ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ’ਚ ਪੰਜਾਬ ਦਾ ਦਬਦਬਾ
ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਜਾਰੀ ਕੀਤੀ ਗਈ ‘ਪਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀ.ਜੀ.ਆਈ.) 2025-26’ ਦੀ ਤਾਜ਼ਾ ਰੀਪੋਰਟ ਵਿਚ ਚੰਡੀਗੜ੍ਹ ਨੇ ਦੇਸ਼ ਭਰ ਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਦੇ ਨਾਲ ਹੀ ਪੰਜਾਬ, ਕੇਰਲ, ਦਿੱਲੀ ਅਤੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਹੇ ਹਨ। ਇਸ ਵਾਰ ਪੀ.ਜੀ.ਆਈ. 2.0 ਤਹਿਤ ਸੂਬਿਆਂ ਨੂੰ ਦਰਜਾਬੰਦੀ ਦੇਣ ਦੀ ਬਜਾਏ ਗ੍ਰੇਡਿੰਗ ਪ੍ਰਣਾਲੀ ਵਿਚ ਵੰਡਿਆ ਗਿਆ ਹੈ, ਤਾਂ ਜੋ ਸਿੱਖਿਆ ਦੇ ਖੇਤਰ ਵਿਚ ਇਕ ਸਕਾਰਾਤਮਕ ਅਤੇ ਸੰਤੁਲਿਤ ਮੁਕਾਬਲਾ ਪੈਦਾ ਕੀਤਾ ਜਾ ਸਕੇ।
ਇਸ ਰੀਪੋਰਟ ਵਿਚ 70 ਵੱਖ-ਵੱਖ ਸੂਚਕਾਂ ਦੇ ਅਧਾਰ ’ਤੇ ਮੁਲਾਂਕਣ ਕੀਤਾ ਗਿਆ ਹੈ, ਜਿਨ੍ਹਾਂ ਨੂੰ ਮੁੱਖ ਤੌਰ ’ਤੇ ਦੋ ਸ਼੍ਰੇਣੀਆਂ, ਨਤੀਜੇ’ ਅਤੇ ‘ਸ਼ਾਸਨ ਤੇ ਪ੍ਰਬੰਧਨ’ ਵਿਚ ਵੰਡਿਆ ਗਿਆ ਹੈ।ਰੀਪੋਰਟ ਅਨੁਸਾਰ, 90 ਫੀ ਸਦੀ ਤੋਂ ਵੱਧ ਅੰਕਾਂ ਵਾਲੇ ਸਰਵਉੱਚ ਗ੍ਰੇਡ ‘ਉਤਕਰਸ਼’ ਵਿਚ ਕੋਈ ਵੀ ਸੂਬਾ ਥਾਂ ਨਹੀਂ ਬਣਾ ਸਕਿਆ। ਰੀਪੋਰਟ ਵਿਚ ਸਾਫ਼ ਕਿਹਾ ਗਿਆ ਹੈ ਕਿ, ‘‘ਕੋਈ ਵੀ ਸੂਬਾ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਉਤਕਰਸ਼, ਉੱਤਮ-1 ਅਤੇ ਉੱਤਮ-2 ਗ੍ਰੇਡ ਪ੍ਰਾਪਤ ਨਹੀਂ ਕਰ ਸਕਿਆ ਅਤੇ ਚੰਡੀਗੜ੍ਹ ਇਕੱਲਾ ਅਜਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜੋ ਉੱਤਮ-3 (61-70 ਫੀ ਸਦੀ ) ਸ਼੍ਰੇਣੀ ਵਿਚ ਸ਼ਾਮਲ ਹੋਇਆ ਹੈ।’’ ਜੇਕਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ, ਤਾਂ ਦੇਸ਼ ਭਰ ਦੇ ਕੁਲ 19 ਜ਼ਿਲ੍ਹਿਆਂ ਨੇ 70 ਫੀ ਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ‘ਉੱਤਮ-2’ ਗ੍ਰੇਡ ਹਾਸਲ ਕੀਤਾ ਹੈ। ਇਨ੍ਹਾਂ ਚੋਟੀ ਦੇ ਜ਼ਿਲ੍ਹਿਆਂ ਵਿਚ ਪੰਜਾਬ ਦਾ ਦਬਦਬਾ ਵੇਖਣ ਨੂੰ ਮਿਲਿਆ ਹੈ।
ਰੀਪੋਰਟ ਮੁਤਾਬਕ, ‘‘ਇਨ੍ਹਾਂ 19 ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਵਿਚ ਦਿੱਲੀ ਦੇ ਚਾਰ, ਪੰਜਾਬ ਦੇ ਸੱਤ, ਕੇਰਲ ਦੇ ਤਿੰਨ ਅਤੇ ਮਹਾਰਾਸ਼ਟਰ ਦੇ ਦੋ ਜ਼ਿਲ੍ਹੇ ਸ਼ਾਮਲ ਹਨ।’’ ਇਸ ਤੋਂ ਇਲਾਵਾ ਚੰਡੀਗੜ੍ਹ, ਦੀਊ ਅਤੇ ਹਿਮਾਚਲ ਪ੍ਰਦੇਸ਼ ਦਾ ਹਮੀਰਪੁਰ ਵੀ ਇਸ ਸੂਚੀ ਵਿਚ ਸ਼ਾਮਲ ਹਨ।
ਸਿੱਖਿਆ ਮੰਤਰਾਲੇ ਦੀ ਰੀਪੋਰਟ ਵਿਚ ਇਹ ਵੀ ਦਸਿਆ ਗਿਆ ਹੈ ਕਿ, ‘‘ਕੁਲ 462 ਜ਼ਿਲ੍ਹਿਆਂ ਨੇ ਅਪਣੇ ਨਤੀਜਿਆਂ ਦੇ ਸਕੋਰ ਵਿਚ ਸੁਧਾਰ ਕੀਤਾ ਹੈ, ਜਿਨ੍ਹਾਂ ’ਚੋਂ 50 ਜ਼ਿਲ੍ਹਿਆਂ ਨੇ ਗ੍ਰੇਡ ਪੱਧਰ ’ਤੇ ਤਰੱਕੀ ਦਰਜ ਕੀਤੀ ਹੈ।’’ ਹਾਲਾਂਕਿ, ਜ਼ਿਲ੍ਹਾ ਪੱਧਰ ’ਤੇ ਵੀ ਅਜੇ ਬਹੁਤ ਸੁਧਾਰ ਦੀ ਗੁੰਜਾਇਸ਼ ਹੈ ਕਿਉਂਕਿ ਕਿਸੇ ਵੀ ਜ਼ਿਲ੍ਹੇ ਨੇ ‘ਉਤਕਰਸ਼’ ਗ੍ਰੇਡ ਹਾਸਲ ਨਹੀਂ ਕੀਤਾ। ਇਹ ਇੰਡੈਕਸ ਡਿਜੀਟਲ ਲਰਨਿੰਗ, ਸਕੂਲ ਸੁਰੱਖਿਆ, ਬੁਨਿਆਦੀ ਢਾਂਚੇ ਅਤੇ ਸਿੱਖਣ ਦੇ ਨਤੀਜਿਆਂ ਵਰਗੇ 11 ਮਹੱਤਵਪੂਰਨ ਖੇਤਰਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। (ਪੀ.ਟੀ.ਆਈ.)
