ਆਸ਼ੀਸ਼ ਬੈਨਰਜੀ ਦੀ ਲਾਸ਼ ਬੀਰਭੂਮ ਜ਼ਿਲ੍ਹੇ ਦੇ ਪਾਰਟੀ ਦਫ਼ਤਰ 'ਚੋਂ ਮਿਲੀ
ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਆਸ਼ੀਸ਼ ਬੈਨਰਜੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ । ਐਤਵਾਰ ਸਵੇਰੇ ਬੀਰਭੂਮ ਜ਼ਿਲ੍ਹੇ ਦੇ ਟੀ.ਐੱਮ.ਸੀ. ਦਫ਼ਤਰ ਵਿੱਚ ਉਨ੍ਹਾਂ ਦੀ ਲਾਸ਼ ਫੰਦੇ ਨਾਲ ਲਟਕਦੀ ਮਿਲੀ। ਆਸ਼ੀਸ਼ ਬੈਨਰਜੀ ਰਾਮਪੁਰਹਾਟ ਦੇ ਵਾਰਡ ਨੰਬਰ-5 ਦੇ ਹੱਤਲਾਪਾਰਾ ਇਲਾਕੇ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਘਰ ਦੇ ਨੇੜੇ ਹੀ ਤ੍ਰਿਣਮੂਲ ਕਾਂਗਰਸ ਦਾ ਪਾਰਟੀ ਦਫ਼ਤਰ ਸੀ। ਪੁਲਿਸ ਅਨੁਸਾਰ 16 ਅਗਸਤ ਦੀ ਸਵੇਰ ਦਫ਼ਤਰ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ। ਆਸ਼ੀਸ਼ ਬੈਨਰਜੀ ਟੀ.ਐੱਮ.ਸੀ. ਦੇ ਸਾਬਕਾ ਵਿਧਾਇਕ ਵੀ ਸਨ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਆਸ਼ੀਸ਼ ਬੈਨਰਜੀ ਮਮਤਾ ਬੈਨਰਜੀ ਦੇ ਕਰੀਬੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂਆਂ ਵਿੱਚ ਗਿਣੇ ਜਾਂਦੇ ਸਨ। ਪੱਛਮੀ ਬੰਗਾਲ ਵਿੱਚ ਟੀ.ਐੱਮ.ਸੀ. ਦੀ ਸਰਕਾਰ ਬਣਨ ਤੋਂ ਬਾਅਦ ਉਹ ਕਈ ਵਿਭਾਗਾਂ ਦੇ ਮੰਤਰੀ ਰਹੇ । ਉਹ ਸਕੂਲ ਸਿੱਖਿਆ ਅਤੇ ਖੇਤੀਬਾੜੀ ਮੰਤਰੀ ਵੀ ਰਹਿ ਚੁੱਕੇ ਸਨ। ਆਸ਼ੀਸ਼ 2001, 2006, 2011, 2016 ਅਤੇ 2021 ਵਿੱਚ ਰਾਮਪੁਰਹਾਟ ਸੀਟ ਤੋਂ ਲਗਾਤਾਰ ਪੰਜ ਵਾਰ ਵਿਧਾਇਕ ਚੁਣੇ ਗਏ। ਪਿਛਲੀ ਮਮਤਾ ਸਰਕਾਰ ਵਿੱਚ ਉਹ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ। ਜਦਕਿ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਭਾਜਪਾ (BJP) ਉਮੀਦਵਾਰ ਧ੍ਰੁਵ ਸਾਹਾ ਤੋਂ ਹਾਰ ਗਏ ਸਨ।
