ਚੌਂਕੀ ਇੰਚਾਰਜ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਸੰਭਾਲੀ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਭਗਤਾਂ ਵਾਲੇ ਫਾਟਕ ਨੇੜੇ ਇੱਕ ਸ਼ਰਮਨਾਕ ਅਤੇ ਲਾਪਰਵਾਹੀ ਭਰੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਸ਼ਰਮਸਾਰ ਕਰਦਿਆਂ ਇੱਕ ਪੀ.ਸੀ.ਆਰ.ਪੁਲਿਸ ਮੁਲਾਜ਼ਮ ਨੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਆਪਣੀ ਗੱਡੀ ਰੇਲਵੇ ਦੀਆਂ ਪਟੜੀਆਂ 'ਤੇ ਚੜ੍ਹਾ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਕੇ ਲਿਆ ਰਿਹਾ ਸੀ। ਬੇਕਾਬੂ ਹੋਣ ਕਰਕੇ ਉਸ ਨੇ ਗੱਡੀ ਸਿੱਧੀ ਫਾਟਕ ਦੇ ਵਿਚਕਾਰ ਬਣੀਆਂ ਰੇਲਵੇ ਲਾਈਨਾਂ 'ਤੇ ਚਾੜ੍ਹ ਦਿੱਤੀ । ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਨੇ ਨਸ਼ਾ ਇੰਨਾ ਜ਼ਿਆਦਾ ਕੀਤਾ ਹੋਇਆ ਸੀ ਕਿ ਮੁਲਾਜ਼ਮ ਤੋਂ ਠੀਕ ਤਰ੍ਹਾਂ ਨਾਲ ਤੁਰਿਆ ਵੀ ਨਹੀਂ ਜਾ ਰਿਹਾ ਸੀ। ਇਸ ਲਾਪਰਵਾਹੀ ਕਾਰਨ ਇੱਕ ਵੱਡਾ ਰੇਲ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ, ਕਿਉਂਕਿ ਜੇਕਰ ਉਸ ਸਮੇਂ ਕੋਈ ਰੇਲ ਗੱਡੀ ਆ ਜਾਂਦੀ ਤਾਂ ਕੋਈ ਭਿਆਨਕ ਘਟਨਾ ਵਾਪਰ ਸਕਦੀ ਸੀ।
ਘਟਨਾ ਨੂੰ ਦੇਖ ਕੇ ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਨਸ਼ੇੜੀ ਪੁਲਿਸ ਵਾਲੇ ਦੀ ਇਸ ਹਰਕਤ ਦਾ ਖੂਬ ਮਜ਼ਾਕ ਉਡਾਇਆ ਅਤੇ ਵੀਡੀਓਜ਼ ਵੀ ਬਣਾਈਆਂ। ਬਾਅਦ ਵਿੱਚ ਸਥਾਨਕ ਲੋਕਾਂ ਨੇ ਮੱਦਦ ਕਰਕੇ ਕਿਸੇ ਤਰ੍ਹਾਂ ਪੁਲਿਸ ਦੀ ਗੱਡੀ ਨੂੰ ਪਟੜੀਆਂ ਤੋਂ ਬਾਹਰ ਕੱਢਿਆ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਅੰਨਗੜ੍ਹ ਚੌਂਕੀ ਦੇ ਇੰਚਾਰਜ ਤੁਰੰਤ ਮੌਕੇ 'ਤੇ ਪਹੁੰਚੇ । ਉਨ੍ਹਾਂ ਨੇ ਹਾਲਾਤ 'ਤੇ ਕਾਬੂ ਪਾਉਂਦਿਆਂ ਨਸ਼ੇ 'ਚ ਧੁੱਤ ਮੁਲਾਜ਼ਮ ਨੂੰ ਆਪਣੇ ਨਾਲ ਲਿਜਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਲੋਕਾਂ ਨੇ ਪੁਲਿਸ ਮੁਲਾਜ਼ਮ ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ।
