10 ਕਿੱਲੋ ਹੈਰੋਇਨ ਅਤੇ 10 ਆਧੁਨਿਕ ਪਿਸਤੌਲਾਂ ਸਮੇਤ 4 ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ: ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ (ਐਸ.ਐਸ.ਪੀ. ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਅਤੇ ਉਨ੍ਹਾਂ ਦੀ ਟੀਮ) ਨੂੰ ਇੱਕ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਹੀਰੋਇਨ ਅਤੇ ਅਸਲਾ ਸਮਗਲਿੰਗ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਪਾਸੋਂ 10 ਕਿੱਲੋ ਹੀਰੋਇਨ ਅਤੇ 10 ਆਧੁਨਿਕ ਪਿਸਤੌਲਾਂ (ਜਿਨ੍ਹਾਂ ਵਿੱਚ 5 ਗਲੋਕ ਅਤੇ 5 PX5 ਪਿਸਤੌਲ ਸ਼ਾਮਲ ਹਨ) ਬਰਾਮਦ ਕੀਤੀਆਂ ਗਈਆਂ ਹਨ। ਇਹ ਪੂਰਾ ਨੈੱਟਵਰਕ ਮਿਡਲ ਈਸਟ ਵਿੱਚ ਬੈਠੇ ਹੈਂਡਲਰ ਅਤੇ ਪਾਕਿਸਤਾਨ ਆਧਾਰਿਤ ਸਮਗਲਰਾਂ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ।
ਪੁਲਿਸ ਦੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਏ ਹਨ। ਫੜੇ ਗਏ ਮੁਲਜ਼ਮਾਂ ਵਿੱਚ ਰਾਜਨਪ੍ਰੀਤ, ਵਿਜੇ, ਪਾਰਸਦੀਪ ਉਰਫ਼ ਬਿਲ੍ਹਾ (ਵਾਸੀ ਮਾਹਲ) ਅਤੇ ਗੁਰਮੁਖ ਬੋਧੀ (ਵਾਸੀ ਅਟਾਰੀ) ਸ਼ਾਮਲ ਹਨ। ਵਿਜੇ, ਜੋ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਵਿੱਚ ਫੜਿਆ ਗਿਆ ਸੀ, ਜ਼ਮਾਨਤ 'ਤੇ ਆ ਕੇ ਮੁੜ ਇਸ ਧੰਦੇ ਵਿੱਚ ਸਰਗਰਮ ਹੋ ਗਿਆ ਸੀ। ਦੂਜੇ ਪਾਸੇ, ਪਾਰਸਦੀਪ ਉਰਫ਼ ਬਿਲ੍ਹਾ ਖ਼ਤਰਨਾਕ ਗੈਂਗਸਟਰ ਕਿਸ਼ਨ ਜੰਡਿਆਲਾ ਲਈ ਕੰਮ ਕਰ ਰਿਹਾ ਸੀ ਅਤੇ ਡਰੋਨ ਰਾਹੀਂ ਡਿੱਗਣ ਵਾਲੀਆਂ ਖੇਪਾਂ (ਕੰਸਾਈਨਮੈਂਟਾਂ) ਪ੍ਰਾਪਤ ਕਰਕੇ ਅੱਗੇ ਵੰਡਣ ਦਾ ਮੁੱਖ ਜ਼ਿੰਮੇਵਾਰ ਸੀ।
ਆਈਜੀ ਭੁੱਲਰ ਨੇ ਦੱਸਿਆ ਕਿ ਇਹ ਨੌਜਵਾਨ ਬਹੁਤ ਹੀ ਛੋਟੀ ਉਮਰ (22-23 ਸਾਲ) ਦੇ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਅਤੇ 'ਈਜ਼ੀ ਮਨੀ' (ਸੌਖੇ ਪੈਸੇ) ਦਾ ਲਾਲਚ ਦੇ ਕੇ ਇਸ ਕਾਲੇ ਧੰਦੇ ਵਿੱਚ ਧੱਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ 10 ਤੋਂ 12 ਕੰਸਾਈਨਮੈਂਟਾਂ ਦੀ ਡਿਲਿਵਰੀ ਕਰ ਚੁੱਕੇ ਹਨ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤਕਨੀਕੀ ਜਾਂਚ ਅਤੇ ਵਿੱਤੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਨੈੱਟਵਰਕ ਦੇ ਬਾਕੀ ਲਿੰਕਾਂ ਅਤੇ ਵਿਦੇਸ਼ੀ ਆਕਾਵਾਂ ਤੱਕ ਪਹੁੰਚ ਕੇ ਪੂਰੇ ਮਾਡਿਊਲ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।
