ਖ਼ਬਰਾਂ |

ਤਾਜ਼ਾ |

ਸੋਨਮ ਵਾਂਗਚੁਕ ਨੇ ਜੇ.ਪੀ. ਨੱਡਾ ਅਤੇ ਡਾ. ਜਤਿੰਦਰ ਸਿੰਘ ਨੂੰ ਲਿਖਿਆ ਪੱਤਰ
Published : Jul 22, 2026, 7:49 pm IST
Updated : Jul 22, 2026, 7:49 pm IST
SHARE ARTICLE
Letter written by Sonam Wangchuk to J.P. Nadda and Dr. Jitendra Singh
Letter written by Sonam Wangchuk to J.P. Nadda and Dr. Jitendra Singh

ਕਿਹਾ,‘ਕੇਂਦਰ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਕਾਰਵਾਈ ਨਾ ਕਰਨ ਦਾ ਭਰੋਸਾ ਮਿਲਣ ਮਗਰੋਂ ਭੁੱਖ ਹੜਤਾਲ ਖਤਮ ਕਰਾਂਗਾ।’

ਨਵੀਂ ਦਿੱਲੀ : ਸਮਾਜਿਕ ਕਾਰਜਕਰਤਾ ਸੋਨਮ ਵਾਂਗਚੁਕ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਹ ਭਰੋਸਾ ਦਿੰਦੀ ਹੈ ਕਿ ਪ੍ਰੀਖਿਆ ਦੀਆਂ ਕਥਿਤ ਧਾਂਦਲੀਆਂ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਨੌਜਵਾਨਾਂ 'ਤੇ ਕੋਈ ਬਦਲਾਖੋਰੀ ਦੀ ਕਾਰਵਾਈ ਨਹੀਂ ਕੀਤੀ ਜਾਵੇਗੀ, ਤਾਂ ਉਹ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਖ਼ਤਮ ਕਰ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਮੰਤਰੀ ਜੇ.ਪੀ. ਨੱਡਾ ਅਤੇ ਡਾ.ਜਤਿੰਦਰ ਸਿੰਘ ਨੇ ਉਨ੍ਹਾਂ ਨੂੰ ਪਹਿਲਾਂ ਹੀ ਭਰੋਸਾ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਦੋ ਹੋਰ ਮੁੱਖ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰੇਗੀ।

ਦੋਵਾਂ ਮੰਤਰੀਆਂ ਨੂੰ ਲਿਖੀ ਚਿੱਠੀ ਵਿੱਚ ਵਾਂਗਚੁਕ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਮੇਦਾਂਤਾ ਹਸਪਤਾਲ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਜੇ.ਪੀ. ਨੱਡਾ ਅਤੇ ਡਾ. ਜਤਿੰਦਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਨੀਟ ਪੇਪਰ 'ਲੀਕ' ਤੋਂ ਬਾਅਦ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ 'ਤੇ ਵਿਚਾਰ ਕਰਨ ਸਮੇਤ ਇਮਤਿਹਾਨਾਂ ਦੀਆਂ 'ਧਾਂਦਲੀਆਂ' ਲਈ ਜਵਾਬਦੇਹੀ ਯਕੀਨੀ ਬਣਾਉਣ ਖ਼ਾਤਰ ਸੰਸਦ ਵਿੱਚ ਸਾਰਥਕ ਚਰਚਾ ਕਰਵਾਉਣ ਦੀ ਮੰਗ 'ਤੇ ਵਿਚਾਰ ਕਰੇਗੀ।

