ਹੁਣ 6 ਸਾਲ ਤੱਕ ਕਰ ਸਕਣਗੇ ਫ਼ੌਜ ਵਿੱਚ ਨੌਕਰੀ
ਨਵੀਂ ਦਿੱਲੀ : ਅਗਨੀਵੀਰ ਹੁਣ ਚਾਰ ਸਾਲ ਦੀ ਬਜਾਏ ਛੇ ਸਾਲ ਤੱਕ ਫ਼ੌਜ ਵਿੱਚ ਨੌਕਰੀ ਕਰ ਸਕਣਗੇ। ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਐੱਨ.ਐੱਸ. ਰਾਜਾ ਸੁਬਰਮਣੀ ਨੇ ਬੁੱਧਵਾਰ ਨੂੰ ਅਗਨੀਵੀਰਾਂ ਦੇ ਸੇਵਾ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਕਰਨ ਦਾ ਐਲਾਨ ਕੀਤਾ। ਇਸ ਦਾ ਲਾਭ ਉਨ੍ਹਾਂ 75 ਫ਼ੀਸਦੀ ਅਗਨੀਵੀਰਾਂ ਨੂੰ ਮਿਲੇਗਾ, ਜਿਨ੍ਹਾਂ ਨੂੰ ਪਹਿਲਾਂ ਚਾਰ ਸਾਲ ਬਾਅਦ ਸੇਵਾ ਛੱਡਣੀ ਪੈਂਦੀ ਸੀ।
ਮੌਜੂਦਾ ਨਿਯਮਾਂ ਮੁਤਾਬਕ ਹਰ ਬੈਚ ਦੇ 25 ਫ਼ੀਸਦੀ ਅਗਨੀਵੀਰਾਂ ਨੂੰ ਚਾਰ ਸਾਲ ਬਾਅਦ ਯੋਗਤਾ ਅਤੇ ਮੈਰਿਟ ਦੇ ਆਧਾਰ ’ਤੇ ਨਿਯਮਤ ਫ਼ੌਜ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਜਦਕਿ ਬਾਕੀ 75 ਫ਼ੀਸਦੀ ਅਗਨੀਵੀਰਾਂ ਨੂੰ ਸੇਵਾ ਤੋਂ ਬਾਹਰ ਹੋਣਾ ਪੈਂਦਾ ਹੈ । ਨਵੇਂ ਨਿਯਮਾਂ ਤਹਿਤ 25 ਫ਼ੀਸਦੀ ਅਗਨੀਵੀਰਾਂ ਨੂੰ ਨਿਯਮਤ ਕਰਨ ਦਾ ਪੁਰਾਣਾ ਨਿਯਮ ਪਹਿਲਾਂ ਵਾਂਗ ਜਾਰੀ ਰਹੇਗਾ।
ਬਾਕੀ 75 ਫ਼ੀਸਦੀ ਅਗਨੀਵੀਰਾਂ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਦੋ ਸਾਲ ਹੋਰ ਨੌਕਰੀ ਕਰਨ ਦਾ ਮੌਕਾ ਮਿਲੇਗਾ। ਇਸ ਦੌਰਾਨ ਉਨ੍ਹਾਂ ਨੂੰ ਵਧੀ ਹੋਈ ਤਨਖ਼ਾਹ ਅਤੇ ਭੱਤੇ ਵੀ ਦਿੱਤੇ ਜਾਣਗੇ। ਛੇ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਵੀ ਜਿਹੜੇ ਅਗਨੀਵੀਰ ਫ਼ੌਜ ਵਿੱਚ ਨੌਕਰੀ ਜਾਰੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਫਿਲਹਾਲ ਦੇਸ਼ ਦੀਆਂ ਤਿੰਨਾਂ ਸੈਨਾਵਾਂ ਵਿੱਚ ਕਰੀਬ 3.18 ਲੱਖ ਅਗਨੀਵੀਰ ਸੇਵਾ ਨਿਭਾਅ ਰਹੇ ਹਨ।
