ਖ਼ਬਰਾਂ |

ਤਾਜ਼ਾ |

ਰਿਚਾਰਜ ਦੇ ਨਾਂ 'ਤੇ ਭਾਰਤੀਆਂ ਦੀ ਜੇਬ 'ਤੇ ਡਾਕਾ? 12 ਮਹੀਨਿਆਂ ਦੀ ਥਾਂ ਸਾਲ 'ਚ 13 ਵਾਰ ਕਰਦੇ ਹਾਂ ਰਿਚਾਰਜ, ਜਾਣੋ ਕੀ ਹੈ 'RECHARGE TRAP'
Published : Nov 4, 2026, 8:59 am IST
Updated : Nov 4, 2026, 11:39 am IST
SHARE ARTICLE
photo
photo

28 ਦਿਨਾਂ ਦੀ ਵੈਲੀਡਿਟੀ, ਮਹਿੰਗੇ ਹੁੰਦੇ ਪਲਾਨ ਅਤੇ ਲੁਕਾਏ ਜਾਂਦੇ ਸਸਤੇ ਆਫ਼ਰ... ਕੀ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਰਿਚਾਰਜ ਦੇ ਜਾਲ ਵਿੱਚ ਫਸਾ ਰਹੀਆਂ ਹਨ?

ਮੁਹਾਲੀ (ਛਾਇਆ ਮਨਚੰਦਾ) ਭਾਰਤ ਵਿੱਚ ਮੋਬਾਈਲ ਰਿਚਾਰਜ ਹੁਣ ਸਿਰਫ਼ ਫ਼ੋਨ ਚਲਾਉਣ ਦਾ ਸਾਧਨ ਨਹੀਂ, ਸਗੋਂ ਹਰ ਮਹੀਨੇ ਲੋਕਾਂ ਦੀ ਜੇਬ 'ਤੇ ਪੈਣ ਵਾਲਾ ਇੱਕ ਵੱਡਾ ਖਰਚ ਬਣ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਸਾਲ ਵਿੱਚ 12 ਮਹੀਨੇ ਹੁੰਦੇ ਹਨ, ਪਰ ਜ਼ਿਆਦਾਤਰ ਪ੍ਰੀਪੇਡ ਗਾਹਕਾਂ ਨੂੰ 13 ਵਾਰ ਰਿਚਾਰਜ ਕਰਵਾਉਣਾ ਪੈਂਦਾ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ 28 ਦਿਨਾਂ ਦੀ ਵੈਲੀਡਿਟੀ।

ਇਸ ਤੋਂ ਇਲਾਵਾ ਸਸਤੇ ਰਿਚਾਰਜ ਪਲਾਨ ਹੌਲੀ-ਹੌਲੀ ਬਾਜ਼ਾਰ ਵਿੱਚੋਂ ਗਾਇਬ ਹੋ ਰਹੇ ਹਨ। ਕੰਪਨੀਆਂ ਵੱਲੋਂ ਅਜਿਹੇ ਪਲਾਨ ਪੇਸ਼ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਗਾਹਕਾਂ ਨੂੰ ਲੋੜ ਨਾ ਹੋਣ ਦੇ ਬਾਵਜੂਦ ਡਾਟਾ ਅਤੇ OTT ਸਬਸਕ੍ਰਿਪਸ਼ਨ ਵਰਗੀਆਂ ਸਹੂਲਤਾਂ ਦੇ ਪੈਸੇ ਵੀ ਦੇਣੇ ਪੈਂਦੇ ਹਨ। ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਮੋਬਾਈਲ ਰਿਚਾਰਜ ਦੀਆਂ ਕੀਮਤਾਂ ਵਿੱਚ 12 ਤੋਂ 15 ਫ਼ੀਸਦੀ ਤੱਕ ਵਾਧੇ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਆਓ ਸਮਝਦੇ ਹਾਂ ਕਿ ਆਖ਼ਰ ਇਹ RECHARGE TRAP ਕੀ ਹੈ ਅਤੇ ਕਿਵੇਂ ਟੈਲੀਕਾਮ ਕੰਪਨੀਆਂ ਦੇ ਰਿਚਾਰਜ ਪਲਾਨ ਆਮ ਲੋਕਾਂ ਦੀ ਜੇਬ 'ਤੇ ਅਸਰ ਪਾ ਰਹੇ ਹਨ।

JIO ਦੇ ਆਉਣ ਤੋਂ ਪਹਿਲਾਂ ਕਿਹੋ ਜਿਹਾ ਸੀ ਮੋਬਾਈਲ ਰਿਚਾਰਜ ਦਾ ਬਾਜ਼ਾਰ?
ਭਾਰਤ ਵਿੱਚ ਮੋਬਾਈਲ ਰਿਚਾਰਜ ਦੀ ਕਹਾਣੀ ਨੂੰ ਮੁੱਖ ਤੌਰ 'ਤੇ ਦੋ ਦੌਰਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਦੌਰ Jio ਦੇ ਆਉਣ ਤੋਂ ਪਹਿਲਾਂ ਦਾ ਅਤੇ ਦੂਜਾ Jio ਦੀ ਐਂਟਰੀ ਤੋਂ ਬਾਅਦ ਦਾ।

