ਸੁਪਰੀਮ ਕੋਰਟ ਐਡਵੋਕੇਟਸ-ਆਨ-ਰਿਕਾਰਡ ਐਸੋਸੀਏਸ਼ਨ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਵਿੱਚ ਕੀਤਾ ਸੰਬੋਧਨ
ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਬੁੱਧਵਾਰ ਨੂੰ 2025 ਬੈਚ ਦੇ ਯੋਗਤਾ ਹਾਸਲ ਕਰਨ ਵਾਲੇ ਨਵੇਂ ‘ਐਡਵੋਕੇਟ-ਆਨ-ਰਿਕਾਰਡ’ (ਏ.ਓ.ਆਰ.) ਨੂੰ ਕਿਹਾ ਕਿ ਉਹ ਆਨਲਾਈਨ ਪ੍ਰਸਿੱਧੀ ਦੇ ਪਿੱਛੇ ਭੱਜਣ ਦੀ ਬਜਾਏ ਆਪਣੇ ਪੇਸ਼ੇ ਵਿੱਚ ਕੜੀ ਮਿਹਨਤ ਕਰਨ। ਚੀਫ ਜਸਟਿਸ ਨੇ ਕਿਹਾ ਕਿ ‘ਦਿਖਣਾ’ ਅਤੇ ‘ਵਿਸ਼ਵਾਸਯੋਗਤਾ’ ਇੱਕੋ ਚੀਜ਼ ਨਹੀਂ ਹਨ।
‘ਸੁਪਰੀਮ ਕੋਰਟ ਐਡਵੋਕੇਟਸ-ਆਨ-ਰਿਕਾਰਡ ਐਸੋਸੀਏਸ਼ਨ’ ਵੱਲੋਂ ਯੋਗਤਾ ਹਾਸਲ ਕਰਨ ਵਾਲੇ ਨਵੇਂ ਏ.ਓ.ਆਰ. ਲਈ ਆਯੋਜਿਤ ਸਨਮਾਨ ਸਮਾਰੋਹ ਵਿੱਚ ਚੀਫ ਜਸਟਿਸ ਨੇ ਕਿਹਾ ਕਿ ਏ.ਓ.ਆਰ. ਵਜੋਂ ਯੋਗਤਾ ਹਾਸਲ ਕਰਨਾ ਨਾ ਸਿਰਫ਼ ਇੱਕ ਪੇਸ਼ੇਵਰ ਪ੍ਰਾਪਤੀ ਹੈ, ਸਗੋਂ ਜਿੰਮੇਵਾਰੀ ਦਾ ਦਾਇਰਾ ਵਧਣਾ ਵੀ ਹੈ।
ਏ.ਓ.ਆਰ. ਇੱਕ ਵਿਸ਼ੇਸ਼ ਯੋਗਤਾ ਹਾਸਲ ਕਰਨ ਵਾਲਾ ਵਕੀਲ ਹੁੰਦਾ ਹੈ ਜਿਸ ਨੂੰ ਉੱਚਤਮ ਅਦਾਲਤ ਨੇ ਮੁਵੱਕਿਲ ਵੱਲੋਂ ਸੁਪਰੀਮ ਕੋਰਟ ਵਿੱਚ ਪੈਰਵੀ ਕਰਨ ਅਤੇ ਕੰਮ ਕਰਨ ਲਈ ਅਧਿਕਾਰਤ ਕੀਤਾ ਹੁੰਦਾ ਹੈ। ਕੇਵਲ ਏ.ਓ.ਆਰ. ਹੀ ਸੁਪਰੀਮ ਕੋਰਟ ਵਿੱਚ ਮੁਵੱਕਿਲ ਵੱਲੋਂ ਪੇਸ਼ੀ ਦਰਜ ਕਰਵਾ ਸਕਦੇ ਹਨ, ਪਟੀਸ਼ਨ ਜਾਂ ਦਸਤਾਵੇਜ਼ ਦਾਖ਼ਲ ਕਰ ਸਕਦੇ ਹਨ, ਜਿਸ ਨਾਲ ਪ੍ਰਕਿਰਿਆ ਦੀ ਪਾਲਣਾ ਅਤੇ ਉੱਚ-ਪੱਧਰੀ ਨੁਮਾਇੰਦਗੀ ਯਕੀਨੀ ਹੁੰਦੀ ਹੈ।
ਚੀਫ ਜਸਟਿਸ ਨੇ ਕਿਹਾ, ‘‘ਅਹੁਦਾ/ਪਦਵੀ ਸ਼ਾਇਦ ਦਰਵਾਜ਼ਾ ਖੋਲ੍ਹ ਦੇਵੇ, ਪਰ ਕਰੀਅਰ ਨਹੀਂ ਬਣਾਉਂਦੀ। ਕਰੀਅਰ ਤੁਹਾਡੇ ਕੰਮ ਦੀ ਗੁਣਵੱਤਾ ਤੋਂ ਬਣਦਾ ਹੈ। ਇਸ ਲਈ ਮੇਰੀ ਸਲਾਹ ਹੈ ਕਿ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਕਿ ਲੋਕ ਕਿੰਨੀ ਜਲਦੀ ਤੁਹਾਡਾ ਨਾਮ ਪਛਾਣਦੇ ਹਨ, ਇਸ ਦੀ ਬਜਾਏ ਇਹ ਯਕੀਨੀ ਬਣਾਓ ਕਿ ਜਦੋਂ ਵੀ ਕਿਸੇ ਕੇਸ ਫਾਈਲ 'ਤੇ ਤੁਹਾਡਾ ਨਾਮ ਦਿਸੇ, ਤਾਂ ਬੈਂਚ ਨੂੰ ਪਤਾ ਲੱਗ ਜਾਵੇ ਕਿ ਉਸ ਦਾ ਸਾਹਮਣਾ ਇੱਕ ਬਹੁਤ ਹੀ ਚੰਗੀ ਤਰ੍ਹਾਂ ਤਿਆਰੀ ਕਰਕੇ ਆਏ ਵਕੀਲ ਅਤੇ ਪੇਪਰਬੁੱਕ ਨਾਲ ਹੋਵੇਗਾ।’’
ਚੀਫ ਜਸਟਿਸ ਨੇ ਕਿਹਾ, ‘‘ਆਨਲਾਈਨ ਪ੍ਰਸਿੱਧੀ ਨਾਲ ਸਫ਼ਲਤਾ ਨੂੰ ਮਾਪਣ ਦੇ ਲਾਲਚ ਤੋਂ ਬਚੋ। ਤੁਹਾਨੂੰ ਕਿਸੇ ਟੀਵੀ ਚੈਨਲ ਵਾਂਗ ਕੰਮ ਨਹੀਂ ਕਰਨਾ ਹੈ ਜਿਸ ਨੂੰ ਟੀ.ਆਰ.ਪੀ. ਦੀ ਚਿੰਤਾ ਹੋਵੇ।’’ ਉਨ੍ਹਾਂ ਏ.ਓ.ਆਰ. ਨੂੰ ਕਿਹਾ ਕਿ ਅਸਲ ਮਾਇਨੇ ਵਿੱਚ ਉਹੀ ਸਤਿਕਾਰ ਅਹਿਮ ਹੈ ਜੋ ਉਹ ਅਦਾਲਤ ਦੇ ਕਮਰੇ ਦੇ ਅੰਦਰ ਅਤੇ ਆਪਣੇ ਸਾਥੀਆਂ ਤੇ ਬਾਰ ਦੇ ਵਿਚਕਾਰ ਕਮਾਉਂਦੇ ਹਨ।
