ਜਾਂਚ ਦੌਰਾਨ ਸੰਜੀਵ ਮੁਖੀਆ ਖ਼ਿਲਾਫ਼ ਪੇਪਰ ਚੋਰੀ ਕਰਨ ਜਾਂ ਲੀਕ ਕਰਨ ਦਾ ਕੋਈ ਸਬੂਤ ਨਹੀਂ ਮਿਲਿਆ : CBI
ਪਟਨਾ : ਪੇਪਰ ਲੀਕ 'ਤੇ ਦੇਸ਼ ਭਰ ਵਿੱਚ ਚੱਲ ਰਹੇ ਅੰਦੋਲਨਾਂ ਦੇ ਵਿਚਕਾਰ 2024 NEET-UG ਦੇ ਮੁੱਖ ਦੋਸ਼ੀ ਨੂੰ ਕਲੀਨ ਚਿੱਟ ਮਿਲ ਗਈ ਹੈ । ਸੀ.ਬੀ.ਆਈ. ਨੇ ਵੀਰਵਾਰ ਨੂੰ ਦੱਸਿਆ ਕਿ ਬਿਹਾਰ ਪੁਲਿਸ ਨੇ ਸੰਜੀਵ ਮੁਖੀਆ ਨੂੰ ਇਸ ਮਾਮਲੇ ਦਾ ਮੁੱਖ ਦੋਸ਼ੀ ਬਣਾਇਆ ਸੀ, ਪਰ ਜਾਂਚ ਵਿੱਚ ਉਸ ਦੇ ਖ਼ਿਲਾਫ਼ ਪ੍ਰਸ਼ਨ ਪੱਤਰ ਚੋਰੀ ਕਰਨ ਜਾਂ ਲੀਕ ਕਰਨ ਦੇ ਸਬੂਤ ਨਹੀਂ ਮਿਲੇ।
ਸੰਜੀਵ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ, ਪਰ ਉਹ ਅਜੇ ਜੇਲ੍ਹ ਵਿੱਚ ਹੀ ਰਹੇਗਾ। ਉਸ 'ਤੇ ਸਿਪਾਹੀ ਭਰਤੀ ਪੇਪਰ ਲੀਕ ਦਾ ਵੀ ਕੇਸ ਹੈ । ਸੀ.ਬੀ.ਆਈ. ਨੇ ਕਿਹਾ ਕਿ ਏਜੰਸੀ ਨੇ ਇਸ ਕੇਸ ਵਿੱਚ ਪ੍ਰਸ਼ਨ ਪੱਤਰ ਦੀ ਚੋਰੀ ਅਤੇ ਉਸ ਨੂੰ ਵੰਡਣ ਵਿੱਚ ਸ਼ਾਮਲ ਹਰ ਵਿਅਕਤੀ ਦੀ ਪਛਾਣ ਕੀਤੀ । ਉਨ੍ਹਾਂ ਉਮੀਦਵਾਰਾਂ ਦੀ ਵੀ ਪਛਾਣ ਕੀਤੀ ਗਈ, ਜਿਨ੍ਹਾਂ ਨੂੰ ਪ੍ਰਸ਼ਨ ਪੱਤਰ ਤੋਂ ਫਾਇਦਾ ਹੋਇਆ । CBI ਨੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ, ਇਸ ਵਿੱਚ 45 ਲੋਕਾਂ ਦੇ ਨਾਮ ਹਨ।
ਇਸ ਪੇਪਰ ਲੀਕ ਦੀ ਸ਼ੁਰੂਆਤੀ ਜਾਂਚ ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕੀਤੀ ਸੀ। ਸੰਜੀਵ ਕੁਮਾਰ ਉਰਫ਼ ਸੰਜੀਵ ਮੁਖੀਆ 'ਤੇ ਚੋਰੀ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੋਇਆ, ਕਿਉਂਕਿ ਉਹ ਪਹਿਲਾਂ ਵੀ ਪ੍ਰਸ਼ਨ ਪੱਤਰ ਲੀਕ ਕਰਨ ਦੇ ਦੂਜੇ ਮਾਮਲਿਆਂ ਵਿੱਚ ਸ਼ਾਮਲ ਸੀ। ਸੰਜੀਵ ਮੁਖੀਆ ਉਸ ਸਮੇਂ ਫਰਾਰ ਚੱਲ ਰਿਹਾ ਸੀ। 11 ਮਹੀਨਿਆਂ ਬਾਅਦ EOU ਦੀ ਟੀਮ ਨੇ ਉਸ ਨੂੰ ਪਹਿਲੇ ਪੇਪਰ ਲੀਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਬਿਹਾਰ ਪੁਲਿਸ ਨੇ ਉਸ ਨੂੰ FIR ਵਿੱਚ ਦੋਸ਼ੀ ਬਣਾਇਆ । EOU ਨੇ ਇਸ ਮਾਮਲੇ ਵਿੱਚ ਆਪਣੀ ਇੱਕ ਵਿਸਥਾਰਤ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਸੀ। ਇਸ ਤੋਂ ਬਾਅਦ ਜਾਂਚ CBI ਨੂੰ ਸੌਂਪ ਦਿੱਤੀ ਗਈ ਸੀ।
