ਜ਼ਖ਼ਮੀ ਬਦਮਾਸ਼ ਬੁੱਦੀਨ ਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਕਰਵਾਇਆ ਭਰਤੀ
ਖਗੜੀਆ : ਬਿਹਾਰ ਦੇ ਖਗੜੀਆ ਜ਼ਿਲ੍ਹੇ ਵਿੱਚ 50 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਬੁੱਦੀਨ ਮੀਆਂ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁਕਾਬਲੇ ਦੌਰਾਨ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਮੀਆਂ ਜ਼ਿਲ੍ਹੇ ਦੇ 10 ਨਾਮੀ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਹੈ।
ਪੁਲਿਸ ਸੁਪਰਡੈਂਟ ਰਾਕੇਸ਼ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਸੋਮਵਾਰ ਦੇਰ ਰਾਤ ਕਰੀਬ ਦੋ ਵਜੇ ਬੇਲਦੌਰ ਥਾਣਾ ਖੇਤਰ ਦੀ ਦਿਘੌਨ ਪੰਚਾਇਤ ਦੇ ਸੁਖਾਏਬਾਸਾ ਪਿੰਡ ਵਿੱਚ ਕਾਰਵਾਈ ਕੀਤੀ ਗਈ। ਇਕ ਸਾਂਝੇ ਅਪ੍ਰੇਸ਼ਨ ਦੌਰਾਨ ਉਸ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟਾਸਕ ਫੋਰਸ, ਜ਼ਿਲ੍ਹਾ ਖੁਫੀਆ ਯੂਨਿਟ ਅਤੇ ਬੇਲਦੌਰ ਥਾਣਾ ਪੁਲਿਸ ਨੇ ਸਾਂਝੇ ਤੌਰ 'ਤੇ ਇਲਾਕੇ ਦੀ ਘੇਰਾਬੰਦੀ ਕੀਤੀ ਸੀ। ਪੁਲਿਸ ਦੇ ਪਹੁੰਚਣ ਦੀ ਭਿਣਕ ਲੱਗਦਿਆਂ ਹੀ ਉਹ ਕਥਿਤ ਤੌਰ 'ਤੇ ਗੋਲੀਆਂ ਚਲਾਉਂਦਾ ਹੋਇਆ ਭੱਜਣ ਲੱਗਿਆ । ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ।
ਦਿਘੌਨ ਪਿੰਡ ਦੇ ਰਹਿਣ ਵਾਲੇ ਬੁੱਦੀਨ ਮੀਆਂ ਦੇ ਖ਼ਿਲਾਫ਼ ਬੇਲਦੌਰ ਥਾਣੇ ਵਿੱਚ 14 ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸ 'ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਐਸ.ਪੀ. ਮੁਤਾਬਕ ਪੁਲਿਸ ਹੁਣ ਸਹਰਸਾ ਅਤੇ ਮਧੇਪੁਰਾ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਤੋਂ ਵੀ ਉਸ ਦੇ ਅਪਰਾਧਿਕ ਇਤਿਹਾਸ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