ਸਾਲ 2014 ਦੇ ਆਸ-ਪਾਸ ਦੇਸ਼ ਵਿੱਚ ਜ਼ਿਆਦਾਤਰ ਲੋਕ ਕੀਪੈਡ ਫ਼ੋਨਾਂ ਦੀ ਵਰਤੋਂ ਕਰਦੇ ਸਨ। ਹਾਲਾਂਕਿ, ਐਂਡਰਾਇਡ ਸਮਾਰਟਫ਼ੋਨ ਵੀ ਹੌਲੀ-ਹੌਲੀ ਬਾਜ਼ਾਰ ਵਿੱਚ ਆਪਣੀ ਜਗ੍ਹਾ ਬਣਾ ਰਹੇ ਸਨ। ਉਸ ਸਮੇਂ ਡਾਟਾ ਪੈਕ 100 MB ਤੋਂ 500 MB ਤੱਕ ਦੇ ਹੁੰਦੇ ਸਨ, ਜਦਕਿ 1 GB ਡਾਟਾ ਇੱਕ ਮਹਿੰਗੀ ਸਹੂਲਤ ਮੰਨੀ ਜਾਂਦੀ ਸੀ। 1 GB ਮੋਬਾਈਲ ਡਾਟਾ ਲਈ ਲਗਭਗ 169 ਰੁਪਏ ਖਰਚਣੇ ਪੈਂਦੇ ਸਨ। ਇਸੇ ਕਰਕੇ ਲੋਕ YouTube ਚਲਾਉਣ ਤੋਂ ਪਹਿਲਾਂ ਵੀ ਕਈ ਵਾਰ ਸੋਚਦੇ ਸਨ।

ਕਾਲਿੰਗ ਦੀਆਂ ਕੀਮਤਾਂ ਦਾ ਵੀ ਵੱਖਰਾ ਹਿਸਾਬ ਸੀ। ਲੋਕਲ ਕਾਲਾਂ ਸਸਤੀਆਂ ਹੁੰਦੀਆਂ ਸਨ, ਜਦਕਿ STD ਕਾਲਾਂ ਲਈ ਵੱਧ ਪੈਸੇ ਦੇਣੇ ਪੈਂਦੇ ਸਨ। ਦੂਜੇ ਸੂਬੇ ਵਿੱਚ ਜਾਂਦੇ ਹੀ ਰੋਮਿੰਗ ਸ਼ੁਰੂ ਹੋ ਜਾਂਦੀ ਸੀ ਅਤੇ ਰੋਮਿੰਗ ਦੌਰਾਨ ਆਉਣ ਵਾਲੀਆਂ ਕਾਲਾਂ ਦੇ ਵੀ ਪੈਸੇ ਕੱਟੇ ਜਾਂਦੇ ਸਨ।

ਸਾਲ 2009 ਤੱਕ ਕਈ ਟੈਲੀਕਾਮ ਕੰਪਨੀਆਂ ਮਿੰਟਾਂ ਦੇ ਹਿਸਾਬ ਨਾਲ ਬਿਲਿੰਗ ਕਰਦੀਆਂ ਸਨ। ਜੇਕਰ ਗਾਹਕ ਇੱਕ ਮਿੰਟ ਤੋਂ ਇੱਕ ਸਕਿੰਟ ਵੀ ਵੱਧ ਗੱਲ ਕਰਦਾ ਸੀ ਤਾਂ ਉਸ ਤੋਂ ਅਗਲੇ ਪੂਰੇ ਮਿੰਟ ਦੇ ਪੈਸੇ ਵਸੂਲੇ ਜਾਂਦੇ ਸਨ। ਉਸ ਸਮੇਂ Airtel, Vodafone, Idea, BSNL ਅਤੇ Tata Docomo ਵਰਗੀਆਂ ਕਈ ਕੰਪਨੀਆਂ ਟੈਲੀਕਾਮ ਬਾਜ਼ਾਰ ਵਿੱਚ ਮੌਜੂਦ ਸਨ।

JIO ਦੀ ਐਂਟਰੀ ਨੇ ਬਦਲ ਦਿੱਤੀ ਟੈਲੀਕਾਮ ਇੰਡਸਟਰੀ ਦੀ ਤਸਵੀਰ
1 ਸਤੰਬਰ 2016 ਨੂੰ ਮੁਕੇਸ਼ ਅੰਬਾਨੀ ਨੇ Reliance Jio ਦੀ ਸ਼ੁਰੂਆਤ ਦਾ ਐਲਾਨ ਕੀਤਾ ਅਤੇ 5 ਸਤੰਬਰ 2016 ਤੋਂ ਕੰਪਨੀ ਦੀਆਂ ਕਮਰਸ਼ੀਅਲ ਸੇਵਾਵਾਂ ਸ਼ੁਰੂ ਹੋ ਗਈਆਂ। ਸ਼ੁਰੂਆਤ ਵਿੱਚ Jio ਨੇ ਗਾਹਕਾਂ ਨੂੰ ਮੁਫ਼ਤ ਡਾਟਾ ਅਤੇ ਕਾਲਿੰਗ ਦੀ ਸਹੂਲਤ ਦਿੱਤੀ। ਇਹ ਆਫ਼ਰ ਪਹਿਲਾਂ 31 ਦਸੰਬਰ 2016 ਤੱਕ ਸੀ, ਜਿਸ ਨੂੰ ਬਾਅਦ ਵਿੱਚ 31 ਮਾਰਚ 2017 ਤੱਕ ਵਧਾ ਦਿੱਤਾ ਗਿਆ।