ਵਾਂਗਚੁਕ ਨੇ ਲਿਖਿਆ ਕਿ ਮੈਂ ਸਰਕਾਰ ਤੋਂ ਸਪੱਸ਼ਟ ਭਰੋਸੇ ਦੀ ਬੇਨਤੀ ਕਰਦਾ ਹਾਂ ਕਿ ਇਸ ਅੰਦੋਲਨ ਵਿੱਚ ਹਿੱਸਾ ਲੈਣ ਲਈ ਕਿਸੇ ਵੀ ਨੌਜਵਾਨ ਪ੍ਰਦਰਸ਼ਨਕਾਰੀ ਨੂੰ ਕਿਸੇ ਵੀ ਦੰਡਕਾਰੀ ਜਾਂ ਬਦਲੇਖੋਰੀ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦਾ ਇਕੋ-ਇਕ 'ਕਸੂਰ' ਇੱਕ ਨਿਰਪੱਖ ਅਤੇ ਜਵਾਬਦੇਹ ਸਿੱਖਿਆ ਪ੍ਰਣਾਲੀ ਲਈ ਆਵਾਜ਼ ਉਠਾਉਣਾ ਸੀ। ਉਨ੍ਹਾਂ ਲਿਖਿਆ ਕਿ ਜੇਕਰ ਅਜਿਹਾ ਭਰੋਸਾ ਦਿੱਤਾ ਜਾਂਦਾ ਹੈ, ਤਾਂ ਮੈਂ ਇਸ ਵਿਸ਼ਵਾਸ ਨਾਲ ਆਪਣਾ ਵਰਤ ਖ਼ਤਮ ਕਰ ਦੇਵਾਂਗਾ ਕਿ ਸਰਕਾਰ ਨੇ ਨਾ ਸਿਰਫ਼ ਮੇਰੀ ਅਪੀਲ ਸੁਣੀ ਹੈ, ਸਗੋਂ ਲੱਖਾਂ ਨੌਜਵਾਨ ਭਾਰਤੀਆਂ ਦੀਆਂ ਆਸਾਂ ਨੂੰ ਵੀ ਸਮਝਿਆ ਹੈ । ਅਜਿਹਾ ਭਰੋਸਾ ਨਾ ਮਿਲਣ ਦੀ ਸੂਰਤ ਵਿੱਚ ਮੈਂ ਆਪਣੀ ਭੁੱਖ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਲਈ ਮਜ਼ਬੂਰ ਹੋਵਾਂਗਾ।

'ਐਕਸ' 'ਤੇ ਇਸ ਚਿੱਠੀ ਨੂੰ ਸਾਂਝਾ ਕਰਦੇ ਹੋਏ ਵਾਂਗਚੁਕ ਨੇ ਕਿਹਾ ਕਿ ਮੇਰਾ ਵਰਤ ਤੋੜਨ ਬਾਰੇ ਸਰਕਾਰ ਨੂੰ ਇੱਕ ਅਪੀਲ... ਇੱਕ ਵਾਰ ਸਰਕਾਰ ਤੋਂ ਭਰੋਸਾ ਮਿਲਣ ਤੋਂ ਬਾਅਦ, ਮੈਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਫਿਲਹਾਲ ਅੰਦੋਲਨ ਨੂੰ ਰੋਕਣ ਅਤੇ ਸਰਕਾਰ ਨਾਲ ਗੱਲਬਾਤ ਕਰਨ। 20 ਜੁਲਾਈ ਦੇ 'ਚੱਲੋ ਸੰਸਦ' ਮਾਰਚ ਦਾ ਹਵਾਲਾ ਦਿੰਦੇ ਹੋਏ, ਵਾਂਗਚੁਕ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੇ ਗਏ ਅੱਤਿਆਚਾਰਾਂ ਅਤੇ ਤਾਕਤ ਦੀ ਬੇਲੋੜੀ ਵਰਤੋਂ ਦੇ ਬਾਵਜੂਦ ਇਹ ਬਹੁਤ ਸ਼ਾਂਤਮਈ ਰਿਹਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅਤੇ ਦੁਨੀਆ ਨੇ ਲੋਕਤੰਤਰਿਕ ਵਿਰੋਧ ਪ੍ਰਦਰਸ਼ਨ ਪ੍ਰਤੀ ਉਨ੍ਹਾਂ ਦੇ ਸਬਰ ਅਤੇ ਵਚਨਬੱਧਤਾ ਨੂੰ ਦੇਖਿਆ ਹੈ । ਮੈਂ ਪੂਰੇ ਦਿਲ ਨਾਲ ਉਮੀਦ ਕਰਦਾ ਹਾਂ ਕਿ ਲੋਕਤੰਤਰੀ ਸੰਸਥਾਵਾਂ ਵਿੱਚ ਇਹ ਵਿਸ਼ਵਾਸ ਹਿੱਸਾ ਲੈਣ ਵਾਲਿਆਂ ਵਿਰੁੱਧ ਕਿਸੇ ਵੀ ਕਾਨੂੰਨੀ ਕੇਸ, ਪਰੇਸ਼ਾਨੀ ਜਾਂ ਬਦਲਾਖੋਰੀ ਦੀ ਕਾਰਵਾਈ ਨਾਲ ਹੋਰ ਕਮਜ਼ੋਰ ਨਹੀਂ ਹੋਵੇਗਾ।

