ਪੁਲਿਸ ਨੇ ਰਾਮ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ
ਡੱਬਵਾਲੀ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਦੇ ਪਿੰਡ ਅਹਿਮਦਪੁਰ ਦਾਰੇਵਾਲਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ । ਇੱਥੇ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਹੋਏ ਝਗੜੇ ਕਾਰਨ ਇੱਕ ਪੁੱਤਰ ਨੇ ਆਪਣੇ ਹੀ 65 ਸਾਲਾ ਪਿਤਾ ਜਸਵੰਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਗਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਐਤਵਾਰ ਰਾਤ ਲਗਭਗ 9:30 ਵਜੇ, ਜਦੋਂ ਜਸਵੰਤ ਸਿੰਘ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਉਸਦੇ ਪੁੱਤਰ ਰਾਮ ਸਿੰਘ ਨੇ ਆਪਣੇ ਸਾਥੀਆਂ ਨਾਲ ਨੇ ਉਸ 'ਤੇ ਅਚਾਨਕ ਹਮਲਾ ਕਰ ਦਿੱਤਾ। ਰਾਮ ਸਿੰਘ ਨੇ ਪਹਿਲਾਂ ਇੱਕ ਜੀਪ ਨਾਲ ਆਪਣੇ ਪਿਤਾ ਨੂੰ ਟੱਕਰ ਮਾਰੀ ਅਤੇ ਜਸਵੰਤ ਸਿੰਘ ਜ਼ਮੀਨ ’ਤੇ ਡਿੱਗ ਗਿਆ। ਇਸ ਤੋਂ ਬਾਅਦ ਪੁੱਤਰ ਨੇ ਆਪਣੇ ਪਿਤਾ ’ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਜਸਵੰਤ ਸਿੰਘ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਮਲੇ ਤੋਂ ਬਾਅਦ ਗੰਭੀਰ ਜ਼ਖਮੀ ਜਸਵੰਤ ਸਿੰਘ ਲਗਭਗ ਦੋ ਘੰਟੇ ਤੱਕ ਗਲੀ ਵਿੱਚ ਤੜਫਦਾ ਰਿਹਾ ਪਰ ਉਸ ਨੂੰ ਹਸਪਤਾਲ ਲਿਜਾਣ ਲਈ ਕੋਈ ਅੱਗੇ ਨਹੀਂ ਆਇਆ । ਇੱਕ ਗਸ਼ਤ ਕਰ ਰਹੀ 'ਡਾਇਲ 112' ਪੁਲਿਸ ਟੀਮ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਪਿਤਾ ਅਤੇ ਪੁੱਤਰ ਵਿਚਕਾਰ ਕਾਫ਼ੀ ਸਮੇਂ ਤੋਂ ਜ਼ਮੀਨ ਦੀ ਮਾਲਕੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਸਵੰਤ ਸਿੰਘ ਕੋਲ ਲਗਭਗ ਸਾਢੇ ਤਿੰਨ ਏਕੜ ਜ਼ਮੀਨ ਸੀ। ਮੁਲਜ਼ਮ ਪੁੱਤਰ ਰਾਮ ਸਿੰਘ ਨਾ ਸਿਰਫ਼ ਜ਼ਮੀਨ ਦੇ ਆਪਣੇ ਹੱਕਦਾਰ ਹਿੱਸੇ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਸਗੋਂ ਆਪਣੀ ਵਿਆਹੁਤਾ ਭੈਣ ਅਤੇ ਆਪਣੇ ਮਾਨਸਿਕ ਤੌਰ 'ਤੇ ਕਮਜ਼ੋਰ ਭਰਾ ਦੇ ਹਿੱਸੇ ਵੀ ਹਥਿਆਉਣਾ ਚਾਹੁੰਦਾ ਸੀ। ਇਹੀ ਲਾਲਚ ਸੀ ਜਿਸ ਨੇ ਉਸਨੂੰ ਆਪਣੇ ਪਿਤਾ ਦਾ ਕਾਤਲ ਬਣਨ ਲਈ ਮਜਬੂਰ ਕੀਤਾ।
ਘਟਨਾ ਦੀ ਜਾਣਕਾਰੀ ਮਿਲਣ 'ਤੇ, ਡੱਬਵਾਲੀ ਸਦਰ ਪੁਲਿਸ ਸਟੇਸ਼ਨ ਦੇ ਐਸਐਚਓ ਸ਼ੈਲੇਂਦਰ ਕੁਮਾਰ ਆਪਣੀ ਪੁਲਿਸ ਟੀਮ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚੇ । ਪੁਲਿਸ ਨੇ ਮੁੱਖ ਮੁਲਜ਼ਮ ਰਾਮ ਸਿੰਘ ਅਤੇ ਉਸਦੇ ਸਾਥੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਰਾਮ ਸਿੰਘ ਇਸ ਸਮੇਂ ਆਪਣੇ ਸਾਥੀਆਂ ਸਮੇਤ ਫਰਾਰ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