ਕਾਰੋਬਾਰੀ ਭਾਸ਼ਾ ਵਿੱਚ ਇਸ ਰਣਨੀਤੀ ਨੂੰ 'Penetration Pricing' ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਨਵੇਂ ਬਾਜ਼ਾਰ ਵਿੱਚ ਆਪਣੀ ਪਕੜ ਬਣਾਉਣ ਲਈ ਸ਼ੁਰੂਆਤ ਵਿੱਚ ਕੀਮਤਾਂ ਬੇਹੱਦ ਘੱਟ ਰੱਖੀਆਂ ਜਾਂਦੀਆਂ ਹਨ, ਤਾਂ ਜੋ ਵੱਧ ਤੋਂ ਵੱਧ ਗਾਹਕਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ।

Jio ਨੇ ਪਹਿਲੇ ਹੀ ਮਹੀਨੇ ਲਗਭਗ 1.6 ਕਰੋੜ ਗਾਹਕ ਜੋੜ ਲਏ। ਸਿਰਫ਼ 170 ਦਿਨਾਂ ਵਿੱਚ ਗਾਹਕਾਂ ਦੀ ਗਿਣਤੀ 10 ਕਰੋੜ ਤੋਂ ਪਾਰ ਹੋ ਗਈ। ਮੁਕੇਸ਼ ਅੰਬਾਨੀ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ Jio ਹਰ ਸਕਿੰਟ ਸੱਤ ਨਵੇਂ ਗਾਹਕ ਜੋੜ ਰਿਹਾ ਹੈ।

Jio ਦੀ ਐਂਟਰੀ ਤੋਂ ਬਾਅਦ ਭਾਰਤੀਆਂ ਦੀ ਡਿਜੀਟਲ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ। 1 GB ਡਾਟਾ ਦੀ ਕੀਮਤ ਵਿੱਚ ਭਾਰੀ ਕਮੀ ਆਈ। ਰੋਮਿੰਗ ਅਤੇ STD ਵਰਗੇ ਸ਼ਬਦ ਹੌਲੀ-ਹੌਲੀ ਆਮ ਗਾਹਕਾਂ ਦੀ ਜ਼ਿੰਦਗੀ ਵਿੱਚੋਂ ਗਾਇਬ ਹੋਣ ਲੱਗੇ। ਅਨਲਿਮਟਿਡ ਕਾਲਿੰਗ ਨਵਾਂ ਨਾਰਮਲ ਬਣ ਗਈ ਅਤੇ YouTube, WhatsApp ਤੇ Reels ਦੀ ਪਹੁੰਚ ਦੇਸ਼ ਦੇ ਕੋਨੇ-ਕੋਨੇ ਤੱਕ ਹੋ ਗਈ।

ਪਰ ਇਸ ਪ੍ਰਾਈਸ ਵਾਰ ਦਾ ਦੂਜੀਆਂ ਕੰਪਨੀਆਂ 'ਤੇ ਵੀ ਵੱਡਾ ਅਸਰ ਪਿਆ। ਕਈ ਕੰਪਨੀਆਂ ਨੂੰ ਆਪਣੀਆਂ ਕੀਮਤਾਂ ਘਟਾਉਣੀਆਂ ਪਈਆਂ, ਜਦਕਿ ਕਮਜ਼ੋਰ ਵਿੱਤੀ ਹਾਲਾਤ ਵਾਲੀਆਂ ਕੰਪਨੀਆਂ ਬਾਜ਼ਾਰ ਵਿੱਚੋਂ ਬਾਹਰ ਹੋ ਗਈਆਂ। ਅਗਸਤ 2018 ਵਿੱਚ Vodafone ਅਤੇ Idea ਦਾ ਰਲੇਵਾਂ ਹੋ ਗਿਆ ਅਤੇ ਬਾਅਦ ਵਿੱਚ ਇਹ ਕੰਪਨੀ Vodafone Idea ਯਾਨੀ Vi ਬਣ ਗਈ।

