ਛਾਪੇਮਾਰੀ ਦੌਰਾਨ 19 ਕੰਪਿਊਟਰ, 3 ਲੈਪਟਾਪ ਤੇ 11.30 ਲੱਖ ਰੁਪਏ ਨਕਦ ਬਰਾਮਦ
ਹਰਿਆਣਾ : ਪੰਚਕੂਲਾ ਪੁਲਿਸ ਨੇ ਸੋਮਵਾਰ ਦੇਰ ਰਾਤ ਇੱਕ ਜਾਅਲੀ ਕਾਲ ਸੈਂਟਰ 'ਤੇ ਛਾਪਾ ਮਾਰਿਆ ਅਤੇ ਇੱਕ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕੀਤਾ। ਇਹ ਕਾਰਵਾਈ ਮੰਗਲਵਾਰ ਸਵੇਰੇ 6 ਵਜੇ ਤੱਕ ਜਾਰੀ ਰਹੀ। ਸਾਈਬਰ ਕ੍ਰਾਈਮ ਟੀਮ ਨੇ ਸੈਕਟਰ 2 ਮਾਰਕੀਟ ਦੇ ਇੱਕ ਦਫਤਰ ਤੋਂ 21 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਨੂੰ ਮੁੱਖ ਦੋਸ਼ੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਛਾਪੇਮਾਰੀ ਦੌਰਾਨ ਪੁਲਿਸ ਨੇ 19 ਕੰਪਿਊਟਰ, ਤਿੰਨ ਲੈਪਟਾਪ, 11.30 ਲੱਖ ਰੁਪਏ ਨਕਦ, ਤਿੰਨ ਵਾਕੀ-ਟਾਕੀ, 16 ਹੈਂਡਸੈੱਟ, ਦੋ ਵਾਈ-ਫਾਈ ਰਾਊਟਰ, ਇੱਕ ਨੋਟ ਗਿਣਨ ਵਾਲੀ ਮਸ਼ੀਨ, ਤਿੰਨ ਪੁਆਇੰਟ-ਆਫ-ਸੇਲ (POS) ਮਸ਼ੀਨਾਂ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ।
ਇਹ ਜਾਅਲੀ ਕਾਲ ਸੈਂਟਰ ਸੈਕਟਰ 2 ਮਾਰਕੀਟ ਵਿੱਚ ਸਥਿਤ ਅਲਫ਼ਾ ਈਵੈਂਟ ਕੰਪਨੀ ਦੇ ਦਫਤਰ ਤੋਂ ਚੱਲ ਰਿਹਾ ਸੀ। ਮੁਲਜ਼ਮਾਂ ਨੇ ਐਮਾਜ਼ਾਨ ਅਧਿਕਾਰੀ ਬਣ ਕੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਧੋਖਾਧੜੀ ਕੀਤੀ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
