ਬੰਗਾਲ ਦੀ ਖਾੜੀ ਦੇ ਵੀ ਕਈ ਹਿੱਸਿਆਂ ਵਿਚ ਇਸੇ ਤਰੀਕ ਤਕ ਮਾਨਸੂਨ ਅੱਗੇ ਵਧੇਗਾ
ਨਵੀਂ ਦਿੱਲੀ : ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਨੇ ਦੱਸਿਆ ਕਿ ਇਸ ਵਾਰ ਦੱਖਣ-ਪਛਮੀ ਮਾਨਸੂਨ ਦੇ 4 ਜੂਨ ਦੇ ਆਸ ਪਾਸ ਕੇਰਲ ਵਿਚ ਦਸਤਕ ਦੇਣ ਦੀ ਉਮੀਦ ਹੈ। ਆਮ ਤੌਰ ’ਤੇ ਮਾਨਸੂਨ 1 ਜੂਨ ਨੂੰ ਕੇਰਲ ਪਹੁੰਚਦਾ ਹੈ, ਜਿਸ ਨਾਲ ਚਾਰ ਮਹੀਨਿਆਂ ਦੇ ਬਰਸਾਤ ਦੇ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ। ਮੌਸਮ ਵਿਭਾਗ ਨੇ ਅਪਣੀ ਰੋਜ਼ਾਨਾ ਭਵਿੱਖਬਾਣੀ ਵਿਚ ਕਿਹਾ, ‘‘ਦੱਖਣ-ਪੱਛਮੀ ਮਾਨਸੂਨ ਦੇ ਅਰਬ ਸਾਗਰ ਦੇ ਕੁੱਝ ਹੋਰ ਹਿੱਸਿਆਂ, ਲਕਸ਼ਦੀਪ ਟਾਪੂ, ਕੇਰਲ ਅਤੇ ਤਾਮਿਲਨਾਡੂ ਦੇ ਕੁੱਝ ਹਿੱਸਿਆਂ ਵਿਚ 4 ਜੂਨ ਦੇ ਆਸ-ਪਾਸ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।’’
ਇਸ ਤੋਂ ਇਲਾਵਾ ਬੰਗਾਲ ਦੀ ਖਾੜੀ ਦੇ ਵੀ ਕਈ ਹਿੱਸਿਆਂ ਵਿਚ ਇਸੇ ਤਰੀਕ ਤਕ ਮਾਨਸੂਨ ਅੱਗੇ ਵਧੇਗਾ। ਇਸ ਤੋਂ ਪਹਿਲਾਂ ਆਈ.ਐਮ.ਡੀ. ਨੇ 26 ਮਈ ਨੂੰ ਮਾਨਸੂਨ ਦੇ ਆਉਣ ਦੀ ਸੰਭਾਵਨਾ ਪ੍ਰਗਟਾਈ ਸੀ, ਪਰ ਇਸ ਵਿਚ ਦੇਰੀ ਹੋ ਗਈ। ਵਿਭਾਗ ਨੇ ਪਿਛਲੇ ਹਫ਼ਤੇ ਸੋਧੀ ਹੋਈ ਭਵਿੱਖਬਾਣੀ ਵਿਚ ਦਸਿਆ ਕਿ ਇਸ ਸਾਲ ਮਾਨਸੂਨ ਦੌਰਾਨ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਵਿਚ ਇਸ ਸਾਲ ਲੰਬੀ ਮਿਆਦ ਦੇ ਔਸਤ (ਐਲ.ਪੀ.ਏ.) ਦਾ 90 ਫੀ ਸਦੀ ਮੀਂਹ ਪੈਣ ਦੀ ਉਮੀਦ ਹੈ, ਜਿਸ ਨੂੰ ਵਿਭਾਗ ‘ਕਮੀ’ ਵਜੋਂ ਸ਼੍ਰੇਣੀਬੱਧ ਕਰਦਾ ਹੈ। ਇਸ ਦਾ ਮੁੱਖ ਕਾਰਨ ਪ੍ਰਸ਼ਾਂਤ ਖੇਤਰ ਵਿਚ ‘ਐਲ-ਨੀਨੋ’ ਦੇ ਹਾਲਾਤ ਬਣਨਾ ਦਸਿਆ ਜਾ ਰਿਹਾ ਹੈ। (ਪੀ.ਟੀ.ਆਈ.)
ਖੇਤੀਬਾੜੀ ਮੰਤਰੀ ਚੌਹਾਨ ਨੇ ਕੀਤੀ ਸਮੀਖਿਆ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਖਣ-ਪਛਮੀ ਮਾਨਸੂਨ ਦੇ ਅੱਗੇ ਵਧਣ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ‘ਐਲ ਨੀਨੋ’ ਦੇ ਸਾਉਣੀ ਫ਼ਸਲਾਂ ’ਤੇ ਪੈਣ ਵਾਲੇ ਅਸਰ ਨਾਲ ਨਜਿੱਠਣ ਲਈ ਸਮੇਂ ਸਿਰ ਫ਼ਸਲੀ ਸਲਾਹ ਜਾਰੀ ਕਰਨ ਅਤੇ ਸੂਬਿਆਂ ਨਾਲ ਬਿਹਤਰ ਤਾਲਮੇਲ ਬਣਾਉਣ ਦੇ ਹੁਕਮ ਦਿਤੇ। ਮੰਤਰੀ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਮਾਨਸੂਨ ਦੀ ਸਥਿਤੀ ’ਤੇ ਨਿਰੰਤਰ ਨਜ਼ਰ ਰੱਖਣ ਲਈ ਆਖਦਿਆਂ ਕਿਹਾ, ‘‘ਸੂਬਿਆਂ ਨਾਲ ਬਿਹਤਰ ਤਾਲਮੇਲ ਯਕੀਨੀ ਬਣਾਓ ਅਤੇ ਤੁਰਤ ਕਾਰਵਾਈ ਕਰੋ।’’ ਬੈਠਕ ਵਿਚ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਅਤੇ ਖ਼ਰੀਫ਼ ਫ਼ਸਲਾਂ ’ਤੇ ਮਾਨਸੂਨ ਦੇ ਪ੍ਰਭਾਵ ਨੂੰ ਘਟਾਉਣ ਦੇ ਉਪਾਵਾਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਅਨੁਸਾਰ ਮਾਨਸੂਨ 4 ਜੂਨ ਦੇ ਆਸ-ਪਾਸ ਕੇਰਲ ਪਹੁੰਚ ਸਕਦਾ ਹੈ। ਆਈ.ਐਮ.ਡੀ. ਨੇ ਇਸ ਵਾਰ ਮਾਨਸੂਨ ਆਮ ਨਾਲੋਂ 90 ਫੀ ਸਦੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਫ਼ਸਲਾਂ ’ਤੇ ਜੋਖਮ ਵਧਣ ਦਾ ਖ਼ਦਸ਼ਾ ਹੈ। ਭਾਰਤ ਵਿਚ 51 ਫੀ ਸਦੀ ਖੇਤੀਬਾੜੀ ਖੇਤਰ ਅਜੇ ਵੀ ਮੀਂਹ ’ਤੇ ਨਿਰਭਰ ਹੈ।
