ਫਾਇਰ ਬ੍ਰਿਗੇਡ ਨੇ ਅੱਗ ਉੱਤੇ ਪਾਇਆ ਕਾਬੂ
ਮੋਗਾ: ਮੋਗਾ ਦੇ ਜੀ.ਟੀ. ਰੋਡ ਸਥਿਤ ਪਾਵਰ ਗਰਿੱਡ ਦੇ ਨਾਲ ਦੇਰ ਰਾਤ ਇੱਕ ਖੋਖੇ ਨੂੰ ਭਿਆਨਕ ਅੱਗ ਲੱਗ ਗਈ। ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਨਾਲ ਲੱਗਦੇ ਹਰੇ ਦਰੱਖਤ ਵੀ ਸੜ ਕੇ ਸੁਆਹ ਹੋ ਗਏ। ਅੱਗ ਦੀਆਂ ਉੱਚੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਸੂਚਨਾ ਮਿਲਣ ’ਤੇ ਮੋਗਾ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਫਾਇਰ ਬ੍ਰਿਗੇਡ ਦੇ ਲੀਡਿੰਗ ਅਧਿਕਾਰੀ ਬਿਕਰਮਜੀਤ ਸਿੰਘ ਨੇ ਫੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਕਾਫ਼ੀ ਭਿਆਨਕ ਸੀ। ਅੱਗ ਦੀ ਲਪੇਟ ਵਿੱਚ ਹਰੇ ਦਰੱਖਤਾਂ ਦੇ ਨਾਲ ਇੱਕ ਟਰਾਂਸਫਾਰਮਰ ਵੀ ਆ ਗਿਆ। ਹਾਲਾਂਕਿ, ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਕੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾ ਲਿਆ।
ਉਨ੍ਹਾਂ ਕਿਹਾ ਕਿ ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉੱਥੇ ਹੀ, ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਅੱਗ ਪਹਿਲਾਂ ਖੋਖੇ ਨੂੰ ਲੱਗੀ ਅਤੇ ਬਾਅਦ ਵਿੱਚ ਇਸ ਨੇ ਆਲੇ-ਦੁਆਲੇ ਦੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
