ਇਹ ਮਹੱਤਵਪੂਰਨ ਟੈਸਟ ਭਾਰਤੀ ਹਵਾਈ ਫ਼ੌਜ ਦੇ ਉੱਚ ਅਧਿਕਾਰੀਆਂ ਦੀ ਸਿੱਧੀ ਦੇਖਰੇਖ ਹੇਠ ਨੇਪਰੇ ਚੜ੍ਹਿਆ
ਚੰਡੀਗੜ੍ਹ: ਭਾਰਤ ਦੀਆਂ ਫ਼ੌਜੀ ਸਮਰੱਥਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਕੜੀ ਤਹਿਤ ਦੇਸ਼ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਐਤਵਾਰ ਨੂੰ ਇਕ ਹੋਰ ਵੱਡੀ ਅਤੇ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਹਰਿਆਣਾ ਦੇ ਪੰਚਕੂਲਾ ਦੇ ਰਾਮਗੜ੍ਹ ਸਥਿਤ ਡੀ.ਆਰ.ਡੀ.ਓ. ਦੀ ਵਿਸ਼ੇਸ਼ ਯੂਨਿਟ ‘ਟਰਮੀਨਲ ਬੈਲਿਸਟਿਕਸ ਰੀਸਰਚ ਲੈਬਾਰਟਰੀ’ (ਟੀ.ਬੀ.ਆਰ.ਐਲ.) ਵਿਖੇ ਇਕ ਹਾਈ-ਕੈਲੀਬਰ ਬੰਬ ਦਾ ਸਫਲ ਤਜਰਬਾ ਕੀਤਾ ਗਿਆ। ਇਹ ਮਹੱਤਵਪੂਰਨ ਟੈਸਟ ਭਾਰਤੀ ਹਵਾਈ ਫ਼ੌਜ ਦੇ ਉੱਚ ਅਧਿਕਾਰੀਆਂ ਦੀ ਸਿੱਧੀ ਦੇਖਰੇਖ ਹੇਠ ਨੇਪਰੇ ਚੜ੍ਹਿਆ। ਸੁਰੱਖਿਆ ਦੇ ਲਿਹਾਜ਼ ਨਾਲ ਇਹ ਤਜਰਬਾ ਬੇਹੱਦ ਸੰਵੇਦਨਸ਼ੀਲ ਸੀ।
ਰੱਖਿਆ ਵਿਭਾਗ ਦੇ ਅਧਿਕਾਰੀਆਂ ਮੁਤਾਬਕ, ‘ਹਾਈ-ਕੈਲੀਬਰ ਬੰਬ ਦਾ ਤਜਰਬਾ ਪੂਰੀ ਤਰ੍ਹਾਂ ਸਫਲ ਰਿਹਾ ਹੈ ਅਤੇ ਇਸ ਨੂੰ ਸਥਾਪਿਤ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਹੀ ਅੰਜਾਮ ਦਿਤਾ ਗਿਆ ਸੀ।’ ਇਸ ਮੌਕੇ ਟੈਸਟਿੰਗ ਦੌਰਾਨ ਆਸ-ਪਾਸ ਦੇ ਇਲਾਕੇ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ‘ਤਜਰਬੇ ਦੇ ਦੌਰਾਨ ਬੰਬ ਦੇ ਟੁਕੜੇ 1.5 ਕਿਲੋਮੀਟਰ ਦੀ ਦੂਰੀ ਤਕ ਉੱਡਣ ਦਾ ਸ਼ੱਕ ਸੀ।’
ਇਸੇ ਖ਼ਤਰੇ ਨੂੰ ਵੇਖਦੇ ਹੋਏ ਪ੍ਰਸ਼ਾਸਨ ਅਤੇ ਡੀ.ਆਰ.ਡੀ.ਓ. ਵਲੋਂ ਮੁਸਤੈਦੀ ਵਰਤੀ ਗਈ ਅਤੇ ‘ਸੁਰੱਖਿਆ ਦੀ ਦ੍ਰਿਸ਼ਟੀ ਤੋਂ 2 ਕਿਲੋਮੀਟਰ ਦੇ ਦਾਇਰੇ ਨੂੰ ਪੂਰੀ ਤਰ੍ਹਾਂ ਸੰਵੇਦਨਸ਼ੀਲ ਖੇਤਰ ਐਲਾਨ ਕੀਤਾ ਗਿਆ ਸੀ’ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਮਾਹਰਾਂ ਦਾ ਮੰਨਣਾ ਹੈ ਕਿ ‘ਆਪਰੇਸ਼ਨ ਸੰਧੂਰ’ ਤੋਂ ਬਾਅਦ ਭਾਰਤ ਵਲੋਂ ਅਪਣੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਇਹ ਬੇਹੱਦ ਅਹਿਮ ਕਦਮ ਹੈ। ਇਸ ਸਫਲ ਟੈਸਟ ਨੇ ਭਾਰਤੀ ਹਵਾਈ ਫੌਜ ਦੀ ਮਾਰਕ ਸਮਰੱਥਾ ਨੂੰ ਹੋਰ ਜ਼ਿਆਦਾ ਘਾਤਕ ਬਣਾ ਦਿਤਾ ਹੈ। ਦੇਸ਼ ਦੀ ਸੁਰੱਖਿਆ ਨੂੰ ਚਾਕ-ਚੌਬੰਦ ਕਰਨ ਵਿਚ ਟੀ.ਬੀ.ਆਰ.ਐਲ. ਪਲਾਂਟ ਦਾ ਇਹ ਪ੍ਰਯੋਗ ਆਉਣ ਵਾਲੇ ਦਿਨਾਂ ਵਿਚ ਮੀਲ ਦਾ ਪੱਥਰ ਸਾਬਤ ਹੋਵੇਗਾ।