ਹੁਣ ਸਿਰਫ਼ ਕੁਝ ਕੰਪਨੀਆਂ ਦੇ ਹੱਥਾਂ ਵਿੱਚ ਹੈ ਟੈਲੀਕਾਮ ਬਾਜ਼ਾਰ
ਅੱਜ ਭਾਰਤ ਦੇ ਪ੍ਰਾਈਵੇਟ ਟੈਲੀਕਾਮ ਸੈਕਟਰ ਵਿੱਚ ਮੁੱਖ ਤੌਰ 'ਤੇ ਤਿੰਨ ਵੱਡੀਆਂ ਕੰਪਨੀਆਂ Airtel, Jio ਅਤੇ Vi ਹਨ। ਇਸ ਤੋਂ ਇਲਾਵਾ ਸਰਕਾਰੀ ਕੰਪਨੀਆਂ BSNL ਅਤੇ MTNL ਵੀ ਸੇਵਾਵਾਂ ਦੇ ਰਹੀਆਂ ਹਨ।

ਟੈਲੀਕਾਮ ਬਾਜ਼ਾਰ ਵਿੱਚ ਗਾਹਕਾਂ ਦੀ ਵੱਡੀ ਗਿਣਤੀ Jio ਅਤੇ Airtel ਕੋਲ ਹੈ। ਇਸ ਕਾਰਨ ਮੋਬਾਈਲ ਸੇਵਾਵਾਂ ਦੇ ਬਾਜ਼ਾਰ ਵਿੱਚ ਇਨ੍ਹਾਂ ਦੋਵਾਂ ਕੰਪਨੀਆਂ ਦਾ ਦਬਦਬਾ ਹੈ। ਮਤਲਬ ਦੇਸ਼ ਦੇ ਹਰ ਚਾਰ ਵਿੱਚੋਂ ਲਗਭਗ ਤਿੰਨ ਮੋਬਾਈਲ ਗਾਹਕ Jio ਜਾਂ Airtel ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਨ। ਇਸ ਬਦਲਾਅ ਨੇ ਗਾਹਕਾਂ ਦੇ ਸਾਹਮਣੇ ਇੱਕ ਹੋਰ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜਦੋਂ ਬਾਜ਼ਾਰ ਵਿੱਚ ਮੁਕਾਬਲਾ ਘੱਟ ਹੋ ਰਿਹਾ ਹੈ ਤਾਂ ਕੀਮਤਾਂ 'ਤੇ ਕੰਟਰੋਲ ਕਿਵੇਂ ਰਹੇਗਾ?

FREE ਤੋਂ FEE ਤੱਕ ਦਾ ਸਫ਼ਰ: ਤਿੰਨ ਵੱਡੇ ਰਿਚਾਰਜ ਹਾਈਕ
Jio ਦੀ ਐਂਟਰੀ ਤੋਂ ਬਾਅਦ ਕਰੀਬ ਤਿੰਨ ਸਾਲ ਤੱਕ ਟੈਲੀਕਾਮ ਕੰਪਨੀਆਂ ਵਿਚਕਾਰ ਕੀਮਤਾਂ ਨੂੰ ਲੈ ਕੇ ਮੁਕਾਬਲਾ ਚੱਲਦਾ ਰਿਹਾ। ਪਰ ਦਸੰਬਰ 2019 ਵਿੱਚ ਪਹਿਲੀ ਵਾਰ ਰਿਚਾਰਜ ਪਲਾਨਾਂ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ।

3 ਦਸੰਬਰ 2019 ਤੋਂ Airtel ਅਤੇ Vi ਨੇ ਆਪਣੇ ਪਲਾਨਾਂ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਤੱਕ ਵਾਧਾ ਕੀਤਾ। ਇਸ ਤੋਂ ਬਾਅਦ 6 ਦਸੰਬਰ ਨੂੰ Jio ਨੇ ਵੀ ਆਪਣੇ ਪਲਾਨ ਲਗਭਗ 40 ਫ਼ੀਸਦੀ ਤੱਕ ਮਹਿੰਗੇ ਕਰ ਦਿੱਤੇ। ਇਸ ਨਾਲ ਸਸਤੇ ਰਿਚਾਰਜ ਦਾ ਦੌਰ ਹੌਲੀ-ਹੌਲੀ ਖ਼ਤਮ ਹੋਣ ਲੱਗਾ। ਦੂਜਾ ਵੱਡਾ ਵਾਧਾ ਨਵੰਬਰ 2021 ਵਿੱਚ ਹੋਇਆ। ਇਸ ਦੌਰਾਨ Jio, Airtel ਅਤੇ Vi ਤਿੰਨਾਂ ਨੇ ਆਪਣੇ ਰਿਚਾਰਜ ਪਲਾਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ।

ਤੀਜਾ ਅਤੇ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਜੁਲਾਈ 2024 ਵਿੱਚ ਦੇਖਣ ਨੂੰ ਮਿਲਿਆ। ਇਸ ਵਾਰ Jio ਨੇ ਸਭ ਤੋਂ ਪਹਿਲਾਂ ਕੀਮਤਾਂ ਵਧਾਈਆਂ। 3 ਜੁਲਾਈ 2024 ਤੋਂ ਕੰਪਨੀ ਨੇ ਆਪਣੇ ਪਲਾਨਾਂ ਦੀਆਂ ਕੀਮਤਾਂ ਵਿੱਚ 27 ਫ਼ੀਸਦੀ ਤੱਕ ਵਾਧਾ ਕੀਤਾ। 1.5 GB ਰੋਜ਼ਾਨਾ ਡਾਟਾ ਵਾਲਾ 239 ਰੁਪਏ ਦਾ ਪਲਾਨ ਵਧ ਕੇ 299 ਰੁਪਏ ਦਾ ਹੋ ਗਿਆ।

ਇਸ ਤੋਂ ਅਗਲੇ ਦਿਨ Airtel ਨੇ ਵੀ ਆਪਣੇ ਪਲਾਨਾਂ ਦੀਆਂ ਕੀਮਤਾਂ ਵਿੱਚ ਲਗਭਗ 20 ਫ਼ੀਸਦੀ ਵਾਧੇ ਦਾ ਐਲਾਨ ਕਰ ਦਿੱਤਾ। Vi ਨੇ ਵੀ ਇਸੇ ਰਾਹ 'ਤੇ ਚੱਲਦਿਆਂ ਕੀਮਤਾਂ ਵਧਾ ਦਿੱਤੀਆਂ।

ਇਸ ਤੋਂ ਇਲਾਵਾ ਸਸਤੇ ਰਿਚਾਰਜ ਪਲਾਨਾਂ ਨੂੰ ਹੌਲੀ-ਹੌਲੀ ਬੰਦ ਕੀਤਾ ਜਾਣ ਲੱਗਾ। Airtel ਨੇ ਪਹਿਲਾਂ 49 ਰੁਪਏ ਵਾਲਾ ਪਲਾਨ ਬੰਦ ਕੀਤਾ ਅਤੇ ਬਾਅਦ ਵਿੱਚ 99 ਰੁਪਏ ਵਾਲੇ ਪਲਾਨ ਦੀ ਥਾਂ 155 ਰੁਪਏ ਵਾਲਾ ਪਲਾਨ ਲਿਆਂਦਾ। ਇਸੇ ਤਰ੍ਹਾਂ ਘੱਟ ਕੀਮਤ ਵਾਲੇ ਡਾਟਾ ਪੈਕ ਵੀ ਬਾਜ਼ਾਰ ਵਿੱਚੋਂ ਗਾਇਬ ਹੋਣ ਲੱਗੇ।

ਹੁਣ ਸਵਾਲ ਇਹ ਹੈ ਕਿ ਕੀ ਕੰਪਨੀਆਂ ਸਿਰਫ਼ ਪਲਾਨ ਮਹਿੰਗੇ ਕਰ ਰਹੀਆਂ ਹਨ ਜਾਂ ਫਿਰ ਗਾਹਕਾਂ ਲਈ ਸਸਤੇ ਵਿਕਲਪ ਵੀ ਖ਼ਤਮ ਕਰ ਰਹੀਆਂ ਹਨ?

ਕੀ ਹੈ RECHARGE TRAP? ਜਾਣੋ ਕਿਵੇਂ 12 ਮਹੀਨਿਆਂ ਦੀ ਥਾਂ 13 ਵਾਰ ਕਰਨਾ ਪੈਂਦਾ ਹੈ ਰਿਚਾਰਜ
RECHARGE TRAP ਦਾ ਮਤਲਬ ਹੈ ਕਿ ਕੰਪਨੀਆਂ ਵੱਲੋਂ ਸਿੱਧੇ ਤੌਰ 'ਤੇ ਕੀਮਤਾਂ ਵਧਾਏ ਬਿਨਾਂ ਵੀ ਗਾਹਕਾਂ ਦੀ ਜੇਬ ਵਿੱਚੋਂ ਵੱਧ ਪੈਸੇ ਕਢਵਾਏ ਜਾਣ। ਇਸ ਦੀ ਸਭ ਤੋਂ ਵੱਡੀ ਉਦਾਹਰਨ 28 ਦਿਨਾਂ ਦੀ ਰਿਚਾਰਜ ਵੈਲੀਡਿਟੀ ਹੈ।

ਆਮ ਤੌਰ 'ਤੇ ਇੱਕ ਸਾਲ ਵਿੱਚ 365 ਦਿਨ ਅਤੇ 12 ਮਹੀਨੇ ਹੁੰਦੇ ਹਨ। ਪਰ ਜ਼ਿਆਦਾਤਰ ਪ੍ਰੀਪੇਡ ਪਲਾਨਾਂ ਦੀ ਵੈਲੀਡਿਟੀ 28 ਦਿਨਾਂ ਦੀ ਹੁੰਦੀ ਹੈ। ਜੇਕਰ 365 ਦਿਨਾਂ ਨੂੰ 28 ਨਾਲ ਵੰਡਿਆ ਜਾਵੇ ਤਾਂ ਇਹ ਲਗਭਗ 13 ਰਿਚਾਰਜ ਬਣਦੇ ਹਨ। ਇਸ ਦਾ ਮਤਲਬ ਹੈ ਕਿ ਗਾਹਕ ਨੂੰ ਸਾਲ ਵਿੱਚ 12 ਦੀ ਥਾਂ 13 ਵਾਰ ਰਿਚਾਰਜ ਕਰਵਾਉਣਾ ਪੈਂਦਾ ਹੈ। ਇਸ ਤਰ੍ਹਾਂ ਕੰਪਨੀਆਂ ਨੂੰ ਇੱਕ ਵਾਧੂ ਰਿਚਾਰਜ ਦਾ ਪੈਸਾ ਮਿਲਦਾ ਹੈ।

