ਪੀੜਤ ਪਰਵਾਰ ਦੀ ਸ਼ਿਕਾਇਤ ਉਤੇ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਦੋਸ਼ੀ ਡਾਕਟਰਾਂ ਵਿਰੁਧ ਸਖ਼ਤ ਕਾਰਵਾਈ ਦਾ ਭਰੋਸਾ ਦਿਤਾ
ਗੁਰੂਗ੍ਰਾਮ : ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਇਕ ਸਰਕਾਰੀ ਮੈਡੀਕਲ ਕਾਲਜ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿੱਥੇ ਇਕ ਚਾਰ ਸਾਲ ਦੇ ਬੱਚੇ ਦੀ ਗਲਤ ਲੱਤ ਦਾ ਆਪਰੇਸ਼ਨ ਕਰ ਦਿਤਾ ਗਿਆ। ਆਪਰੇਸ਼ਨ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਇਹ ਗਲਤੀ ਦੇਖੀ ਤਾਂ ਰੌਲਾ ਪੈ ਗਿਆ, ਜਿਸ ਤੋਂ ਬਾਅਦ ਡਾਕਟਰਾਂ ਨੇ ਦੂਜੀ ਲੱਤ ਦਾ ਵੀ ਆਪਰੇਸ਼ਨ ਕੀਤਾ।
ਜਾਣਕਾਰੀ ਅਨੁਸਾਰ ਇਹ ਘਟਨਾ ਨਾਲਹੜ ਸਥਿਤ ਸ਼ਹੀਦ ਹਸਨ ਖਾਨ ਮੇਵਾਤੀ ਸਰਕਾਰੀ ਮੈਡੀਕਲ ਕਾਲਜ ਦੀ ਹੈ। ਪੀੜਤ ਬੱਚੇ ਦੇ ਪਿਤਾ ਆਰਿਫ ਨੇ ਦਸਿਆ ਕਿ ਉਸ ਦੇ ਚਾਰ ਸਾਲ ਦੇ ਪੁੱਤਰ ਦੀ ਲੱਤ ਉਤੇ ਰਸੌਲੀ ਸੀ, ਜਿਸ ਦੇ ਇਲਾਜ ਲਈ ਉਸ ਨੂੰ 20 ਜੁਲਾਈ ਨੂੰ ਹਸਪਤਾਲ ਲਿਆਂਦਾ ਗਿਆ ਸੀ।
ਡਾਕਟਰਾਂ ਨੇ ਬੱਚੇ ਦੀ ਸੱਜੀ ਲੱਤ ਦਾ ਆਪਰੇਸ਼ਨ ਕਰ ਦਿਤਾ, ਜਦਕਿ ਬੀਮਾਰੀ ਖੱਬੀ ਲੱਤ ’ਚ ਸੀ। ਜਦੋਂ ਬੱਚੇ ਨੂੰ ਆਪਰੇਸ਼ਨ ਥੀਏਟਰ ਤੋਂ ਬਾਹਰ ਲਿਆਂਦਾ ਗਿਆ ਤਾਂ ਪਰਵਾਰ ਨੇ ਵੇਖਿਆ ਕਿ ਗਲਤ ਲੱਤ ਉਤੇ ਚੀਰਾ ਲਗਾਇਆ ਗਿਆ ਸੀ। ਪਿਤਾ ਅਨੁਸਾਰ ਸਰਜਨ ਨੇ ਅਪਣੀ ਗਲਤੀ ਕਬੂਲ ਕੀਤੀ ਅਤੇ ਬਾਅਦ ਵਿਚ ਦੂਜੀ ਲੱਤ ਦਾ ਆਪਰੇਸ਼ਨ ਕੀਤਾ। ਪੀੜਤ ਪਰਵਾਰ ਦੀ ਸ਼ਿਕਾਇਤ ਉਤੇ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਦੋਸ਼ੀ ਡਾਕਟਰਾਂ ਵਿਰੁਧ ਸਖ਼ਤ ਕਾਰਵਾਈ ਦਾ ਭਰੋਸਾ ਦਿਤਾ ਹੈ।
