ਕਿਹਾ,‘ਕਿਸੇ ਮੰਤਰੀ ਦਾ ਅਸਤੀਫ਼ਾ ਲੈਣ ਨਾਲ ਸਰਕਾਰ ਕਮਜ਼ੋਰ ਨਹੀਂ ਹੋਵੇਗੀ’
ਮੁੰਬਈ : ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਕਿ ਦਿੱਲੀ ਵਿੱਚ ਵਿਦਿਆਰਥੀਆਂ ਦੇ ਮੌਜੂਦਾ ਪ੍ਰਦਰਸ਼ਨ ਦੌਰਾਨ ਹਿੰਸਾ ਅਤੇ ਪੁਲਿਸ ਕਾਰਵਾਈ ‘ਬਹੁਤ ਦੁਖਦਾਈ’ ਹੈ ਅਤੇ ਲੋਕਤੰਤਰ ਵਿੱਚ ਗੱਲਬਾਤ ਹਮੇਸ਼ਾ ਟਕਰਾਅ ਨਾਲੋਂ ਬਿਹਤਰ ਹੁੰਦੀ ਹੈ। ਹਜ਼ਾਰੇ ਨੇ ਪੱਤਰ ਵਿੱਚ ਇਹ ਵੀ ਕਿਹਾ ਕਿ ਕਿਸੇ ਮੰਤਰੀ ਦਾ ਅਸਤੀਫ਼ਾ ਲੈਣ ਨਾਲ ਸਰਕਾਰ ਕਮਜ਼ੋਰ ਨਹੀਂ ਹੋਵੇਗੀ, ਸਗੋਂ ਇਸ ਨਾਲ ਦੂਜੇ ਮੰਤਰੀਆਂ ਨੂੰ ਜਵਾਬਦੇਹੀ ਬਾਰੇ ਇੱਕ ਮਜ਼ਬੂਤ ਸੰਦੇਸ਼ ਜਾਵੇਗਾ ਅਤੇ ਸ਼ਾਸਨ ਵਿੱਚ ਸੁਧਾਰ ਆਵੇਗਾ।
ਹਜ਼ਾਰੇ ਦਾ ਇਹ ਪੱਤਰ ਅਜਿਹੇ ਸਮੇਂ ਆਇਆ ਹੈ ਜਦੋਂ 'ਕਾਕਰੋਚ ਜਨਤਾ ਪਾਰਟੀ' ਅਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੀਟ ਪ੍ਰੀਖਿਆ ਵਿੱਚ ਧਾਂਦਲੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਨੇ ਚਿੱਠੀ ਵਿੱਚ ਕਿਹਾ ਕਿ ਜੇਕਰ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਕਿਸੇ ਮੰਤਰੀ ਦਾ ਅਸਤੀਫ਼ਾ ਲਿਆ ਜਾਵੇ, ਤਾਂ ਸਰਕਾਰ ਸੱਤਾ ਨਹੀਂ ਗੁਆਏਗੀ। ਸਗੋਂ, ਇਸ ਨਾਲ ਦੂਜੇ ਮੰਤਰੀਆਂ ਨੂੰ ਇੱਕ ਸਾਫ਼ ਸੰਦੇਸ਼ ਜਾਵੇਗਾ ਕਿ ਜੇਕਰ ਉਹ ਆਪਣੇ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਠੀਕ ਤਰ੍ਹਾਂ ਨਹੀਂ ਨਿਭਾਉਂਦੇ, ਤਾਂ ਉਨ੍ਹਾਂ ਨੂੰ ਵੀ ਆਪਣੇ ਅਹੁਦੇ ਛੱਡਣੇ ਪੈ ਸਕਦੇ ਹਨ। ਇਸ ਨਾਲ ਸਰਕਾਰ ਦਾ ਕੰਮਕਾਜ ਜ਼ਿਆਦਾ ਜਵਾਬਦੇਹ ਅਤੇ ਅਸਰਦਾਰ ਬਣੇਗਾ।
ਉਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਹਿੰਸਾ ਅਤੇ ਪੁਲਿਸ ਕਾਰਵਾਈ ਨੂੰ ਦੁਖਦਾਈ ਦੱਸਦਿਆਂ ਕਿਹਾ ਕਿ ਲੋਕਤੰਤਰ ਵਿੱਚ ਹਰ ਸਥਿਤੀ ਵਿੱਚ ਹਿੰਸਾ, ਸਰਕਾਰੀ ਜਾਇਦਾਦਾਂ ਦੇ ਨੁਕਸਾਨ ਅਤੇ ਬੇਲੋੜੀ ਤਾਕਤ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਗਾਂਧੀਵਾਦੀ ਵਿਚਾਰਕ ਨੇ ਕਿਹਾ ਕਿ ਦੇਸ਼ ਦੇ ਲੱਖਾਂ ਨੌਜਵਾਨ ਪ੍ਰੀਖਿਆ ਦੇ ਪੇਪਰ ਲੀਕ ਹੋਣ, ਭਰਤੀ ਪ੍ਰਕਿਰਿਆ ਵਿੱਚ ਦੇਰੀ ਅਤੇ ਬੇਰੋਜ਼ਗਾਰੀ ਵਰਗੇ ਮੁੱਦਿਆਂ ਨੂੰ ਲੈ ਕੇ ਚਿੰਤਤ ਹਨ ਅਤੇ ਇਹਨਾਂ ਚਿੰਤਾਵਾਂ ਨੂੰ ਸਿਰਫ਼ ਕਾਨੂੰਨ-ਵਿਵਸਥਾ ਦੇ ਮਾਮਲੇ ਵਜੋਂ ਨਹੀਂ, ਸਗੋਂ ਜਨਤਾ ਦੇ ਰੋਸ ਦੀ ਪ੍ਰਗਟਾਵੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਹਜ਼ਾਰੇ ਦਾ ਇਹ ਵੀ ਕਹਿਣਾ ਸੀ ਕਿ ਜਦੋਂ ਵੀ ਕੋਈ ਧਾਂਦਲੀ ਜਾਂ ਘੁਟਾਲਾ ਸਾਹਮਣੇ ਆਉਂਦਾ ਸੀ, ਤਾਂ ਅਕਸਰ ਜ਼ਿੰਮੇਵਾਰੀ ਸਿਰਫ਼ ਹੇਠਲੇ ਪੱਧਰ ਦੇ ਅਧਿਕਾਰੀਆਂ 'ਤੇ ਪਾ ਦਿੱਤੀ ਜਾਂਦੀ ਹੈ, ਜਦੋਂ ਕਿ ਚੰਗੇ ਨਤੀਜਿਆਂ ਦਾ ਸਿਹਰਾ ਸਰਕਾਰ ਆਪ ਲੈ ਲੈਂਦੀ ਹੈ। ਉਨ੍ਹਾਂ ਕਿਹਾ ਕਿ ਅਸਲ ਜ਼ਿੰਮੇਵਾਰੀ ਤਾਂ ਉੱਚੇ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਹੁੰਦੀ ਹੈ। ਸਮਾਜਿਕ ਕਾਰਕੁੰਨ ਨੇ ਕਿਹਾ ਕਿ ਲੋਕਤੰਤਰ ਵਿੱਚ ਟਕਰਾਅ ਦੀ ਬਜਾਏ ਗੱਲਬਾਤ ਹਮੇਸ਼ਾ ਬਿਹਤਰ ਹੁੰਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਜਨਤਾ ਦੀ ਆਵਾਜ਼ ਨੂੰ ਰਾਜਨੀਤਿਕ ਵਿਰੋਧੀਆਂ ਦੀ ਆਵਾਜ਼ ਨਾ ਸਮਝਣ।
