ਵਾਲੀਬਾਲ ਕੱਪ-2026 ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ: ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੁਲਿਸ ਹੈੱਡਕੁਆਰਟਰ, ਸੈਕਟਰ-9 ਵਿਖੇ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਸ਼ਹਿਰ ਵਿੱਚ ਚੱਲ ਰਹੀ 'ਨਸ਼ਾ ਵਿਰੋਧੀ ਮੁਹਿੰਮ' ਦੀ ਸਮੀਖਿਆ ਲਈ ਇੱਕ ਅਹਿਮ ਬੈਠਕ ਕੀਤੀ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ, ਗ੍ਰਹਿ ਸਕੱਤਰ, ਡੀ.ਜੀ.ਪੀ., ਆਈ.ਜੀ.ਪੀ. ਸਮੇਤ ਹੋਰ ਉੱਚ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਪ੍ਰਸ਼ਾਸਕ ਵੱਲੋਂ 'ਚੰਡੀਗੜ੍ਹ ਪੁਲਿਸ ਵਾਲੀਬਾਲ ਕੱਪ 2026' ਦੀ ਸ਼ੁਰੂਆਤ ਕੀਤੀ ਗਈ ਅਤੇ ਖਿਡਾਰੀਆਂ ਦੀਆਂ ਜਰਸੀਆਂ (ਟੀ-ਸ਼ਰਟਾਂ) ਵੀ ਜਾਰੀ ਕੀਤੀਆਂ ਗਈਆਂ। ਇਹ ਵਾਲੀਬਾਲ ਟੂਰਨਾਮੈਂਟ 2 ਅਕਤੂਬਰ ਤੋਂ 10 ਅਕਤੂਬਰ 2026 ਤੱਕ ਪੁਲਿਸ ਲਾਈਨਜ਼, ਸੈਕਟਰ-26 ਵਿਖੇ ਕਰਵਾਇਆ ਜਾਵੇਗਾ।
ਪੁਲਿਸ ਵੱਲੋਂ 11 ਸਤੰਬਰ ਤੋਂ 30 ਸਤੰਬਰ 2026 ਦਰਮਿਆਨ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਹੋਈ ਹੈ: ਇਸ ਦੌਰਾਨ ਕੁੱਲ 163 ਐੱਫ.ਆਈ.ਆਰ. ਦਰਜ ਕਰਕੇ 173 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 525 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ (Preventive Detention) ਅਮਲ ਵਿੱਚ ਲਿਆਂਦੀ ਗਈ।
ਕਾਰਵਾਈ ਦੌਰਾਨ 2.638 ਕਿੱਲੋ ਹੈਰੋਇਨ, 9.46 ਗ੍ਰਾਮ ਆਈਸ, 50.72 ਗ੍ਰਾਮ ਕੋਕੀਨ, 1.191 ਕਿੱਲੋ ਗਾਂਜਾ, ਹੁੱਕਾ, 49 ਨਸ਼ੀਲੇ ਟੀਕੇ, 24 ਚਾਕੂ, 3 ਪਿਸਤੌਲ, 9 ਜਿੰਦਾ ਕਾਰਤੂਸ ਅਤੇ 20,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਸ਼ਹਿਰ ਵਿੱਚ ਨਸ਼ਿਆਂ ਦੇ ਚਿੰਨ੍ਹਿਤ ਕੀਤੇ ਗਏ 65 ਹੌਟਸਪੌਟਾਂ 'ਤੇ ਵਿਸ਼ੇਸ਼ ਕਾਰਵਾਈ ਕਰਦਿਆਂ 97 ਮਾਮਲੇ ਦਰਜ ਕੀਤੇ ਗਏ ਅਤੇ 99 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਪੁਲਿਸ ਵੱਲੋਂ ਨਸ਼ੇ ਦੇ ਆਦੀ ਵਿਅਕਤੀਆਂ ਦੇ ਇਲਾਜ ਅਤੇ ਮੁੜ-ਵਸੇਬੇ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮੁਹਿੰਮ ਦੌਰਾਨ 83 ਨਸ਼ੇੜੀਆਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚੋਂ 37 ਨੂੰ ਨਸ਼ਾ ਛੁਡਾਊ ਅਤੇ ਮੁੜ-ਵਸੇਬਾ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਸਕੂਲਾਂ-ਕਾਲਜਾਂ ਵਿੱਚ ਜਾਗਰੂਕਤਾ ਕੈਂਪ, ਨੁੱਕੜ ਨਾਟਕ ਅਤੇ 140 ਤੋਂ ਵੱਧ ਜਨਤਕ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
23 ਸਤੰਬਰ 2026 ਨੂੰ ਸ਼ੁਰੂ ਕੀਤੀ ਗਈ ਐਂਟੀ-ਡਰੱਗ ਹੈਲਪਲਾਈਨ 'ਤੇ ਹੁਣ ਤੱਕ 453 ਕਾਲਾਂ/ਸੁਨੇਹੇ ਪ੍ਰਾਪਤ ਹੋਏ ਹਨ, ਜਿਨ੍ਹਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ 7 ਐੱਫ.ਆਈ.ਆਰ. ਦਰਜ ਕਰਕੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਚੰਡੀਗੜ੍ਹ ਪੁਲਿਸ ਨੇ ਐੱਨ.ਡੀ.ਪੀ.ਐੱਸ. (NDPS) ਐਕਟ ਤਹਿਤ ਅਦਾਲਤਾਂ ਵਿੱਚ ਕੇਸਾਂ ਨੂੰ ਸਫ਼ਲਤਾਪੂਰਵਕ ਸਿੱਟੇ 'ਤੇ ਪਹੁੰਚਾਉਣ ਵਿੱਚ ਵੀ ਵੱਡਾ ਸੁਧਾਰ ਦਰਜ ਕੀਤਾ ਹੈ। ਅਗਸਤ 2026 ਤੱਕ ਫੈਸਲਾ ਸੁਣਾਏ ਗਏ 97 ਕੇਸਾਂ ਵਿੱਚੋਂ 90 ਕੇਸਾਂ ਵਿੱਚ ਸਜ਼ਾ ਹੋਈ ਹੈ, ਜਿਸ ਨਾਲ ਪੁਲਿਸ ਦੀ ਕਨਵਿਕਸ਼ਨ ਦਰ ਵਧ ਕੇ 92.7% ਹੋ ਗਈ ਹੈ (ਜੋ ਕਿ ਸਾਲ 2025 ਵਿੱਚ 84.7% ਸੀ)।
ਚੰਡੀਗੜ੍ਹ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ ਦੀ ਸਪਲਾਈ ਚੇਨ ਤੋੜਨ, ਕਲੱਬਾਂ ਦੇ ਸਮੇਂ ਦੀ ਨਿਗਰਾਨੀ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਹ ਮੁਹਿੰਮ ਭਵਿੱਖ ਵਿੱਚ ਵੀ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ।
