ਕੈਥਲ ਦੇ ਚੂਹੜ ਸਿੰਘ ਨੇ ਆਸਟਰੇਲੀਆ ’ਚ ਤਿਰੰਗਾ ਫੜ ਕੇ ਕੀਤਾ ਜੰਪ
ਕੈਥਲ : ਹਰਿਆਣਾ ਦੇ 80 ਸਾਲਾ ਬਜ਼ੁਰਗ ਨੇ 18 ਹਜ਼ਾਰ ਫੁੱਟ ਦੀ ਉਚਾਈ ਤੋਂ ਸਕਾਈ ਡਾਈਵਿੰਗ ਕਰਕੇ ਇੱਕ ਅਨੋਖਾ ਰਿਕਾਰਡ ਕਾਇਮ ਕੀਤਾ ਹੈ। ਕੈਥਲ ਦੇ ਬਾਤਾ ਪਿੰਡ ਦੇ ਚੂਹੜ ਸਿੰਘ ਆਪਣੇ ਪੋਤੇ ਅੰਕਿਤ ਨਾਲ ਆਸਟ੍ਰੇਲੀਆ ਦੇ ਟੂਰ 'ਤੇ ਗਏ ਹੋਏ ਹਨ। ਇੱਥੇ ਉਹ ਸਕਾਈ ਡਾਈਵਿੰਗ ਦੇ ਨਾਲ-ਨਾਲ 2 ਮਹੀਨਿਆਂ ਤੱਕ ਦੇਸ਼ ਨੂੰ ਐਕਸਪਲੋਰ (ਘੁੰਮ) ਕਰ ਰਹੇ ਹਨ।
ਡਾਈਵ ਲਗਾਉਂਦੇ ਹੋਏ ਚੂਹੜ ਸਿੰਘ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ "ਅਸੀਂ ਹਰਿਆਣਵੀ ਹਾਂ, ਕਿਸੇ ਤੋਂ ਨਹੀਂ ਡਰਦੇ । ਜੇ ਡਰ ਹੁੰਦਾ ਤਾਂ ਵਿਦੇਸ਼ ਨਾ ਆਉਂਦੇ ।" ਡਾਈਵਿੰਗ ਦੇ ਦੌਰਾਨ ਵੀ ਚੂਹੜ ਸਿੰਘ ਚਿੱਟੇ ਰੰਗ ਦਾ ਕੁੜਤਾ ਪਹਿਨੇ ਹੀ ਨਜ਼ਰ ਆਏ । ਉੱਥੇ ਹੀ ਟ੍ਰੇਨਰ ਵੀ ਉਨ੍ਹਾਂ ਦਾ ਹੌਸਲਾ ਵਧਾਉਂਦਾ ਹੋਇਆ ਦਿਖਾਈ ਦਿੱਤਾ। ਚੂਹੜ ਸਿੰਘ ਇਸ ਤੋਂ ਪਹਿਲਾਂ ਵੀ 15 ਹਜ਼ਾਰ ਫੁੱਟ ਤੋਂ ਛਲਾਂਗ ਲਗਾ ਚੁੱਕੇ ਹਨ । ਸਕਾਈ ਡਾਈਵਿੰਗ ਦੇ ਦੌਰਾਨ ਉਨ੍ਹਾਂ ਨੇ ਕਈ ਸੈਲਫੀਆਂ ਵੀ ਲਈਆਂ ਅਤੇ ਅਸਮਾਨ ਵਿੱਚ ਹੀ ਤਿਰੰਗਾ ਲਹਿਰਾਇਆ।
ਕੈਥਲ ਦੇ ਬਾਤਾ ਪਿੰਡ ਦੇ ਰਹਿਣ ਵਾਲੇ ਸੋਸ਼ਲ ਮੀਡੀਆ ਇਨਫਲੂਐਂਸਰ ਅੰਕਿਤ ਹਰਿਆਣਵੀ ਲਾਈਫਸਟਾਈਲ ਅਤੇ ਐਕਸਪਲੋਰਿੰਗ ਕੰਟੈਂਟ (ਵੀਡੀਓਜ਼) ਬਣਾਉਂਦੇ ਹਨ। ਉਹ ਆਪਣੇ ਦਾਦਾ ਚੂਹੜ ਸਿੰਘ ਨਾਲ 1 ਜੂਨ ਨੂੰ ਆਸਟ੍ਰੇਲੀਆ ਦੀ ਯਾਤਰਾ 'ਤੇ ਗਏ ਸਨ। ਇੱਥੇ ਦੋਵੇਂ 2 ਮਹੀਨਿਆਂ ਤੱਕ ਰਹਿਣਗੇ। ਚੂਹੜ ਸਿੰਘ ਨੇ ਇੱਥੇ ਡਾਈਵਿੰਗ ਦੇਖ ਕੇ ਪੋਤੇ ਅੰਕਿਤ ਅੱਗੇ ਡਾਈਵ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਚੂਹੜ ਸਿੰਘ ਇਸ ਤੋਂ ਪਹਿਲਾਂ ਪੰਜਾਬ ਦੇ ਪਟਿਆਲਾ ਏਅਰਫੀਲਡ ਵਿੱਚ 15 ਹਜ਼ਾਰ ਫੁੱਟ ਤੋਂ ਸਕਾਈ ਡਾਈਵਿੰਗ ਕਰ ਚੁੱਕੇ ਹਨ । ਦਾਦਾ ਜੀ ਦਾ ਪਹਿਲਾ ਤਜ਼ਰਬਾ ਦੇਖਣ ਤੋਂ ਬਾਅਦ ਅੰਕਿਤ ਨੇ ਇਸ ਵਾਰ ਉਨ੍ਹਾਂ ਨੂੰ ਜੰਪ ਕਰਾਉਣ ਲਈ ਹਾਂ ਕਰ ਦਿੱਤੀ।
ਅੰਕਿਤ ਨੇ ਦੱਸਿਆ ਕਿ ਜੰਪਿੰਗ ਦੇ ਦੌਰਾਨ ਦਾਦਾ ਜੀ ਬਿਲਕੁਲ ਤਣਾਅ-ਮੁਕਤ ਲੱਗ ਰਹੇ ਸਨ। ਉਨ੍ਹਾਂ ਦੇ ਚਿਹਰੇ 'ਤੇ ਕੋਈ ਘਬਰਾਹਟ ਨਹੀਂ ਸੀ । ਏਅਰਕ੍ਰਾਫਟ (ਜਹਾਜ਼) ਤੋਂ ਕੁੱਦਣ ਤੋਂ ਬਾਅਦ ਦਾਦਾ ਜੀ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹੇਠਾਂ ਆਏ। ਉਹ ਕਰੀਬ 60 ਸੈਕਿੰਡ ਤੱਕ ਹਵਾ ਵਿੱਚ ਹੀ ਰਹੇ। ਇਸ ਦੌਰਾਨ ਉਨ੍ਹਾਂ ਨੇ ਸੈਲਫੀ ਸਟਿਕ ਨਾਲ ਕਈ ਫੋਟੋਆਂ ਵੀ ਖਿੱਚੀਆਂ।
ਚੂਹੜ ਸਿੰਘ ਨੇ ਕਿਹਾ ਕਿ ਸ਼ੁਰੂਆਤ ਵਿੱਚ ਡਾਈਵ ਲਗਾਉਣ ਤੋਂ ਪਹਿਲਾਂ ਮਨ ਵਿੱਚ ਥੋੜ੍ਹਾ ਡਰ ਸੀ, ਪਰ ਪੰਜਾਬ ਵਿੱਚ ਪਹਿਲਾਂ 15 ਹਜ਼ਾਰ ਫੁੱਟ ਤੋਂ ਡਾਈਵ ਲਗਾਈ ਸੀ। ਉਸ ਸਮੇਂ ਨੂੰ ਯਾਦ ਕਰਕੇ ਫਿਰ ਇੱਥੇ ਡਾਈਵ ਲਗਾਉਣ ਦੀ ਤਿਆਰੀ ਕੀਤੀ। ਚੂਹੜ ਸਿੰਘ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਤਿਰੰਗਾ ਨਾਲ ਲੈ ਕੇ ਜਾਣ ਤੋਂ ਮਨ੍ਹਾ ਕੀਤਾ ਗਿਆ ਸੀ। ਪਰ ਡਾਈਵਿੰਗ ਦੇ ਦੌਰਾਨ ਤਿਰੰਗਾ ਲੈ ਕੇ ਜਾਣ ਲਈ ਉਨ੍ਹਾਂ ਵੱਲੋਂ ਬੇਨਤੀ ਕੀਤੀ ਇਸ ਤੋਂ ਬਾਅਦ ਟ੍ਰੇਨਰ ਵੀ ਮੰਨ ਗਏ ਅਤੇ ਡਾਈਵ ਲਗਾਉਣ ਤੋਂ ਬਾਅਦ ਖ਼ੁਦ ਤਿਰੰਗਾ ਲਹਿਰਾਇਆ । ਅੰਕਿਤ ਨੇ ਦੱਸਿਆ ਕਿ ਇੱਕ ਵਾਰ ਸਕਾਈ ਡਾਈਵਿੰਗ 'ਤੇ ਕਰੀਬ 50 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ । ਡਾਈਵਿੰਗ ਤੋਂ ਪਹਿਲਾਂ ਡਾਕਟਰਾਂ ਵੱਲੋਂ ਫਿਟਨੈਸ ਚੈੱਕ ਕੀਤੀ ਜਾਂਦੀ ਹੈ। ਫਿਟਨੈਸ ਸਰਟੀਫਿਕੇਟ ਮਿਲਣ ਤੋਂ ਬਾਅਦ ਹੀ ਡਾਈਵਿੰਗ ਕੀਤੀ ਜਾ ਸਕਦੀ ਹੈ।
ਉਹ ਦਾਦਾ ਜੀ ਦੀ ਖੁਸ਼ੀ ਲਈ ਹੀ ਆਸਟ੍ਰੇਲੀਆ ਆਏ ਹਨ । ਦਾਦਾ ਜੀ ਨੇ ਆਪਣੀ ਸਾਰੀ ਉਮਰ ਖੇਤੀਬਾੜੀ ਵਿੱਚ ਹੀ ਲੰਘਾ ਦਿੱਤੀ । ਹੁਣ ਉਨ੍ਹਾਂ ਨੂੰ ਥੋੜ੍ਹਾ ਸਕੂਨ ਦੇਣ ਲਈ ਹੀ ਉਹ ਵਿਦੇਸ਼ਾਂ ਦਾ ਟੂਰ ਕਰ ਰਹੇ ਹਨ। ਇਸ ਤੋਂ ਪਹਿਲਾਂ ਅੰਕਿਤ ਆਪਣੇ ਦਾਦਾ ਜੀ ਨਾਲ ਯੂ.ਏ.ਈ. (ਦੁਬਈ) ਅਤੇ ਥਾਈਲੈਂਡ ਦਾ ਟੂਰ ਵੀ ਕਰ ਚੁੱਕੇ ਹਨ।
