ਖੇਤਾਂ ’ਚ ਲੱਗੇ ਵੱਡੇ-ਵੱਡੇ ਬਿਜਲੀ ਟਾਵਰਾਂ ਦਾ ਯੋਗ ਮੁਆਵਜ਼ਾ ਦੇਣ ਕੀਤੀ ਜਾ ਰਹੀ ਮੰਗ
ਸਿਰਸਾ : ਹਰਿਆਣਾ ਦੇ ਸਿਰਸਾ ਵਿੱਚ ਬੁੱਧਵਾਰ ਦੀ ਸਵੇਰ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਜ਼ਿਲ੍ਹਾ ਪ੍ਰਧਾਨ ਸਮੇਤ ਨੌਂ ਕਿਸਾਨ ਆਗੂ ਅਚਾਨਕ ਬਿਜਲੀ ਦੇ ਟਾਵਰ 'ਤੇ ਚੜ੍ਹ ਗਏ । ਇਹਨਾਂ ’ਚ ਇੱਕ ਅਪਾਹਜ ਨੌਜਵਾਨ ਵੀ ਸ਼ਾਮਲ ਹੈ । ਇਹ ਕਿਸਾਨ ਆਪਣੇ ਨਾਲ ਮੰਜੇ ਅਤੇ ਖਾਣ-ਪੀਣ ਦਾ ਰਾਸ਼ਨ ਵੀ ਲੈ ਕੇ ਗਏ ਹਨ । ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮੁਆਵਜ਼ਾ ਵਧਾਉਣ ਦੀ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ, ਉਹ ਹੇਠਾਂ ਨਹੀਂ ਉਤਰਨਗੇ।
ਕਿਸਾਨਾਂ ਦੇ ਟਾਵਰ 'ਤੇ ਚੜ੍ਹਨ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਅਤੇ ਬਿਜਲੀ ਨਿਗਮ ਦੇ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ । ਸੂਚਨਾ ਮਿਲਦੇ ਹੀ ਸਭ ਤੋਂ ਪਹਿਲਾਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਟਾਵਰ ਦੇ ਆਲੇ-ਦੁਆਲੇ ਘੇਰਾ ਪਾ ਲਿਆ । ਪ੍ਰਸ਼ਾਸਨ ਅਤੇ ਬਿਜਲੀ ਨਿਗਮ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਪਰ ਕਿਸਾਨ ਸੋਨੀਪਤ ਸਮੇਤ ਹੋਰ ਜ਼ਿਲ੍ਹਿਆਂ ਵਾਂਗ ਵਧੇ ਹੋਏ ਮੁਆਵਜ਼ੇ ਦੀ ਮੰਗ ਕਰ ਰਹੇ ਹਨ । ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ । ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਕਿਹਾ ਕਿ ਕਿਸਾਨ ਟਾਵਰ ਤੋਂ ਛਾਲ ਨਾ ਮਾਰਨ, ਮੈਂ ਆ ਰਿਹਾ ਹਾਂ । ਸਿਰਸਾ ਵਿੱਚ ਕਿਸਾਨ ਜਥੇਬੰਦੀਆਂ ਦੀ ਕੱਲ੍ਹ ਮੰਗਲਵਾਰ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ, ਜੋ ਕਿ ਅਸਫਲ (ਬੇਸਿੱਟਾ) ਰਹੀ । ਇਸ ਵਿੱਚ ਕਿਸਾਨਾਂ ਨੇ ਬਾਕੀ ਜ਼ਿਲ੍ਹਿਆਂ ਵਾਂਗ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ । ਸਿਰਸਾ ਵਿੱਚ ਕੁਝ ਕਿਸਾਨਾਂ ਨੂੰ ਅਜੇ ਵੀ ਮੁਆਵਜ਼ਾ ਨਹੀਂ ਮਿਲਿਆ ਹੈ ਅਤੇ ਕੁਝ ਨੂੰ ਬਹੁਤ ਘੱਟ ਮੁਆਵਜ਼ਾ ਮਿਲਿਆ ਹੈ । ਕਿਸਾਨ ਆਗੂ ਇਸੇ ਗੱਲ ਦਾ ਵਿਰੋਧ ਕਰ ਰਹੇ ਹਨ। ਖੇਤਾਂ ਵਿੱਚ ਵੱਡੇ-ਵੱਡੇ ਟਾਵਰ ਲਗਾਏ ਹੋਏ ਹਨ। ਮੁੱਖ ਮੰਤਰੀ ਤੋਂ ਉਨ੍ਹਾਂ ਦੀ ਮੰਗ ਹੈ ਕਿ ਪੂਰਾ ਮੁਆਵਜ਼ਾ ਦਿੱਤਾ ਜਾਵੇ, ਮੁੱਖ ਮੰਤਰੀ ਵੀ ਇਸ ਦਾ ਐਲਾਨ ਕਰ ਚੁੱਕੇ ਹਨ।
