2029 ਦੀਆਂ ਲੋਕ ਸਭਾ ਚੋਣਾਂ ਵਿੱਚ ਔਰਤਾਂ ਲਈ 33% ਰਾਖਵਾਂਕਰਨ ਅਤੇ ਸੀਟਾਂ ਦੀ ਗਿਣਤੀ ਵਧਾ ਕੇ 816 ਕਰਨ ਦਾ ਮਕਸਦ
ਨਵੀਂ ਦਿੱਲੀ: ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਬੁੱਧਵਾਰ ਰਾਤ ਨੂੰ ਕਿਹਾ ਕਿ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲਾਂ 'ਤੇ 16 ਤੋਂ 18 ਅਗਸਤ ਦੇ ਵਿਚਕਾਰ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਕੋਈ ਤਜਵੀਜ਼ ਨਹੀਂ ਹੈ।
ਸਰਕਾਰ ਮੌਜੂਦਾ ਮਾਨਸੂਨ ਇਜਲਾਸ ਵਿੱਚ ਸੰਵਿਧਾਨ ਸੰਸ਼ੋਧਨ ਬਿੱਲ ਪਾਸ ਕਰਵਾਉਣ ਦੀ ਨਵੇਂ ਸਿਰੇ ਤੋਂ ਕੋਸ਼ਿਸ਼ ਕਰ ਰਹੀ ਹੈ। ਇਸ ਬਿੱਲ ਦਾ ਮਕਸਦ 2029 ਦੀਆਂ ਲੋਕ ਸਭਾ ਚੋਣਾਂ ਵਿੱਚ ਔਰਤਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ ਲਾਗੂ ਕਰਨਾ ਅਤੇ ਲੋਕ ਸਭਾ ਸੀਟਾਂ ਦੀ ਗਿਣਤੀ ਵਧਾ ਕੇ 816 ਕਰਨਾ ਹੈ।
ਕੁਝ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਆਜ਼ਾਦੀ ਦਿਹਾੜੇ ਤੋਂ ਬਾਅਦ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਹੱਦਬੰਦੀ ਬਿੱਲ ਅਤੇ ਮਹਿਲਾ ਰਾਖਵਾਂਕਰਨ ਸੰਸ਼ੋਧਨ ਬਿੱਲ ਮੁੜ ਪੇਸ਼ ਕੀਤੇ ਜਾ ਸਕਦੇ ਹਨ।
ਇਸ ਬਾਰੇ ਪੁੱਛੇ ਜਾਣ 'ਤੇ ਰਿਜੀਜੂ ਨੇ ਵਿਸ਼ੇਸ਼ ਇਜਲਾਸ ਦੀ ਕਿਸੇ ਵੀ ਤਜਵੀਜ਼ ਤੋਂ ਇਨਕਾਰ ਕੀਤਾ।
ਉਨ੍ਹਾਂ ਦੱਸਿਆ, "ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲ ਨੂੰ ਲੈ ਕੇ 16 ਤੋਂ 18 ਅਗਸਤ ਦੇ ਵਿਚਕਾਰ ਕੋਈ ਵਿਸ਼ੇਸ਼ ਇਜਲਾਸ ਬੁਲਾਉਣ ਦੀ ਤਜਵੀਜ਼ ਨਹੀਂ ਹੈ।"
ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਇਸੇ ਲੜੀ ਵਿੱਚ ਰਿਜੀਜੂ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਬਿੱਲ ਨੂੰ ਮੁੜ ਪੇਸ਼ ਕਰਨ 'ਤੇ ਚਰਚਾ ਕੀਤੀ, ਪਰ ਕਾਂਗਰਸ ਨੇਤਾ ਵੱਲੋਂ ਕੋਈ ਪੱਕਾ ਭਰੋਸਾ ਨਹੀਂ ਮਿਲਿਆ।
