ਹਾਂਗਕਾਂਗ ਵਿੱਚ ਅੰਤਰਰਾਸ਼ਟਰੀ ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ ਜਿੱਤੀ
ਫ਼ਾਜ਼ਿਲਕਾ: ਫ਼ਾਜ਼ਿਲਕਾ ਵਿੱਚ ਇੱਕ ਨਿੱਜੀ ਸਕੂਲ ਦੀ ਵਿਦਿਆਰਥਣ ਅਮਾਨਤ ਕੰਬੋਜ ਨੇ ਹਾਂਗਕਾਂਗ ਵਿੱਚ ਹੋਏ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਅਮਾਨਤ ਨੇ ਅੰਤਰਰਾਸ਼ਟਰੀ ਪੱਧਰ 'ਤੇ ਹੋਈ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ-2026 ਵਿੱਚ ਡਿਸਕਸ ਥਰੋਅ ਵਿੱਚ ਗੋਲਡ ਮੈਡਲ ਹਾਸਲ ਕਰਕੇ ਪੂਰੇ ਫ਼ਾਜ਼ਿਲਕਾ ਦਾ ਨਾਂ ਚਮਕਾਇਆ ਹੈ। ਜਿਸ ਤੋਂ ਬਾਅਦ ਅੱਜ ਅਮਾਨਤ ਦੇ ਫ਼ਾਜ਼ਿਲਕਾ ਪਹੁੰਚਣ 'ਤੇ ਸਿਆਸੀ ਆਗੂਆਂ ਅਤੇ ਸਕੂਲ ਪ੍ਰਬੰਧਕਾਂ ਨੇ ਉਸ ਦੇ ਗਲੇ ਵਿੱਚ ਨੋਟਾਂ ਦੇ ਹਾਰ ਪਾ ਕੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ।
ਅਮਾਨਤ ਕੰਬੋਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੇ 2024 ਵਿੱਚ ਡਿਸਕਸ ਥਰੋਅ ਦੀ ਹੋਈ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਅੱਜ ਆਪਣਾ ਮੁਕਾਮ ਹਾਸਲ ਕਰਦੇ ਹੋਏ ਹਾਂਗਕਾਂਗ ਵਿੱਚ ਹੋਈ ਜੂਨੀਅਰ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਹੈ, ਜਿਸ ਕਾਰਨ ਉਸ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹੀ। ਅਮਾਨਤ ਦੇ ਪਿਤਾ ਹਾਕਮ ਚੰਦ ਨੇ ਦੱਸਿਆ ਕਿ ਉਹ ਖੁਦ ਵੀ ਖੇਡਦੇ ਰਹੇ ਹਨ, ਪਰ ਉਹ ਸਿਰਫ਼ ਨੈਸ਼ਨਲ ਪੱਧਰ ਤੱਕ ਹੀ ਖੇਡ ਸਕੇ। ਪਰ ਅੱਜ ਉਨ੍ਹਾਂ ਦੀ ਬੇਟੀ ਉਨ੍ਹਾਂ ਦੇ ਸੁਪਨੇ ਪੂਰੇ ਕਰ ਰਹੀ ਹੈ। ਹਾਕਮ ਚੰਦ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਬੇਟੀ ਦੀ ਚੋਣ ਵਰਲਡ ਐਥਲੈਟਿਕਸ ਵਿੱਚ ਹੋ ਗਈ ਹੈ, ਜੋ ਕਿ 5 ਅਗਸਤ ਨੂੰ ਯੂ.ਐੱਸ.ਏ. ਵਿੱਚ ਹੋਵੇਗੀ।
ਫ਼ਾਜ਼ਿਲਕਾ ਦੇ ਆਤਮ ਵੱਲਭ ਸਕੂਲ ਦੀ ਹੋਣਹਾਰ ਵਿਦਿਆਰਥਣ ਅਮਾਨਤ ਕੰਬੋਜ ਨੇ ਸਕੂਲ ਅਤੇ ਪਰਿਵਾਰ ਨੂੰ ਇਹ ਮਾਣਮੱਤੇ ਪਲ ਜਿਊਣ ਦਾ ਮੌਕਾ ਦਿੱਤਾ ਹੈ। ਅਮਾਨਤ ਦੀਆਂ ਇਹ ਸ਼ਾਨਦਾਰ ਪ੍ਰਾਪਤੀਆਂ ਉਸ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਸਬੂਤ ਹਨ। ਸਕੂਲ ਦੀ ਪ੍ਰਿੰਸੀਪਲ ਸੰਗੀਤਾ ਤਿੰਨਾ ਅਤੇ ਸਕੂਲ ਸਟਾਫ਼ ਨੇ ਅਮਾਨਤ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਮਾਨਤ ਦੀ ਸਫ਼ਲਤਾ ਉੱਤਮਤਾ ਦੀ ਭਾਵਨਾ ਨੂੰ ਦਰਸਾਉਂਦੀ ਹੈ। ਇਲਾਕਾ ਨਿਵਾਸੀਆਂ ਅਤੇ ਮਾਪਿਆਂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਅਮਾਨਤ ਨੂੰ ਵਧਾਈ ਦਿੱਤੀ ਅਤੇ ਉਸ ਦੇ ਉੱਜਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
