ਕੜਾਹ ਪ੍ਰਸਾਦਿ ਦੇ ਇਕ ਨਵੇਂ ਕਾਊਂਟਰ ਦੇ ਨਿਰਮਾਣ ਲਈ ਲਗਾਇਆ ਟੱਕ
ਤਲਵੰਡੀ ਸਾਬੋ : ਪੰਜਾਬ ਸਰਕਾਰ ਵਲੋਂ ਬਣਾਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਸਬੰਧੀ ਸਿੱਖ ਸੰਗਤਾਂ ਦੀ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬੁਲਾਈ ਇਕੱਤਰਤਾ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਹਨ। ਇਸ ਪੰਥਕ ਇਕੱਤਰਤਾ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਸ਼ਾਮਲ ਹੋਏ।
ਇਸ ਮੌਕੇ ਅਰਦਾਸ ਉਪਰੰਤ ਪੰਜ ਪਿਆਰੇ ਸਾਹਿਬਾਨ ਵਲੋਂ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸਾਦਿ ਦੇ ਇਕ ਨਵੇਂ ਕਾਊਂਟਰ ਦੇ ਨਿਰਮਾਣ ਲਈ ਵੀ ਟੱਕ ਲਗਾਇਆ ਗਿਆ । ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਤਖ਼ਤ ਸਾਹਿਬ ਵਿਖੇ ਜਲਦ ਇੱਕ ਨਵੀਂ ਸਰਾਂ ਦੀ ਉਸਾਰੀ ਸ਼ੁਰੂ ਕਰਵਾਈ ਜਾਵੇਗੀ। ਇਸ ਮੌਕੇ ਪ੍ਰਧਾਨ ਧਾਮੀ ਤੋਂ ਇਲਾਵਾ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਮੌਜੂਦ ਸਨ।