ਉਦਾਹਰਨ ਵਜੋਂ ਜੇਕਰ ਕੋਈ ਗਾਹਕ Jio ਦਾ 349 ਰੁਪਏ ਵਾਲਾ 28 ਦਿਨਾਂ ਦਾ ਪਲਾਨ ਲੈਂਦਾ ਹੈ ਤਾਂ 12 ਮਹੀਨਿਆਂ ਦੇ ਹਿਸਾਬ ਨਾਲ ਉਸ ਦਾ ਖਰਚ 4,188 ਰੁਪਏ ਬਣਦਾ ਹੈ। ਪਰ 13 ਵਾਰ ਰਿਚਾਰਜ ਕਰਨ 'ਤੇ ਇਹ ਖਰਚ 4,537 ਰੁਪਏ ਹੋ ਜਾਂਦਾ ਹੈ। ਯਾਨੀ ਸਿਰਫ਼ 28 ਦਿਨਾਂ ਦੀ ਵੈਲੀਡਿਟੀ ਕਾਰਨ ਗਾਹਕ ਨੂੰ ਇੱਕ ਸਾਲ ਵਿੱਚ 349 ਰੁਪਏ ਵਾਧੂ ਦੇਣੇ ਪੈਂਦੇ ਹਨ। ਇਸ ਤਰ੍ਹਾਂ ਗਾਹਕ ਨੂੰ ਹਰ ਰਿਚਾਰਜ ਦੀ ਕੀਮਤ ਭਾਵੇਂ ਆਮ ਲੱਗੇ, ਪਰ ਸਾਲ ਦੇ ਅਖੀਰ ਵਿੱਚ ਇਹ ਵਾਧੂ ਖਰਚ ਇੱਕ ਵੱਡੀ ਰਕਮ ਬਣ ਜਾਂਦਾ ਹੈ।

TRAI ਨੇ ਵੀ 28 ਦਿਨਾਂ ਦੀ ਵੈਲੀਡਿਟੀ 'ਤੇ ਲਿਆ ਸੀ ਐਕਸ਼ਨ
28 ਦਿਨਾਂ ਦੀ ਵੈਲੀਡਿਟੀ ਨੂੰ ਲੈ ਕੇ ਕਈ ਵਾਰ ਗਾਹਕਾਂ ਨੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਕੋਲ ਸ਼ਿਕਾਇਤਾਂ ਕੀਤੀਆਂ।

ਇਸ ਤੋਂ ਬਾਅਦ 27 ਜਨਵਰੀ 2022 ਨੂੰ TRAI ਨੇ ਟੈਲੀਕਾਮ ਕੰਪਨੀਆਂ ਨੂੰ ਅਜਿਹਾ ਪਲਾਨ ਦੇਣ ਦੇ ਨਿਰਦੇਸ਼ ਦਿੱਤੇ, ਜਿਸ ਦੀ ਵੈਲੀਡਿਟੀ 30 ਦਿਨਾਂ ਦੀ ਹੋਵੇ। ਇਸ ਦੇ ਨਾਲ ਹੀ ਹਰ ਮਹੀਨੇ ਉਸੇ ਤਾਰੀਖ਼ ਨੂੰ ਰੀਨਿਊ ਹੋਣ ਵਾਲਾ ਇੱਕ ਪਲਾਨ ਦੇਣਾ ਵੀ ਲਾਜ਼ਮੀ ਕੀਤਾ ਗਿਆ। ਕੰਪਨੀਆਂ ਨੇ ਅਜਿਹੇ ਪਲਾਨ ਪੇਸ਼ ਵੀ ਕੀਤੇ, ਪਰ ਅੱਜ ਵੀ ਜ਼ਿਆਦਾਤਰ ਗਾਹਕਾਂ ਨੂੰ ਰਿਚਾਰਜ ਕਰਵਾਉਂਦੇ ਸਮੇਂ 28 ਦਿਨਾਂ ਵਾਲੇ ਪਲਾਨ ਹੀ ਵਧੇਰੇ ਨਜ਼ਰ ਆਉਂਦੇ ਹਨ।

MINIMUM RECHARGE TRAP: ਸਿਰਫ਼ SIM ਚਾਲੂ ਰੱਖਣ ਲਈ ਵੀ ਦੇਣੇ ਪੈਂਦੇ ਹਨ ਹਜ਼ਾਰਾਂ ਰੁਪਏ
RECHARGE TRAP ਦਾ ਦੂਜਾ ਰੂਪ ਹੈ MINIMUM RECHARGE TRAP। ਇਸ ਵਿੱਚ ਗਾਹਕ ਨੂੰ ਸਿਰਫ਼ ਆਪਣਾ ਮੋਬਾਈਲ ਨੰਬਰ ਚਾਲੂ ਰੱਖਣ ਲਈ ਵੀ ਰਿਚਾਰਜ ਕਰਵਾਉਣਾ ਪੈਂਦਾ ਹੈ।

ਜਿਵੇਂ ਹੀ ਮੌਜੂਦਾ ਪਲਾਨ ਦੀ ਵੈਲੀਡਿਟੀ ਖ਼ਤਮ ਹੁੰਦੀ ਹੈ, ਗਾਹਕ ਨੂੰ ਆਊਟਗੋਇੰਗ ਕਾਲਾਂ ਅਤੇ ਹੋਰ ਸੇਵਾਵਾਂ ਲਈ ਮੁਸ਼ਕਲ ਆਉਣ ਲੱਗਦੀ ਹੈ। ਕਈ ਹਾਲਾਤਾਂ ਵਿੱਚ ਇਨਕਮਿੰਗ ਸੇਵਾ ਵੀ ਬੰਦ ਹੋ ਸਕਦੀ ਹੈ। ਇਸ ਦਾ ਸਭ ਤੋਂ ਵੱਧ ਅਸਰ ਦੋ ਤਰ੍ਹਾਂ ਦੇ ਲੋਕਾਂ 'ਤੇ ਪੈਂਦਾ ਹੈ। ਪਹਿਲੇ ਹਨ ਬਜ਼ੁਰਗ ਲੋਕ, ਜਿਨ੍ਹਾਂ ਨੂੰ ਰੋਜ਼ਾਨਾ 2 GB ਡਾਟਾ ਦੀ ਲੋੜ ਨਹੀਂ ਹੁੰਦੀ। ਉਹ ਸਿਰਫ਼ ਫ਼ੋਨ 'ਤੇ ਗੱਲ ਕਰਨ ਅਤੇ ਕਾਲਾਂ ਸੁਣਨ ਲਈ SIM ਰੱਖਣਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਵੀ ਡਾਟਾ ਵਾਲੇ ਮਹਿੰਗੇ ਪਲਾਨ ਖਰੀਦਣੇ ਪੈਂਦੇ ਹਨ।

ਦੂਜੇ ਹਨ ਉਹ ਲੋਕ, ਜਿਨ੍ਹਾਂ ਕੋਲ ਦੋ SIM ਕਾਰਡ ਹਨ। ਜੁਲਾਈ 2024 ਵਿੱਚ ਰਿਚਾਰਜ ਦੀਆਂ ਕੀਮਤਾਂ ਵਧਣ ਤੋਂ ਬਾਅਦ ਕਈ ਗਾਹਕਾਂ ਨੇ ਆਪਣਾ ਦੂਜਾ SIM ਬੰਦ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਅਸਰ ਟੈਲੀਕਾਮ ਕੰਪਨੀਆਂ ਦੇ ਗਾਹਕਾਂ ਦੀ ਗਿਣਤੀ 'ਤੇ ਵੀ ਦੇਖਣ ਨੂੰ ਮਿਲਿਆ।

BUNDLING TRAP: ਜਿਨ੍ਹਾਂ ਸਹੂਲਤਾਂ ਦੀ ਲੋੜ ਨਹੀਂ, ਉਨ੍ਹਾਂ ਦੇ ਵੀ ਦੇਣੇ ਪੈਂਦੇ ਹਨ ਪੈਸੇ
RECHARGE TRAP ਦਾ ਤੀਜਾ ਰੂਪ ਹੈ BUNDLING TRAP। ਇਸ ਦਾ ਮਤਲਬ ਹੈ ਕਿ ਗਾਹਕ ਨੂੰ ਇੱਕ ਪਲਾਨ ਵਿੱਚ ਕਈ ਸਹੂਲਤਾਂ ਇਕੱਠੀਆਂ ਦੇ ਦਿੱਤੀਆਂ ਜਾਂਦੀਆਂ ਹਨ, ਭਾਵੇਂ ਉਸ ਨੂੰ ਉਨ੍ਹਾਂ ਸਾਰੀਆਂ ਦੀ ਲੋੜ ਹੋਵੇ ਜਾਂ ਨਾ।

ਉਦਾਹਰਨ ਵਜੋਂ ਕਈ ਗਾਹਕਾਂ ਨੂੰ ਸਿਰਫ਼ ਕਾਲਿੰਗ ਦੀ ਲੋੜ ਹੁੰਦੀ ਹੈ, ਪਰ ਉਨ੍ਹਾਂ ਨੂੰ ਡਾਟਾ ਵਾਲਾ ਮਹਿੰਗਾ ਪਲਾਨ ਲੈਣਾ ਪੈਂਦਾ ਹੈ। ਇਸੇ ਤਰ੍ਹਾਂ ਕਈ ਪਲਾਨਾਂ ਵਿੱਚ OTT ਸਬਸਕ੍ਰਿਪਸ਼ਨ ਵੀ ਜੋੜ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ VALUE PACK ਦੇ ਨਾਂ 'ਤੇ ਪੇਸ਼ ਕੀਤਾ ਜਾਂਦਾ ਹੈ।

ਪਰ ਇੱਥੇ ਵੀ ਇੱਕ ਪੇਚ ਹੈ। ਕਈ OTT ਬੰਡਲ ਪਲਾਨ ਸਿਰਫ਼ ਮੋਬਾਈਲ 'ਤੇ ਹੀ ਚੱਲਦੇ ਹਨ। ਗਾਹਕ ਉਨ੍ਹਾਂ ਨੂੰ ਆਪਣੇ ਟੀਵੀ ਜਾਂ ਲੈਪਟਾਪ 'ਤੇ ਨਹੀਂ ਦੇਖ ਸਕਦੇ। ਇਸ ਤਰ੍ਹਾਂ ਗਾਹਕ ਉਸ ਸਹੂਲਤ ਲਈ ਵੀ ਪੈਸੇ ਦੇ ਰਿਹਾ ਹੁੰਦਾ ਹੈ, ਜਿਸ ਦੀ ਵਰਤੋਂ ਸ਼ਾਇਦ ਉਹ ਕਦੇ ਕਰਦਾ ਹੀ ਨਹੀਂ।

ਕੀ ਆਉਣ ਵਾਲੇ ਦਿਨਾਂ ਵਿੱਚ ਹੋਰ ਮਹਿੰਗਾ ਹੋਵੇਗਾ ਮੋਬਾਈਲ ਰਿਚਾਰਜ?
ਮੋਬਾਈਲ ਰਿਚਾਰਜ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਵਿਚਕਾਰ ਹੁਣ ਇੱਕ ਹੋਰ ਵੱਡੀ ਚਰਚਾ ਸ਼ੁਰੂ ਹੋ ਗਈ ਹੈ। ਅਕਤੂਬਰ 2026 ਵਿੱਚ Centrum Institutional Research ਦੀ ਰਿਪੋਰਟ ਮੁਤਾਬਕ ਆਉਣ ਵਾਲੇ 4 ਤੋਂ 5 ਮਹੀਨਿਆਂ ਵਿੱਚ ਟੈਲੀਕਾਮ ਕੰਪਨੀਆਂ ਰਿਚਾਰਜ ਪਲਾਨਾਂ ਦੀਆਂ ਕੀਮਤਾਂ ਵਿੱਚ 12 ਤੋਂ 15 ਫ਼ੀਸਦੀ ਤੱਕ ਵਾਧਾ ਕਰ ਸਕਦੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪਹਿਲਾਂ ਹੀ ਮਹਿੰਗੇ ਰਿਚਾਰਜ ਕਰਵਾ ਰਹੇ ਗਾਹਕਾਂ ਦੀ ਜੇਬ 'ਤੇ ਹੋਰ ਬੋਝ ਪੈ ਸਕਦਾ ਹੈ।

ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਗਾਹਕਾਂ ਕੋਲ ਆਪਣੀ ਲੋੜ ਮੁਤਾਬਕ ਸਸਤਾ ਪਲਾਨ ਚੁਣਨ ਦੀ ਆਜ਼ਾਦੀ ਹੈ ਜਾਂ ਫਿਰ ਉਨ੍ਹਾਂ ਨੂੰ ਉਹੀ ਪਲਾਨ ਖਰੀਦਣ ਲਈ ਮਜਬੂਰ ਹੋਣਾ ਪਵੇਗਾ, ਜੋ ਕੰਪਨੀਆਂ ਉਨ੍ਹਾਂ ਨੂੰ ਵੇਚਣਾ ਚਾਹੁੰਦੀਆਂ ਹਨ?

ਕੁੱਲ ਮਿਲਾ ਕੇ, 28 ਦਿਨਾਂ ਦੀ ਵੈਲੀਡਿਟੀ, ਸਸਤੇ ਪਲਾਨਾਂ ਦੀ ਕਮੀ, ਘੱਟੋ-ਘੱਟ ਰਿਚਾਰਜ ਦੀ ਮਜਬੂਰੀ ਅਤੇ ਬੰਡਲ ਸਹੂਲਤਾਂ ਨੇ ਮੋਬਾਈਲ ਰਿਚਾਰਜ ਨੂੰ ਆਮ ਗਾਹਕ ਲਈ ਇੱਕ ਮਹਿੰਗਾ ਸੌਦਾ ਬਣਾ ਦਿੱਤਾ ਹੈ। ਹੁਣ ਲੋੜ ਹੈ ਕਿ ਗਾਹਕਾਂ ਨੂੰ ਪਾਰਦਰਸ਼ੀ ਕੀਮਤਾਂ ਅਤੇ ਆਪਣੀ ਜ਼ਰੂਰਤ ਮੁਤਾਬਕ ਪਲਾਨ ਚੁਣਨ ਦੇ ਵਧੇਰੇ ਵਿਕਲਪ ਮਿਲਣ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement