ਖ਼ਬਰਾਂ |

ਤਾਜ਼ਾ |

ਮਨੀਪੁਰ ’ਚ ਮੁੜ ਹਿੰਸਾ ਭੜਕੀ, ਬੰਬ ਧਮਾਕੇ ਨਾਲ ਦੋ ਬੱਚਿਆਂ ਦੀ ਮੌਤ ਮਗਰੋਂ ਤੋੜਭੰਨ ਅਤੇ ਸਾੜਫੂਕ
Published : Apr 7, 2026, 8:43 pm IST
Updated : Apr 7, 2026, 8:43 pm IST
SHARE ARTICLE
Violence erupts again in Manipur, vandalism and arson after two children die in bomb blast
Violence erupts again in Manipur, vandalism and arson after two children die in bomb blast

ਭੀੜ ਵਲੋਂ ਸੀ.ਆਰ.ਪੀ.ਐਫ਼. ਕੈਂਪ ’ਤੇ ਹਮਲਾ

ਇੰਫਾਲ: ਮਨੀਪੁਰ ਦੇ ਬਿਸ਼ਨੁਪੁਰ ਜ਼ਿਲ੍ਹੇ ਦੇ ਮੋਇਰੰਗ ਤ੍ਰੋਂਗਲੋਬੀ ਇਲਾਕੇ ਵਿਚ ਅੱਜ ਤੜਕੇ ਇਕ ਘਰ ’ਤੇ ਬੰਬ ਹਮਲੇ ਵਿਚ ਦੋ ਨਿੱਕੇ ਬੱਚਿਆਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਮਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ, ਸ਼ੱਕੀ ਅਤਿਵਾਦੀਆਂ ਨੇ ਰਾਤ 1 ਵਜੇ ਘਰ ’ਤੇ ਬੰਬ ਸੁੱਟਿਆ, ਜਿਸ ਨਾਲ 5 ਸਾਲ ਦਾ ਮੁੰਡਾ ਅਤੇ 6 ਮਹੀਨੇ ਦੀ ਕੁੜੀ ਦੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਲੋਕਾਂ ਨੇ ਭਾਰੀ ਰੋਸ ਪ੍ਰਗਟਾਇਆ। ਗ੍ਰਹਿ ਮੰਤਰੀ ਗੋਵਿੰਦਾਸ ਕੋਂਥੋਜਾਮ ਨੇ ਕਿਹਾ ਕਿ ਬਿਸ਼ਨੁਪੁਰ ’ਚ ਭੀੜ ਵਲੋਂ ਇਕ ਸੀ.ਆਰ.ਪੀ.ਐਫ਼. ਕੈਂਪ ’ਤੇ ਹਮਲੇ ਮਗਰੋਂ ਗੋਲੀਬਾਰੀ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਗੇਲਮੋਲ ਨੇੜੇ ਕੈਂਪ ’ਤੇ ਹਮਲਾ ਕਰ ਦਿਤਾ ਜੋ ਬੰਬ ਧਮਾਕੇ ਵਾਲੀ ਥਾਂ ਤੋਂ 100 ਕੁ ਮੀਟਰ ਹੀ ਦੂਰ ਹੈ। 

ਗ੍ਰਹਿ ਮੰਤਰੀ ਨੇ ਕਿਹਾ, ‘‘ਮੈਂ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੀ.ਆਰ.ਪੀ.ਐਫ਼. ਕੈਂਪ ’ਚ ਨਾ ਜਾਣ ਅਤੇ ਉਨ੍ਹਾਂ ਨੂੰ ਬੰਬ ਧਮਾਕੇ ’ਚ ਸ਼ਾਮਲ ਲੋਕਾਂ ਨੂੰ ਫੜਨ ਲਈ ਕਾਰਵਾਈ ਕਰਨ ਦੇਣ।’’ ਪਰ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਅਪੀਲ ਨਹੀਂ ਮੰਨੀ। ਗ੍ਰਹਿ ਮੰਤਰੀ ਨੇ ਅੱਗੇ ਕਿਹਾ, ‘‘ਉਨ੍ਹਾਂ ਨੇ ਸੀ.ਆਰ.ਪੀ.ਐਫ਼. ਕੈਂਪ ’ਚ ਜਾ ਕੇ ਗੱਡੀਆਂ ਸਾੜ ਦਿਤੀਆਂ ਅਤੇ ਕੈਂਪ ਦੇ ਇਕ ਹਿੱਸੇ ਨੂੰ ਵੀ ਢਾਹ ਦਿਤਾ, ਜਿਸ ਕਾਰਨ ਸੁਰੱਖਿਆ ਮੁਲਾਜ਼ਮਾਂ ਨੂੰ ਗੋਲੀਆਂ ਚਲਾਉਣੀਆਂ ਪਈਆਂ।’’
ਇਸ ਤੋਂ ਪਹਿਲਾਂ ਵੀ ਪ੍ਰਦਰਸ਼ਨਕਾਰੀਆਂ ਨੇ ਤੇਲ ਟੈਂਕਰਾਂ ਅਤੇ ਟਰੱਕਾਂ ਨੂੰ ਅੱਗ ਲਗਾ ਦਿਤੀ, ਟਾਇਰ ਸਾੜ ਕੇ ਸੜਕਾਂ ਜਾਮ ਕਰ ਦਿਤੀਆਂ ਅਤੇ ਪੁਲਿਸ ਚੌਕੀ ਨੂੰ ਨੁਕਸਾਨ ਪਹੁੰਚਾਇਆ। ਇੰਫਾਲ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਲੋਕਾਂ ਨੇ ਗੱਡੀਆਂ ਦੀ ਆਵਾਜਾਈ ਰੋਕ ਕੇ ਟਾਇਰ ਸਾੜੇ। ਸਾਰੇ ਬਾਜ਼ਾਰ, ਦੁਕਾਨਾਂ ਅਤੇ ਸਿੱਖਿਆ ਸੰਸਥਾਵਾਂ ਬੰਦ ਰਹੀਆਂ। ਪ੍ਰਦਰਸ਼ਨਕਾਰੀਆਂ ਨੇ ਇੰਫਾਲ ਪੂਰਬ ਦੇ ਖੁਰਾਈ, ਵਾਮਖੇਈ, ਯਾਇਰਿਪੋਕ ਅਤੇ ਇਮਫਾਲ ਪੱਛਮ ਦੇ ਕਵਾਕੇਥਲ, ਥੰਗਮੇਇਬੰਦ ਖੇਤਰਾਂ ਵਿਚ ਟਾਇਰ ਸਾੜੇ। ਬਿਸ਼ਨੁਪੁਰ ਦੇ ਖਾ ਪੋਤਸੰਗਬਮ ਅਤੇ ਇੰਫਾਲ ਤੋਂ ਮੋਇਰੰਗ ਜਾਣ ਵਾਲੇ ਰਸਤੇ ’ਤੇ, ਜ਼ਿਆਦਾਤਰ ਔਰਤਾਂ ਨੇ ਸੁਰੱਖਿਆ ਬਲਾਂ ਦੀਆਂ ਗੱਡੀਆਂ ਰੋਕ ਦਿਤੀ ਆਂ। ਹਾਲਾਤ ਕਾਬੂ ਕਰਨ ਲਈ ਇਲਾਕੇ ’ਚ ਸੁਰੱਖਿਆ ਦਸਤਿਆਂ ਨੂੰ ਤੈਨਾਤ ਕੀਤਾ ਗਿਆ ਹੈ।

ਦੂਜੇ ਪਾਸੇ ਮਨੀਪੁਰ ਸਰਕਾਰ ਨੇ ਵਾਦੀ ਦੇ ਪੰਜ ਜ਼ਿਲ੍ਹਿਆਂ, ਇੰਫਾਲ ਪਛਮੀ, ਇੰਫਾਲ ਪੂਰਬੀ, ਥੌਬਾਲ, ਕਕਚਿੰਗ ਅਤੇ ਬਿਸ਼ਨੁਪੁਰ ਵਿਚ ਤਿੰਨ ਦਿਨ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਹ ਫ਼ੈਸਲਾ ਕਾਨੂੰਨ-ਵਿਵਸਥਾ ਦੀ ਨਾਜ਼ੁਕ ਸਥਿਤੀ ਅਤੇ ਅਫ਼ਵਾਹਾਂ ਦੇ ਫੈਲਾਅ ਨੂੰ ਰੋਕਣ ਲਈ ਲਿਆ ਗਿਆ। 

ਮੁੱਖ ਮੰਤਰੀ ਵਾਈ. ਖੇਮਚੰਦ ਸਿੰਘ ਨੇ ਇਸ ਹਮਲੇ ਤੋਂ ਬਾਅਦ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਲਈ ਉੱਚ-ਪਧਰੀ ਮੀਟਿੰਗ ਸੱਦੀ। ਮੀਟਿੰਗ ਬਾਰੇ ਉਨ੍ਹਾਂ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਵਿਧਾਇਕਾਂ ਨਾਲ ਅੱਜ ਸਕੱਤਰੇਤ ਵਿਖੇ ਇਕ ਉੱਚੀ-ਪਧਰੀ ਮੀਟਿੰਗ ਦੀ ਅਗਵਾਈ ਕੀਤੀ। ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ ਅਤੇ ਤਣਾਅ ਘਟਾਉਣ ਲਈ ਜ਼ਰੂਰੀ ਕਦਮਾਂ ’ਤੇ ਵਿਚਾਰ ਕੀਤਾ। ਸ਼ਾਂਤੀ ਭੰਗ ਹੋਈ ਹੈ ਪਰ ਅਸੀਂ ਛੇਤੀ ਤੋਂ ਛੇਤੀ ਸਥਿਰਤਾ ਲਿਆਉਣ ਲਈ ਸਮਰਪਿਤ ਹਾਂ।’’ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਹਮਲੇ ਨੂੰ ‘‘ਹੈਵਾਨਗੀ’’ ਕਰਾਰ ਦਿਤਾ। ਉਨ੍ਹਾਂ ਨੇ ਕਿਹਾ, ‘‘ਇਹ ਮਨੁੱਖਤਾ ’ਤੇ ਸਿੱਧਾ ਹਮਲਾ ਹੈ ਅਤੇ ਮਨੀਪੁਰ ਦੀ ਸ਼ਾਂਤੀ ਨੂੰ ਤੋੜਨ ਦੀ ਕੋਸ਼ਿਸ਼ ਹੈ। ਮੈਂ ਇਸ ਦੀ ਸੱਭ ਤੋਂ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲੇਗੀ।’’
ਮੁੱਖ ਮੰਤਰੀ ਨੇ ਜ਼ਖ਼ਮੀ ਮਾਂ ਨੂੰ ਮਿਲਣ ਲਈ ਇੰਫਾਲ ਦੇ ਸਰਕਾਰੀ ਪਾਲੀਕਲਿਨਿਕ ਦਾ ਦੌਰਾ ਕੀਤਾ ਅਤੇ ਉਸ ਦੇ ਇਲਾਜ ਲਈ ਸੱਭ ਤੋਂ ਵਧੀਆ ਸਹੂਲਤਾਂ ਮੁਹੱਈਆ ਕਰਨ ਦੇ ਹੁਕਮ ਦਿਤੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਰਹਿਣ ਅਤੇ ਅਜਿਹੀਆਂ ਤਾਕਤਾਂ ਦੇ ਵਿਰੁਧ ਡਟ ਕੇ ਖੜ੍ਹੇ ਹੋਣ ਜੋ ਆਪਸੀ ਭਾਈਚਾਰੇ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ।

ਸਥਾਨਕ ਐਨ.ਪੀ.ਪੀ. ਵਿਧਾਇਕ ਸ਼ਾਂਤੀ ਸਿੰਘ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ, ‘‘ਇਹ ਨਸ਼ਾ ਤਸਕਰਾਂ-ਅਤਿਵਾਦੀਆਂ ਵਲੋਂ ਕੀਤਾ ਗਿਆ ਬੇਹੱਦ ਕਠੋਰ ਹਮਲਾ ਹੈ। ਅਜਿਹੇ ਅਣਮਨੁੱਖੀ ਕੰਮਾਂ ਦੀ ਸਖ਼ਤ ਨਿੰਦਾ ਹੋਣੀ ਚਾਹੀਦੀ ਹੈ।’’ ਜ਼ਿਕਰਯੋਗ ਹੈ ਕਿ ਮਈ 2023 ਤੋਂ ਮਨੀਪੁਰ ਵਿਚ ਮੈਈਤੀ ਅਤੇ ਕੁਕੀ-ਜ਼ੋ ਸਮੂਹਾਂ ਵਿਚਕਾਰ ਹਿੰਸਾ ਕਾਰਨ 260 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ।    

ਭੀੜ ਵਲੋਂ ਸੁਰੱਖਿਆ ਬਲਾਂ ਦੇ ਕੈਂਪ ’ਤੇ ਧਾਵਾ, ਗੋਲੀ ਲੱਗਣ ਕਾਰਨ ਚਾਰ ਜ਼ਖ਼ਮੀ

ਮਨੀਪੁਰ ਦੇ ਬਿਸ਼ਨੁਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਦੇ ਕੈਂਪ ’ਤੇ ਭੀੜ ਨੇ ਹਮਲਾ ਕਰ ਦਿਤਾ, ਜਿਸ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਘੱਟੋ-ਘੱਟ ਚਾਰ ਲੋਕ ਜ਼ਖ਼ਮੀ ਹੋਏ ਹਨ, ਅਧਿਕਾਰੀਆਂ ਨੇ ਕਿਹਾ। ਅਧਿਕਾਰੀਆਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੇ ਤਰੋਂਗਲੋਬੀ ਤੋਂ ਲਗਭਗ 200 ਮੀਟਰ ਦੂਰ ਸਥਿਤ ਕੇਂਦਰੀ ਬਲਾਂ ਦੇ ਕੈਂਪ ’ਤੇ ਹਮਲਾ ਕਰ ਕੇ ਤਬਾਹੀ ਮਚਾਈ। ਪ੍ਰਦਰਸ਼ਨਕਾਰੀਆਂ ਨੇ ਕੈਂਪ ਅੰਦਰ ਖੜੀਆਂ ਕਈਆਂ ਗੱਡੀਆਂ ਨੂੰ ਅੱਗ ਵੀ ਲਗਾ ਦਿਤੀ । ਪੁਲਿਸ ਨੇ ਕਿਹਾ ਕਿ ਇਹ ਸਪਸ਼ਟ ਨਹੀਂ ਗੋਲੀਆਂ ਕਿਸ ਨੇ ਚਲਾਈਆਂ ਅਤੇ ਕਿੱਥੋਂ, ਪਰ ਘੱਟੋ-ਘੱਟ ਚਾਰ ਲੋਕਾਂ ਨੂੰ ਗੋਲੀ ਲੱਗੀ ਹੈ। ਇਸ ਤੋਂ ਪਹਿਲਾਂ, ਪੁਲਿਸ ਬੰਬ ਸਕਵਾਡ ਨੇ ਬਿਸ਼ਨੁਪੁਰ ਵਿਚ ਸਥਾਨਕ ਤੌਰ ’ਤੇ ਬਣਾਈ ਗਈ ਮੋਰਟਾਰ ਸ਼ੈੱਲ ਨੂੰ ਬੇਅਸਰ ਕੀਤਾ। 
 

Location: India, Manipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM

ਕੇਂਦਰੀ ਖ਼ੁਰਾਕ ਮੰਤਰੀ ਨਾਲ਼ CM Mann ਦੀ ਬੈਠਕ ਹੋਈ ਖ਼ਤਮ, ਕਣਕ ਦੀ ਖਰੀਦ ਨੂੰ ਲੈ ਕੇ CM ਮਾਨ ਨੇ ਕੀਤੀ ਬੈਠਕ

10 Apr 2026 2:51 PM

Donald Trump ਦੀ Iran ਨੂੰ ਮੁੜ ਧਮਕੀ 'ਹੋਰਮੁਜ਼ ਸਟ੍ਰੇਟ ਨਾ ਖੋਲ੍ਹਿਆ ਤਾਂ ਕਰਾਂਗੇ ਹਮਲਾ...' Iran VS Israel War

09 Apr 2026 3:21 PM

'ਪੰਜਾਬ ਦੀਆਂ ਜੇਲ੍ਹਾਂ 'ਚ ਰਚੀ ਸਾਜ਼ਿਸ਼,AGTF ਨੂੰ ਹਮਲੇ ਬਾਰੇ ਸੀ ਜਾਣਕਾਰੀ', ਚੰਡੀਗੜ੍ਹ ਮੇਅਰ ਸੌਰਭ ਜੋਸ਼ੀ ਦਾ ਵੱਡਾ ਬਿਆਨ

08 Apr 2026 1:58 PM
Advertisement