ਹਲਕਾ ਡਕਾਲਾ ਤੋਂ ਬਣੇ ਸਨ ਪਹਿਲੀ ਵਾਰ ਵਿਧਾਇਕ
ਪਟਿਆਲਾ (ਤਪਿੰਦਰ ਸਿੰਘ): ਮਰਹੂਮ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਮਾਲਵੇ ’ਚ ਕਾਂਗਰਸ ਦੇ ਥੰਮ੍ਹ ਸਨ। ਲਾਲ ਸਿੰਘ ਵਲੋਂ ਅਪਣਾ ਸਿਆਸੀ ਜੀਵਨ ਕਾਂਗਰਸ ਪਾਰਟੀ ਅੰਦਰ ਵਿਧਾਇਕ ਵਜੋਂ 1977 ਵਿਚ ਪਹਿਲੀ ਵਾਰ ਡਕਾਲਾ ਹਲਕੇ ਤੋਂ ਜਿੱਤ ਕੇ ਸ਼ੁਰੂ ਕੀਤਾ ਗਿਆ ਸੀ, ਪਰ ਇਸ ਤੋਂ ਪਹਿਲਾਂ ਉਹ ਸਹਿਕਾਰੀ ਬੈਂਕ, ਮਾਰਕੀਟ ਕਮੇਟੀ, ਛੇ ਵਾਰ ਵਿਧਾਇਕ, ਤਿੰਨ ਵਾਰ ਕੈਬਨਿਟ ਮੰਤਰੀ ਵਜੋਂ ਉਨ੍ਹਾਂ ਸੇਵਾਵਾਂ ਨਿਭਾਈਆਂ। ਲਾਲ ਸਿੰਘ ਪੰਚਾਇਤ ਸੰਮਤੀ ਆਦਿ ਸੰਸਥਾਵਾਂ ਵਿਚ ਜਿੱਤ ਦਰਜ ਕਰ ਕੇ ਜ਼ਮੀਨੀ ਰਾਜਨੀਤੀ ਵਿਚੋਂ ਅੱਗੇ ਵਧੇ ਸਨ।
ਲਾਲ ਸਿੰਘ ਇਕ ਨਿਰ ਵਿਵਾਦਤ ਲੀਡਰ ਸਨ ਜਿਸ ਕਾਰਨ ਵਿਰੋਧੀ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਸਨ। ਲਾਲ ਸਿੰਘ 1977 ਤੋਂ ਬਾਅਦ ਦੂਜੀ ਵਾਰ ਮੁੜ 1980 ਵਿਚ ਹਲਕਾ ਡਕਾਲਾ ਤੋਂ ਕਾਂਗਰਸ ਪਾਰਟੀ ਤੋਂ ਹੀ ਵਿਧਾਇਕ ਜਿੱਤੇ। ਸਾਲ 1992 ਵਿਚ ਮੁੜ ਚੋਣਾਂ ਹੋਈਆਂ ਅਤੇ ਲਾਲ ਸਿੰਘ ਵਲੋਂ ਤੀਜੀ ਵਾਰ ਹਲਕਾ ਡਕਾਲਾ ਤੋਂ ਜਿੱਤ ਦਰਜ ਕਰ ਕੇ ਵਿਧਾਇਕ ਬਣੇ। ਸਾਲ 1992 ਵਿਚ ਲਾਲ ਸਿੰਘ ਨੇ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿਚ ਸਿਹਤ ਅਤੇ ਪਰਵਾਰ ਭਲਾਈ, ਡਾਕਟਰੀ ਸਿਖਿਆ ਅਤੇ ਖੋਜ, ਖ਼ੁਰਾਕ ਅਤੇ ਸਿਵਲ ਸਪਲਾਈ ਕੈਬਨਿਟ ਮੰਤਰੀ ਵਜੋਂ ਅਪਣੀ ਸੇਵਾ ਨਿਭਾਈ।
ਸਾਲ 1996 ਅੰਦਰ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਦੇ ਕੈਬਨਿਟ ਮੰਤਰੀ ਬਣੇ। ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਲਾਲ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸਾਲ 2002 ਵਿਚ ਲਾਲ ਸਿੰਘ ਮੁੜ ਹਲਕਾ ਡਕਾਲਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਅਤੇ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਮੁੱਖ ਮੰਤਰੀ ਬਣੇ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿਚ ਲਾਲ ਸਿੰਘ ਖ਼ਜ਼ਾਨਾ ਮੰਤਰੀ ਬਣੇ ਅਤੇ ਨਾਲ ਹੀ ਉਨ੍ਹਾਂ ਕੋਲ ਵਿੱਤ, ਯੋਜਨਾਬੰਦੀ, ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਸਿੰਚਾਈ ਸਹਿਕਾਰਤਾ, ਪਾਵਰ, ਪੇਂਡੂ ਵਿਕਾਸ ਅਤੇ ਪੰਚਾਇਤ, ਜੇਲ ਅਤੇ ਸਿਵਲ ਏਵੀਏਸ਼ਨ ਵਰਗੇ ਅਹਿਮ ਵਿਭਾਗ ਵੀ ਸਨ। ਇਸ ਤੋਂ ਬਾਅਦ ਸਾਲ 2012 ਵਿਚ ਹਲਕਾ ਡਕਾਲਾ ਤੋੜ ਕੇ ਹਲਕਾ ਸਨੌਰ ਬਣਾ ਦਿਤਾ ਗਿਆ ਅਤੇ ਲਾਲ ਸਿੰਘ ਹਲਕਾ ਸਨੌਰ ਤੋਂ 2012 ਵਿਚ ਜਿੱਤ ਕੇ ਵਿਧਾਇਕ ਬਣੇ।
ਉਹ ਉਚ ਅਹੁਦਿਆਂ ਤੇ ਰਹਿੰਦੇ ਹੋਏ ਵੀ ਅਪਣੇ ਹਲਕੇ ਦੇ ਆਗੂਆਂ ਅਤੇ ਅਪਣੇ ਵਰਕਰਾਂ ਨਾਲ ਜ਼ਮੀਨੀ ਪੱਧਰ ’ਤੇ ਜੁੜੇ ਰਹੇ। ਸਾਲ 2017 ਦੀ ਚੋਣ ਵਿਚ ਇਨ੍ਹਾਂ ਨੇ ਅਪਣੇ ਬੇਟੇ ਕਾਕਾ ਰਜਿੰਦਰ ਸਿੰਘ ਨੂੰ ਰਾਜਨੀਤੀ ਵਿਚ ਅੱਗੇ ਤੋਰਿਆ ਅਤੇ ਉਹ ਸਮਾਣਾ ਤੋਂ ਜਿੱਤ ਕੇ ਵਿਧਾਇਕ ਬਣੇ। ਸਾਲ 2017 ਦੀ ਕੈਪਟਨ ਅਮਰਿੰਦਰ ਵਾਲੀ ਸਰਕਾਰ ਵਿਚ ਉਹ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਬਣੇ। ਲਾਲ ਸਿੰਘ ਇੰਦਰਾ ਗਾਂਧੀ ਅਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਜ਼ਦੀਕੀਆਂ ਵਿਚੋਂ ਰਹੇ ਹਨ ਅਤੇ ਦਿੱਲੀ ਤੋਂ ਹੀ ਟਿਕਟ ਲੈ ਕੇ ਪੁੱਜਦੇ ਸਨ।
ਲਾਲ ਸਿੰਘ ਦੇ ਚਲੇ ਜਾਣ ਨਾਲ ਜਿਥੇ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ ਉਥੇ ਉਨ੍ਹਾਂ ਦੇ ਪ੍ਰਵਾਰ ਅਤੇ ਚਾਹੁਣ ਵਾਲਿਆਂ ਨੂੰ ਨਾ ਪੂਰਨ ਵਾਲਾ ਘਾਟਾ ਪਿਆ ਹੈ। ਸਵ. ਲਾਲ ਸਿੰਘ ਦੀ ਅੰਤਮ ਅਰਦਾਸ ਅੱਜ 10 ਅਪ੍ਰੈਲ ਨੂੰ ਪਟਿਆਲਾ ਦੇ ਗੁਰਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ ਵਿਖੇ ਦੁਪਿਹਰ 12 ਵਜੇ ਤੋਂ ਦੁਪਿਹਰ 1 ਵਜੇ ਤਕ ਹੋਵੇਗੀ ਜਿਥੇ ਮਹਾਨ ਸ਼ਖ਼ਸੀਅਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।
