ਹਰੀ ਰਾਮ ਗੁਪਤਾ, ਉਰਮਿਲਾ ਗੁਪਤਾ, ਮਹੇਸ਼ ਗੁਪਤਾ, ਸਨੋਜ ਕੁਮਾਰ, ਸੁਧਾਂਸ਼ੂ ਲਵਨੀਸ਼ ਕੁਮਾਰ ਅਤੇ ਸ਼ੁਭਮ ਤਿਆਗੀ ਦਾ ਨਾਮ ਸ਼ਾਮਲ
ਦੱਖਣੀ ਦਿੱਲੀ : ਦੱਖਣੀ ਦਿੱਲੀ ਦੇ ਸੱਤਿਆ ਨਿਕੇਤਨ ਮਾਰਕੀਟ ਵਿੱਚ 6 ਸਤੰਬਰ ਨੂੰ ਵਾਪਰੀ ਇਮਾਰਤ ਡਿੱਗਣ ਦੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੇ ਵੀਰਵਾਰ ਨੂੰ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸੱਤਿਆ ਨਿਕੇਤਨ ਇਲਾਕੇ ਵਿੱਚ ਵਾਪਰੀ ਇਸ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਸਨ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਸਾਊਥ ਕੈਂਪਸ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਸੀ। ਉੱਥੇ ਹੀ ਪੁਲਿਸ ਵੱਲੋਂ 6 ਮੁਲਜ਼ਮਾਂ ਹਰਿ ਰਾਮ ਗੁਪਤਾ, ਉਰਮਿਲਾ ਗੁਪਤਾ, ਮਹੇਸ਼ ਗੁਪਤਾ, ਸਨੋਜ ਕੁਮਾਰ, ਸੁਧਾਂਸ਼ੂ ਲਵਨੀਸ਼ ਕੁਮਾਰ ਅਤੇ ਸ਼ੁਭਮ ਤਿਆਗੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਚਾਰਜਸ਼ੀਟ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਕਈ ਧਾਰਾਵਾਂ ਤਹਿਤ ਦੋਸ਼ ਲਗਾਏ ਹਨ।
ਇਨ੍ਹਾਂ ਵਿੱਚ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਲਾਪਰਵਾਹੀ ਭਰਿਆ ਕੰਮ (ਧਾਰਾ 125(ਏ), ਸਾਂਝੀ ਨੀਅਤ (ਧਾਰਾ 3(5), ਗੈਰ-ਇਰਾਦਤਨ ਹੱਤਿਆ (ਧਾਰਾ 105), ਇਮਾਰਤ ਦੀ ਮੁਰੰਮਤ ਜਾਂ ਉਸਾਰੀ ਦੌਰਾਨ ਲਾਪਰਵਾਹੀ (ਧਾਰਾ 290), ਜਾਣਬੁੱਝ ਕੇ ਸੱਟ ਪਹੁੰਚਾਉਣਾ (ਧਾਰਾ 115(2), ਸਰਕਾਰੀ ਜਾਂ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ (ਧਾਰਾ 324(2) ਅਤੇ ਜਾਇਦਾਦ ਨੂੰ ਨੁਕਸਾਨ ਜਾਂ ਹਾਨੀ ਪਹੁੰਚਾਉਣ ਵਾਲਾ ਕੰਮ (ਧਾਰਾ 324(4) ਸ਼ਾਮਲ ਹਨ।
