ਡਾਕਟਰਾਂ ਦੀ ਸੂਝ-ਬੂਝ ਨਾਲ ਬਚੀ ਦੀਪਕ ਪੁਜਾਰਾ ਦੀ ਜਾਨ
ਜਲੰਧਰ: ਜਲੰਧਰ ਦੇ ਹੰਸਰਾਜ ਸਟੇਡੀਅਮ ਵਿੱਚ ਬੈਡਮਿੰਟਨ ਖੇਡ ਰਹੇ ਇੱਕ ਕਾਰੋਬਾਰੀ ਨੂੰ ਅਚਾਨਕ ਹਾਰਟ ਅਟੈਕ ਆਉਣ ਕਾਰਨ ਅਫ਼ਰਾ-ਤਫ਼ਰੀ ਮਚ ਗਈ। ਪੀੜਤ ਦੀ ਪਛਾਣ ਦੀਪਕ ਪੁਜਾਰਾ ਵਜੋਂ ਹੋਈ ਹੈ। ਘਟਨਾ ਦੌਰਾਨ ਸਟੇਡੀਅਮ ਵਿੱਚ ਮੌਜੂਦ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਤੁਰੰਤ ਕਾਰਵਾਈ ਕਾਰਨ ਉਸਦੀ ਜਾਨ ਬਚ ਗਈ।
ਮਿਲੀ ਜਾਣਕਾਰੀ ਅਨੁਸਾਰ ਦੀਪਕ ਪੁਜਾਰਾ ਬੈਡਮਿੰਟਨ ਖੇਡ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਹ ਮੈਦਾਨ ਵਿੱਚ ਡਿੱਗ ਪਏ। ਸਟੇਡੀਅਮ ਵਿੱਚ ਮੌਜੂਦ ਡਾਕਟਰ ਨਿਤਿਸ਼ ਗਰਗ ਅਤੇ ਡਾਕਟਰ ਪੀਯੂਸ਼ ਸ਼ਰਮਾ ਨੇ ਸਥਿਤੀ ਦੀ ਗੰਭੀਰਤਾ ਨੂੰ ਭਾਂਪਦਿਆਂ ਤੁਰੰਤ ਮੈਡੀਕਲ ਉਪਕਰਨ ਅਤੇ ਐਮਰਜੈਂਸੀ ਕਿੱਟ ਮੰਗਵਾਈ ਅਤੇ ਮੈਡੀਕਲ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਇਲਾਜ ਸ਼ੁਰੂ ਕਰ ਦਿੱਤਾ।
ਡਾਕਟਰ ਨਿਤਿਸ਼ ਗਰਗ ਨੇ ਤੁਰੰਤ ਸੀ.ਪੀ.ਆਰ. (CPR) ਦੇਣੀ ਸ਼ੁਰੂ ਕੀਤੀ। ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਜ਼ਰੂਰੀ ਐਮਰਜੈਂਸੀ ਮੈਡੀਕਲ ਪ੍ਰਕਿਰਿਆ ਅਪਣਾਈ, ਜਿਸ ਨਾਲ ਖਿਡਾਰੀ ਦੀ ਸਥਿਤੀ ਵਿੱਚ ਸੁਧਾਰ ਆਇਆ। ਮੈਡੀਕਲ ਟੀਮ ਦੇ ਪਹੁੰਚਣ ਤੋਂ ਬਾਅਦ ਵੀ ਦੋਵਾਂ ਡਾਕਟਰਾਂ ਨੇ ਮੁਢਲੀ ਸਹਾਇਤਾ ਜਾਰੀ ਰੱਖੀ ਅਤੇ ਐਂਬੂਲੈਂਸ ਦੀ ਮਦਦ ਨਾਲ ਦੀਪਕ ਪੁਜਾਰਾ ਨੂੰ ਅਗਲੇ ਇਲਾਜ ਲਈ ਹਸਪਤਾਲ ਭੇਜ ਦਿੱਤਾ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਘਟਨਾ ਦੀ ਵੀਡੀਓ ਬਣਾ ਲਈ, ਜਿਸ ਵਿੱਚ ਡਾਕਟਰ ਅਤੇ ਮੈਡੀਕਲ ਸਟਾਫ਼ ਸਟੇਡੀਅਮ ਵਿੱਚ ਹੀ ਖਿਡਾਰੀ ਦਾ ਇਲਾਜ ਕਰਦੇ ਦਿਖਾਈ ਦੇ ਰਹੇ ਹਨ। ਡਾਕਟਰਾਂ ਅਤੇ ਸਪੋਰਟਸ ਸਟਾਫ਼ ਦੀ ਮੁਸਤੈਦੀ ਸਦਕਾ ਇੱਕ ਵੱਡਾ ਹਾਦਸਾ ਟਲ ਗਿਆ।
