਲ ਸਬੰਧ ਰਖਦਾ ਹੋਵੇ। ਉਨ੍ਹਾਂ ਕਿਹਾ ਕਿ ਸੂਬੇ ਦੇ 72 ਲੱਖ ਬਿਜਲੀ ਖਪਤਕਾਰਾਂ ਵਿਚੋਂ 52 ਲੱਖ ਖਪਤਕਾਰਾਂ ਨੂੰ ਬਕਾਏ ਬਿਲ ਮਾਫ਼ੀ ਦਾ ਲਾਭ ਮਿਲੇਗਾ। ਦੀਨਾਨਗਰ ਲਈ ਕਈ ਨਵੇਂ ਪ੍ਰੋਜੈਕਟਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਥੋਂ ਦੇ ਮੌਜੂਦਾ ਕਮਿਊਨਟੀ ਹੈਲਥ ਸੈਂਟਰ ਨੂੰ ਸਬ ਡਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕੀਤਾ ਜਾਵੇਗਾ।
ਇਕੱਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਦੀਨਾਨਗਰ ਹਲਕੇ ਨਾਲ ਅਪਣੀ ਪੁਰਾਣੀ ਪ੍ਰਵਾਰਕ ਸਾਂਝਾਂ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦੇ ਰੂਪ ਵਿਚ ਸੂਬੇ ਨੂੰ ਵੱਡੀ ਸੌਗਾਤ ਦਿਤੀ ਗਈ ਹੈ। ਸ੍ਰ.ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਨਾਪਾਕ ਸਾਂਝ ਹੈ ਜੋ ਫ਼ਿਰਕੂ ਨਫ਼ਰਤ ਦੀ ਵਿਚਾਰਧਾਰਾ ’ਤੇ ਆਧਾਰਤ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕ ਮੁਲਕ ਦੇ ਬਹਾਦਰ ਦੇਸ਼ ਭਗਤ ਹਨ,ਪਰ ਬੀ.ਐਸ.ਐਫ਼. ਦਾ ਅਧਿਕਾਰ ਖੇਤਰ ਵਧਾ ਕੇ ਕੇਂਦਰ ਸਰਕਾਰ ਇਨ੍ਹਾਂ ਲੋਕਾਂ ਦੀ ਦੇਸ਼ ਭਗਤੀ ਅਤੇ ਦਿਆਨਤਦਾਰੀ ਉਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸ.ਰੰਧਾਵਾ ਨੇ ਕਿਹਾ ਕਿ ਸਰਹੱਦ ਪਾਰ ਤੋਂ ਅਤਿਵਾਦ ਜਾਂ ਨਸ਼ੇ ਦੇ ਕਾਰੋਬਾਰ ਰਾਹੀਂ ਸੂਬੇ ਨੂੰ ਅਸਥਿਰ ਕਰਨ ਦੇ ਉਦੇਸ਼ ਨਾਲ ਘੜੇ ਜਾਣ ਵਾਲੇ ਕਿਸੇ ਵੀ ਮਨਸੂਬੇ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਪੰਜਾਬ ਪੁਲਿਸ ਹੁਣ ਪੂਰੀ ਤਰ੍ਹਾਂ ਸਮਰਥ ਹੈ। ਮਾਲ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅਪਣੇ ਸੰਬੋਧਨ ਵਿਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਮੀਰਪੁਰ ਅਤੇ ਮਹਾਂਦੇਵ ਕਲਾਂ ਦੇ 50 ਲਾਭਪਾਤਰੀਆਂ ਨੂੰ ਜਾਇਦਾਦ ਦੇ ਮਾਲਕੀ ਹੱਕ ਦੀਆਂ ਸੰਨਦਾਂ ਸੌਂਪੀਆਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 2.59 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਹਿਸੀਲ ਕੰਪਲੈਕਸ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਮ ’ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦੇ ਨੀਂਹ ਪੱਥਰ ਵੀ ਰੱਖੇ। ਇਸ ਮੌਕੇ ਬੱਸ ਸਟੈਂਡ ਲਈ ਵੀ 2.90 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਸ੍ਰੀ ਫ਼ਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਅਤੇ ਸੰਤੋਖ ਸਿੰਘ ਭਲਾਈਪੁਰ ਤੋਂ ਇਲਾਵਾ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਤੇ ਹੋਰ ਵੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement