ਕਿਸੇ ਨਾਲ ਵੀ ਨਹੀਂ ਕਰਨ ਦਿੱਤਾ ਗਿਆ ਸੰਪਰਕ, ਡਰ ਦਾ ਮਾਹੌਲ ਪੈਦਾ ਕਰ ਕੇ ਕਰੋੜਾਂ ਰੁਪਏ ਦੀ ਠੱਗੀ ਨੂੰ ਦਿੱਤਾ ਅੰਜਾਮ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 47 ਤੋਂ ਸਾਈਬਰ ਠੱਗੀ ਦਾ ਇੱਕ ਬੇਹੱਦ ਹੈਰਾਨੀਜਨਕ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੂੰ ਸਾਈਬਰ ਠੱਗਾਂ ਨੇ ਆਪਣਾ ਸ਼ਿਕਾਰ ਬਣਾਉਂਦੇ ਹੋਏ ਕਰੀਬ 2.5 ਕਰੋੜ ਰੁਪਏ ਦੀ ਵੱਡੀ ਰਕਮ ਠੱਗ ਲਈ।
ਮਿਲੀ ਜਾਣਕਾਰੀ ਮੁਤਾਬਕ, ਸ਼ਾਤਰ ਠੱਗਾਂ ਨੇ ਬਜ਼ੁਰਗ ਜੋੜੇ ਨੂੰ ਡਰਾ-ਧਮਕਾ ਕੇ ਕਈ ਘੰਟਿਆਂ ਤੱਕ ਆਪਣੇ ਘਰ ਵਿੱਚ ਹੀ 'ਡਿਜੀਟਲ ਅਰੈਸਟ' ਕਰਕੇ ਰੱਖਿਆ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਨਾਲ ਵੀ ਸੰਪਰਕ ਨਹੀਂ ਕਰਨ ਦਿੱਤਾ ਗਿਆ ਅਤੇ ਡਰ ਦਾ ਮਾਹੌਲ ਪੈਦਾ ਕਰਕੇ ਕਰੋੜਾਂ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ ਗਿਆ।
ਜਦੋਂ ਬਜ਼ੁਰਗ ਜੋੜੇ ਨੂੰ ਆਪਣੇ ਨਾਲ ਹੋਈ ਇਸ ਵੱਡੀ ਧੋਖਾਧੜੀ ਅਤੇ ਲੁੱਟ ਦਾ ਅਹਿਸਾਸ ਹੋਇਆ, ਤਾਂ ਉਹ ਬੁਰੀ ਤਰ੍ਹਾਂ ਦਹਿਸ਼ਤ ਵਿੱਚ ਆ ਗਏ। ਪੀੜਤ ਜੋੜੇ ਵੱਲੋਂ ਤੁਰੰਤ ਇਸ ਦੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀੜਤਾਂ ਕੋਲੋਂ ਸਾਰੇ ਜ਼ਰੂਰੀ ਵੇਰਵੇ ਅਤੇ ਬੈਂਕ ਡਿਟੇਲਜ਼ ਹਾਸਲ ਕਰ ਲਈਆਂ ਹਨ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
