ਖ਼ਬਰਾਂ |

ਤਾਜ਼ਾ |

ਨਾਵਾਜਬ ਨਹੀਂ ਵਿਆਜ ਦਰ ਵਧਾਉਣ ਦਾ ਫ਼ੈਸਲਾ
Published : Oct 9, 2026, 7:50 am IST
Updated : Oct 9, 2026, 11:39 am IST
SHARE ARTICLE
photo
photo

ਵਿਆਜ ਦਰਾਂ ਵਿਚ ਵਾਧਾ, ਕਰਜ਼ੇ ਹੋਏ ਮਹਿੰਗੇ

ਵਿਆਜ ਦਰਾਂ ਵਿਚ ਵਾਧਾ, ਕਰਜ਼ੇ ਹੋਏ ਮਹਿੰਗੇ : ਅਜਿਹੀਆਂ ਸੁਰਖ਼ੀਆਂ ਪੜ੍ਹਨ-ਸੁਣਨ ਸਮੇਂ ਚੰਗੇਰਾ ਪ੍ਰਭਾਵ ਨਹੀਂ ਪਾਉਂਦੀਆਂ। ਪਰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਵਲੋਂ ਰੈਪੋ ਦਰ 0.25 ਫ਼ੀਸਦੀ ਵਧਾ ਕੇ 5.50 ਫ਼ੀਸਦੀ ਕਰਨ ਦਾ ਫ਼ੈਸਲਾ ਸਾਡੇ ਮੁਲਕ ਦੇ ਆਰਥਿਕ ਤੇ ਵਿੱਤੀ ਹਾਲਾਤ ਮੁਤਾਬਿਕ ਦਰੁਸਤ ਵੀ ਹੈ ਅਤੇ ਅਮਲੀ ਵੀ। ਰੈਪੋ ਰੇਟ ਉਹ ਵਿਆਜ ਦਰ ਹੈ ਜੋ ਰਿਜ਼ਰਵ ਬੈਂਕ ਹੋਰਨਾਂ ਕਮਰਸ਼ਲ ਬੈਂਕਾਂ ਨੂੰ ਉਧਾਰ ਦਿਤੀਆਂ ਰਕਮਾਂ ਉੱਤੇ ਵਸੂਲਦਾ ਹੈ। ਇਸੇ ਦਰ ਦੇ ਆਧਾਰ ’ਤੇ ਕਮਰਸ਼ਲ ਬੈਂਕ ਆਪੋ-ਅਪਣੀਆਂ ਵਿਆਜ ਦਰਾਂ ਤੈਅ ਕਰਦੇ ਹਨ। ਸਾਢੇ ਤਿੰਨ ਵਰਿ੍ਹਆਂ ਬਾਅਦ ਮੁਲਕ ਦੇ ਕੇਂਦਰੀ ਬੈਂਕ ਨੇ ਇਹ ਦਰ ਵਧਾਈ ਹੈ। ਉਹ ਵੀ ਆਲਮੀ ਵਿੱਤੀ ਬਾਜ਼ਾਰ ਅੰਦਰਲੀ ਨਿਰੰਤਰ ਅਸਥਿਰਤਾ ਕਾਰਨ।

ਇਹ ਅਸਥਿਰਤਾ ਪੱਛਮੀ ਏਸ਼ੀਆ ਵਿਚਲੀ ਜੰਗ ਕਾਰਨ ਕੱਚੇ ਪੈਟਰੋ ਤੇਲ ਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿਚ ਆਏ ਲਗਾਤਾਰ ਉਛਾਲੇ ਕਰ ਕੇ ਉਪਜੀ ਅਤੇ ਫਲੀ-ਫੁਲੀ। ਹੁਣ ਇਹ ਛੇਤੀ ਖ਼ਤਮ ਹੁੰਦੀ ਵੀ ਨਹੀਂ ਦਿਸ ਰਹੀ। ਇਸੇ ਲਈ ਰਿਜ਼ਰਵ ਬੈਂਕ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਰੈਪੋ ਦਰ, ਅਗਲੇਰੇ ਦਿਨਾਂ ਦੇ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਹੋਰ ਵੱਧ ਸਕਦੀ ਹੈ। ਉਂਜ, ਉਸ ਨੇ ਮੌਜੂਦਾ ਵਿੱਤੀ ਵਰ੍ਹੇ (2026-27) ਦੀ ਪਹਿਲੀ ਤਿਮਾਹੀ (ਅਪਰੈਲ ਤੋਂ ਜੂਨ) ਦੌਰਾਨ ਕੌਮੀ ਵਿਕਾਸ ਦਰ 7.8 ਫ਼ੀਸਦੀ ਰਹਿਣ ਦੇ ਮੱਦੇਨਜ਼ਰ ਸਾਲਾਨਾ ਕੌਮੀ ਵਿਕਾਸ ਦਰ 7.1 ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਜੋ ਨਾਂਹਮੁਖੀ ਸੋਚ ਦੇ ਧਾਰਕਾਂ ਨੂੰ ਥੋੜ੍ਹਾ-ਬਹੁਤ ਧਰਵਾਸ ਦੇ ਸਕਦੀ ਹੈ।

ਜ਼ਿਕਰਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਦੀ ਤਿਮਾਹੀ ਸਮੀਖਿਆ ਦੌਰਾਨ ਬੈਂਕ ਦੀ ਐਮ.ਪੀ.ਸੀ. ਨੇ ਉਪਰੋਕਤ ਵਿਕਾਸ ਦਰ 6.8 ਫ਼ੀਸਦੀ ਰਹਿਣ ਦਾ ਅਨੁਮਾਨ ਪੇਸ਼ ਕੀਤਾ ਸੀ। ਨਵਾਂ ਅਨੁਮਾਨ ਦਰਸਾਉਂਦਾ ਹੈ ਕਿ ਵਿਸ਼ਵ-ਪੱਧਰੀ ਆਰਥਿਕ ਥਪੇੜਿਆਂ ਦੀ ਬਰਕਰਾਰੀ ਦੇ ਬਾਵਜੂਦ ਐਮ.ਪੀ.ਸੀ. ਨੂੰ ਭਾਰਤੀ ਅਰਥਚਾਰੇ ਦੀ ਮਜ਼ਬੂਤੀ ਅਤੇ ਥਪੇੜੇ ਸਹਿਣ ਦੀ ਸਮਰਥਾ ਉਪਰ ਪੂਰਾ ਯਕੀਨ ਹੈ। ਇਹ ਅਪਣੇ ਆਪ ਵਿਚ ਤਸੱਲੀ ਵਾਲੀ ਗੱਲ ਹੈ। 