ਵਾਂਗਚੁਕ ਨੇ ਦੱਸਿਆ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲਗਭਗ 65 ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਪੱਤਰ ਲਿਖਿਆ ਹੈ, ਜਦੋਂ ਕਿ ਕਈਆਂ ਨੇ ਉਨ੍ਹਾਂ ਨਾਲ ਵਿਅਕਤੀਗਤ ਤੌਰ 'ਤੇ ਮੁਲਾਕਾਤ ਕਰਕੇ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਨੇ ਮੈਨੂੰ ਆਪਣਾ ਵਰਤ ਖ਼ਤਮ ਕਰਨ ਦੀ ਬੇਨਤੀ ਕੀਤੀ ਹੈ, ਮੈਨੂੰ ਯਾਦ ਦਿਵਾਇਆ ਹੈ ਕਿ ਮੇਰੇ ਕੋਲ ਅਜੇ ਵੀ ਸਾਡੇ ਦੇਸ਼ ਦੀ ਸੇਵਾ ਵਿੱਚ ਕਰਨ ਲਈ ਬਹੁਤ ਕੰਮ ਬਾਕੀ ਹੈ। ਮੈਂ ਉਨ੍ਹਾਂ ਨਾਲ ਸਹਿਮਤ ਹਾਂ। ਮੈਂ ਜਿਊਣਾ ਚਾਹੁੰਦਾ ਹਾਂ।

ਉਨ੍ਹਾਂ ਕਿਹਾ ਕਿ ਮੈਂ ਆਪਣੇ ਵਿਦਿਆਰਥੀਆਂ, ਸਿੱਖਿਆ ਅਤੇ ਉਸ ਕੰਮ ਵੱਲ ਵਾਪਸ ਜਾਣਾ ਚਾਹੁੰਦਾ ਹਾਂ ਜਿਸ ਨੇ ਮੇਰੀ ਜ਼ਿੰਦਗੀ ਨੂੰ ਪਰਿਭਾਸ਼ਿਤ ਕੀਤਾ ਹੈ। ਪਰ ਮੈਂ ਉਨ੍ਹਾਂ ਨੌਜਵਾਨਾਂ ਦੀ ਕੀਮਤ 'ਤੇ ਅਜਿਹਾ ਨਹੀਂ ਕਰ ਸਕਦਾ ਜਿਨ੍ਹਾਂ ਲਈ ਇਹ ਅੰਦੋਲਨ ਸ਼ੁਰੂ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਲੋਕਤੰਤਰ ਦਾ ਭਵਿੱਖ ਇਸ ਗੱਲ 'ਤੇ ਨਿਰਭਰ ਨਹੀਂ ਕਰਦਾ ਕਿ ਇਹ ਆਪਣੇ ਨਾਲ ਸਹਿਮਤ ਹੋਣ ਵਾਲਿਆਂ ਨਾਲ ਕਿਵੇਂ ਵਿਵਹਾਰ ਕਰਦਾ ਹੈ, ਸਗੋਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਹ ਆਪਣੇ ਨੌਜਵਾਨ ਨਾਗਰਿਕਾਂ ਨਾਲ ਤਦ ਕਿਵੇਂ ਵਿਵਹਾਰ ਕਰਦਾ ਹੈ ਜਦੋਂ ਉਹ ਹਿੰਮਤ, ਉਮੀਦ ਅਤੇ ਵਿਸ਼ਵਾਸ ਨਾਲ ਬੋਲਣ ਦਾ ਹੌਸਲਾ ਦਿਖਾਉਂਦੇ ਹਨ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਂਗਰਸ ਦੇ ਵਿਵੇਕ ਤਨਖਾ, ਸੀਪੀਆਈ(ਐੱਮ) ਦੇ ਜੌਨ ਬ੍ਰਿਟਾਸ ਅਤੇ ਟੀ.ਐੱਮ.ਸੀ. ਦੀ ਸਾਗਰਿਕਾ ਘੋਸ਼ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਇੱਕ ਵਫ਼ਦ ਨੇ ਮੇਦਾਂਤਾ ਹਸਪਤਾਲ ਵਿੱਚ ਵਾਂਗਚੁਕ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ। ਕਈ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦੁਆਰਾ ਦਸਤਖਤ ਕੀਤੇ ਇੱਕ ਪੱਤਰ ਵਿੱਚ, ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਿੱਖਿਆ ਖੇਤਰ ਵਿੱਚ ਪ੍ਰੀਖਿਆ ਸੁਧਾਰਾਂ ਅਤੇ ਜਵਾਬਦੇਹੀ ਦੇ ਮੁੱਦੇ ਸੰਸਦ ਵਿੱਚ ਉਠਾਏ ਜਾਣਗੇ।

ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਦੇਸ਼ ਨੂੰ ਖ਼ਾਸ ਕਰਕੇ ਇਸ ਦੇ ਨੌਜਵਾਨਾਂ ਨੂੰ, ਤੁਹਾਡੀ ਕੁਰਬਾਨੀ ਨਾਲੋਂ ਤੁਹਾਡੇ ਗਿਆਨ ਅਤੇ ਮਾਰਗਦਰਸ਼ਨ ਦੀ ਬਹੁਤ ਜ਼ਿਆਦਾ ਲੋੜ ਹੈ... ਜਿਵੇਂ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੂੰ ਸੋਨਮ ਵਾਂਗਚੁਕ ਦੀ ਲੋੜ ਹੈ, ਭਾਰਤ ਨੂੰ ਵੀ ਤੁਹਾਡੀ ਲੋੜ ਹੈ - ਦੁੱਖ ਵਿੱਚ ਨਹੀਂ, ਸਗੋਂ ਸੇਵਾ ਵਿੱਚ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਕਿਸੇ ਵੀ ਜ਼ਬਰਦਸਤੀ ਕਾਰਵਾਈ ਵਿਰੁੱਧ ਸਰਕਾਰ 'ਤੇ ਦਬਾਅ ਪਾਉਣਗੇ।

ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕਥਿਤ ਧਾਂਦਲੀਆਂ 'ਤੇ ਜਵਾਬਦੇਹੀ, ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਅਤੇ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੋਕਰੋਚ ਜਨਤਾ ਪਾਰਟੀ ਦੀ ਅਗਵਾਈ ਵਾਲੇ ਅੰਦੋਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਂਗਚੁਕ 28 ਜੂਨ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਹਨ। ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸਫ਼ਦਰਜੰਗ ਹਸਪਤਾਲ ਤੋਂ ਤਬਦੀਲ ਕੀਤੇ ਜਾਣ ਤੋਂ ਬਾਅਦ ਉਹ ਇਸ ਸਮੇਂ ਮੇਦਾਂਤਾ ਹਸਪਤਾਲ ਵਿੱਚ ਦਾਖ਼ਲ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement