ਗੋਲੀ ਲੱਗਣ ਕਾਰਨ ਮੁਲਜ਼ਮ ਦਾ ਜੀਜਾ ਵੀ ਜ਼ਖ਼ਮੀ, ਪੁਲਿਸ ਨੇ ਮੁਲਜ਼ਮ ਵਿਵੇਕ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ
ਰੱਖੜੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਰਾਤ ਨੂੰ ਰੁੜਕੀ ਦੇ ਗੰਗਨਹਾਰ ਇਲਾਕੇ ਵਿੱਚ ਇੱਕ ਭਰਾ ਨੇ ਗੋਲੀ ਮਾਰ ਕੇ ਆਪਣੀਆਂ ਦੋ ਭੈਣਾਂ ਦਾ ਕਤਲ ਕਰ ਦਿੱਤਾ। ਇਸ ਘਟਨਾ ਦੌਰਾਨ ਗੋਲੀ ਲੱਗਣ ਕਾਰਨ ਮੁਲਜ਼ਮ ਦਾ ਜੀਜਾ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਆਪਣੀਆਂ ਭੈਣਾਂ ਦੇ ਚਰਿੱਤਰ 'ਤੇ ਸ਼ੱਕ ਸੀ, ਜਿਸ ਕਾਰਨ ਉਸ ਨੇ ਇਹ ਕਤਲ ਕੀਤੇ।
ਇਹ ਘਟਨਾਵਾਂ ਲਗਭਗ 10 ਤੋਂ 15 ਮਿੰਟਾਂ ਦੇ ਅੰਤਰਾਲ ਦੌਰਾਨ ਦੋ ਵੱਖ-ਵੱਖ ਥਾਵਾਂ 'ਤੇ ਵਾਪਰੀਆਂ, ਜਿਸ ਨਾਲ ਪੁਲਿਸ ਵਿਭਾਗ ਵਿੱਚ ਹਲਚਲ ਮੱਚ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਮੁਲਜ਼ਮ ਵਿਵੇਕ ਕੁਮਾਰ ਮੰਗਲਵਾਰ ਰਾਤ ਨੂੰ ਸਭ ਤੋਂ ਪਹਿਲਾਂ ਆਪਣੀ ਭੈਣ ਪੁਸ਼ਪਾ ਦੇ ਘਰ ਪਹੁੰਚਿਆ ਅਤੇ ਉਸ 'ਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਇਸ ਤੋਂ ਬਾਅਦ, ਉਹ ਆਪਣੀ ਦੂਜੀ ਭੈਣ ਸ਼ਕੁੰਤਲਾ ਦੇ ਘਰ ਗਿਆ, ਜਿੱਥੇ ਉਸ ਨੇ ਉਸ 'ਤੇ ਅਤੇ ਉਸ ਦੇ ਪਤੀ 'ਤੇ ਗੋਲੀਆਂ ਤਲਾ ਦਿੱਤੀਆਂ। ਦੋ ਸਕੀਆਂ ਭੈਣਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜ਼ਖ਼ਮੀ ਜੀਜੇ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ ਦੋਵਾਂ ਘਟਨਾਵਾਂ ਵਿਚਕਾਰ ਲਗਭਗ 10 ਤੋਂ 15 ਮਿੰਟ ਦਾ ਅੰਤਰ ਸੀ। ਰੱਖੜੀ ਤੋਂ ਠੀਕ ਪਹਿਲਾਂ ਵਾਪਰੀ ਇਸ ਸਨਸਨੀਖੇਜ਼ ਵਾਰਦਾਤ ਨੇ ਭਰਾ ਅਤੇ ਭੈਣਾਂ ਵਿਚਕਾਰਲੇ ਪਵਿੱਤਰ ਰਿਸ਼ਤੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਅਪਰਾਧ ਕਰਨ ਤੋਂ ਬਾਅਦ, ਮੁਲਜ਼ਮ ਵਿਵੇਕ ਕੁਮਾਰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੀ ਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ।