ਵੱਧ ਵਿਆਜ ਦਰਾਂ, ਮਹਿੰਗਾਈ ਦਰ ਵਿਚ ਇਜ਼ਾਫ਼ੇ ਦੇ ਰੁਝਾਨ ਨੂੰ ਕਿਵੇਂ ਠੱਲ੍ਹ ਪਾ ਸਕਦੀਆਂ ਹਨ? ਇਸ ਸਵਾਲ ਦਾ ਸਰਲ ਜਿਹਾ ਜਵਾਬ ਹੈ : ਲੋਕਾਂ ਨੂੰ ਕਮਖ਼ਰਚੀ ਸਿਖਾ ਕੇ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਵਿਆਜ ਦਰਾਂ ਨੀਵੀਆਂ ਹੋਣ ਤਾਂ ਕਰਜ਼ੇ ਲੈਣ ਵਾਲਿਆਂ ਅਤੇ ਸ਼ਾਹਖ਼ਰਚੀ ਕਰਨ ਵਾਲਿਆਂ ਦੀ ਤਾਦਾਦ ਤੇਜ਼ੀ ਨਾਲ ਵੱਧ ਜਾਂਦੀ ਹੈ। ਉਤਪਾਦ ਵੱਧ ਵਿਕਦੇ ਹਨ। ਇਸ ਰੁਝਾਨ ਤੋਂ ਮੁਨਾਫ਼ਾ ਕਮਾਉਣ ਦੀ ਬਿਰਤੀ ਵੀ ਜ਼ੋਰ ਫੜ ਲੈਂਦੀ ਹੈ। ਕੰਪਨੀਆਂ ਚੁੱਪ-ਚੁਪੀਤਿਆਂ ਵਸਤਾਂ ਦੇ ਭਾਅ ਵਧਾਈ ਜਾਂਦੀਆਂ ਹਨ। ਇਹ ਬਿਰਤੀ ਮਹਿੰਗਾਈ ਦਰ ਨੂੰ ਬੇਲੋੜਾ ਹੁਲਾਰਾ ਦਿੰਦੀ ਹੈ। ਇਸ ਨੂੰ ਕਾਬੂ ਵਿਚ ਰੱਖਣ ਦਾ ਬਿਹਤਰ ਵਸੀਲਾ ਹੈ ਪੈਸੇ ਦੀ ਉਪਲਬਧਤਾ ਘਟਾਉਣੀ। ਅਜਿਹਾ ਕਦਮ ਭਾਵੇਂ ਉਤਪਾਦਕਤਾ ਉਪਰ ਮੰਦਾ ਅਸਰ ਜ਼ਰੂਰ ਪਾਉਂਦਾ ਹੈ, ਪਰ ਨਾਲ ਹੀ ਫ਼ਜ਼ੂਲਖ਼ਰਚੀ ਘਟਾ ਦਿੰਦਾ ਹੈ। ਇਸ ਤਰ੍ਹਾਂ ਇਹ ਵਰਤਾਰਾ ਮਹਿੰਗਾਈ ਦਰ ਨੂੰ ਕੰਟਰੋਲ ਕਰਨ ਵਿਚ ਸਿੱਧੇ ਤੌਰ ’ਤੇ ਸਹਾਈ ਹੁੰਦਾ ਹੈ।

ਇਹ ਕੌਮਾਂਤਰੀ ਪੱਧਰ ਉੱਤੇ ਪਸਰੀ ਹੋਈ ਆਰਥਿਕ ਅਸਥਿਰਤਾ ਦਾ ਹੀ ਅਸਰ ਹੈ ਕਿ ਧਨਾਢ ਦੇਸ਼ਾਂ ਦੇ ਕੇਂਦਰੀ ਬੈਂਕ ਵੀ ਵਿਆਜ ਦਰਾਂ ਵਧਾਉਣ ਦੇ ਰਾਹ ਤੁਰੇ ਹੋਏ ਹਨ। ਅਮਰੀਕਾ ਦੇ ਫ਼ੈੱਡ ਰਿਜ਼ਰਵ ਨੇ ਪਿਛਲੇ ਮਹੀਨੇ ਰੈਪੋ ਰੇਟ 0.25 ਫ਼ੀਸਦੀ ਵਧਾ ਕੇ 3.75 ਤੋਂ 4.00 ਫ਼ੀਸਦੀ ਕੀਤਾ। ਫ਼ੈੱਡ ਰਿਜ਼ਰਵ ਇਹ ਦਰ ਅਮੂਮਨ 3 ਤੋਂ 3.25 ਫ਼ੀਸਦੀ ਤਕ ਸੀਮਤ ਰੱਖਦਾ ਆਇਆ ਹੈ, ਪਰ ਹੁਣ ਅਮਰੀਕਾ ਵਿਚ ਵੀ ਪਰਚੂਨ ਮਹਿੰਗਾਈ ਦਰ 4 ਫ਼ੀਸਦੀ ਦੇ ਆਸ-ਪਾਸ ਰਹਿਣ ਕਾਰਨ ਉਸ ਨੇ ਰੈਪੋ ਰੇਟ ਵਧਾਉਣ ਵਾਲਾ ਰਾਹ ਅਖ਼ਤਿਆਰ ਕੀਤਾ ਹੈ। ਇਹ ਵੀ ਇਕ ਵਿਡੰਬਨਾ ਹੈ ਕਿ ਫ਼ੈੱਡ ਰਿਜ਼ਰਵ ਵਲੋਂ ਵਿਆਜ ਦਰਾਂ ਵਧਾਉਣ ਦੀ ਸਿੱਧੀ ਮਾਰ ਵਿਕਾਸਸ਼ੀਲ ਮੁਲਕਾਂ ਨੂੰ ਪੈਂਦੀ ਹੈ। ਉਨ੍ਹਾਂ ਦੇ ਵਿੱਤੀ ਅਦਾਰਿਆਂ ਵਿਚ ਅਮਰੀਕੀ ਨਿਵੇਸ਼ ਤੇਜ਼ੀ ਨਾਲ ਘੱਟ ਜਾਂਦਾ ਹੈ।

ਪਹਿਲਾਂ ਜੋ ਪੈਸਾ ਵੱਧ ਵਿਆਜ ਦਰ ਮਿਲਣ ਦੀ ਗਰਜ਼ ਨਾਲ ਵਿਕਾਸਸ਼ੀਲ ਮੁਲਕਾਂ ਵਿਚ ਨਿਵੇਸ਼ਿਤ ਹੁੰਦਾ ਸੀ, ਉਹ ਅਮਰੀਕਾ ਵਿਚ ਹੀ ਇਸ ਸੋਚ ਨਾਲ ਜਮ੍ਹਾ ਹੋਣ ਲੱਗਦਾ ਹੈ ਕਿ ਉੱਥੋਂ ਦੇ ਵਿੱਤੀ ਅਦਾਰਿਆਂ ਤੋਂ ਵੱਧ ਸੁਰੱਖਿਅਤ ਕਮਾਈ ਸਹਿਜੇ ਹੀ ਸੰਭਵ ਹੋ ਸਕਦੀ  ਹੈ। ਭਾਰਤੀ ਰਿਜ਼ਰਵ ਬੈਂਕ ਦੀ ਐਮ.ਪੀ.ਸੀ. ਨੂੰ ਤਿਮਾਹੀ ਮੁਦਰਾ ਨੀਤੀ ਤੈਅ ਕਰਨ ਸਮੇਂ ਅਜਿਹੀਆਂ ਹਕੀਕਤਾਂ ਦਾ ਖ਼ਿਆਲ ਵੀ ਉਚੇਚੇ ਤੌਰ ’ਤੇ ਰੱਖਣਾ ਪੈਂਦਾ ਹੈ। ਬਹਰਹਾਲ, ਭਾਰਤ ਦੇ ਕੇਂਦਰੀ ਬੈਂਕ ਨੇ ਰੈਪੋ ਰੇਟ ਵਿਚ ਸੀਮਤ ਜਿਹਾ ਵਾਧਾ ਕਰ ਕੇ ਬੈਂਕਾਂ, ਖਪਤਕਾਰਾਂ, ਨਿਵੇਸ਼ਕਾਰਾਂ ਅਤੇ ਉਤਪਾਦਕਾਂ ਦੇ ਹਿਤਾਂ ਦਰਮਿਆਨ ਤਵਾਜ਼ਨ ਬਿਠਾਉਣ ਦਾ ਹੀਲਾ ਕੀਤਾ ਹੈ। ਇਹ ਕਦਮ ਨਾ ਸਿਰਫ਼ ਵਾਜਬ ਹੈ ਸਗੋਂ ਵਕਤ ਦੇ ਤਕਾਜ਼ਿਆਂ ਮੁਤਾਬਿਕ ਸਹੀ ਵੀ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement