ਖ਼ਬਰਾਂ |

ਤਾਜ਼ਾ |

ਬੱਚੇ ਲਈ ‘ਅੰਮ੍ਰਿਤ' ਅਤੇ ਮਾਂ ਲਈ ‘ਵਰਦਾਨ' ਹੈ ਮਾਂ ਦਾ ਦੁੱਧ
Published : Apr 27, 2026, 7:26 am IST
Updated : Apr 27, 2026, 12:45 pm IST
SHARE ARTICLE
Mother's milk is a 'blessing'
Mother's milk is a 'blessing'

ਸਾਡੇ ਪੰਜਾਬੀ ਸਭਿਆਚਾਰ, ਵਿਰਸੇ ਅਤੇ ਸਾਹਿਤ ਵਿਚ ਵੀ ‘ਮਾਂ ਦਾ ਦੁੱਧ' ਪੀਤਾ ਹੋਣ ਵਾਲੇ ਸ਼ਖ਼ਸ ਨੂੰ ਬਹੁਤ ਹੀ ‘ਬਹਾਦਰ ਤੇ ਸੂਰਮਾ' ਆਖ ਕੇ ਵਡਿਆਇਆ ਗਿਆ ਹੈ।

ਮਹਿਲਾ ਮਾਮਲਿਆਂ ਦੀ ਮਾਹਿਰ ਸ੍ਰੀਮਤੀ ਪਾਮੇਲਾ ਵਿਗਨਿਸ ਦਾ ਕਥਨ ਹੈ -‘‘ਇਕ ਮਾਂ ਵਲੋਂ ਅਪਣੇ ਨਵਜੰਮੇ ਬੱਚੇ ਨੂੰ ਅਪਣਾ ਦੁੱਧ ਪਿਆਉਣਾ ਉਸ ਦੇ ਬੱਚੇ ਲਈ, ਉਸ ਦੇ ਅਪਣੇ ਆਪ ਲਈ ਅਤੇ ਇਸ ਸਮੁੱਚੀ ਧਰਤੀ ਲਈ ਇਕ ਕੀਮਤੀ ਤੋਹਫ਼ਾ ਹੈ।’’ ਇਹ ਕਥਨ ਇਸ ਮਹੱਤਵਪੂਰਨ ਤੱਥ ਦੀ ਪ੍ਰੋੜਤਾ ਕਰਦਾ ਹੈ ਕਿ ਮਾਂ ਦਾ ਦੁੱਧ ਸਬੰਧਤ ਬੱਚੇ ਅਤੇ ਉਸ ਦੀ ਮਾਂ ਦੀ ਸਿਹਤ ਲਈ ਬੇਹੱਦ ਲਾਹੇਵੰਦ ਹੁੰਦਾ ਹੈ ਜਿਸ ਕਰ ਕੇ ਬੱਚੇ ਨੂੰ ਦੁੱਧ ਪਿਆਉਣ ਵਾਲੀਆਂ ਮਾਂਵਾਂ ਦੀ ‘ਫ਼ਿਗਰ’ ਭਾਵ ਸਰੀਰਕ ਬਣਤਰ ਖ਼ਰਾਬ ਹੋਣ ਸਬੰਧੀ ਸਮਾਜ ਵਿਚ ਉੱਡਦੀਆਂ ਅਫ਼ਵਾਹਾਂ ’ਤੇ ਬਿਲਕੁਲ ਵੀ ਯਕੀਨ ਨਹੀਂ ਕਰਨਾ ਚਾਹੀਦਾ। ਸਾਡੇ ਪੰਜਾਬੀ ਸਭਿਆਚਾਰ, ਵਿਰਸੇ ਅਤੇ ਸਾਹਿਤ ਵਿਚ ਵੀ ‘ਮਾਂ ਦਾ ਦੁੱਧ’ ਪੀਤਾ ਹੋਣ ਵਾਲੇ ਸ਼ਖ਼ਸ ਨੂੰ ਬਹੁਤ ਹੀ ‘ਬਹਾਦਰ ਤੇ ਸੂਰਮਾ’ ਆਖ ਕੇ ਵਡਿਆਇਆ ਗਿਆ ਹੈ।

ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਜਦੋਂ ਇਕ ਗਰਭਵਤੀ ਔਰਤ ਅਪਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਨਵਜੰਮੇ ਬੱਚੇ ਦੀ ਉਦਰਪੂਰਤੀ ਭਾਵ ਭੁੱਖ ਮਿਟਾਉਣ ਲਈ ਲੋੜੀਂਦਾ ਦੁੱਧ ਉਸ ਮਾਂ ਦੀ ਛਾਤੀ ਵਿਚ ਸੁਤੇ ਸਿਧ ਹੀ ਉਤਰ ਆਉਂਦਾ ਹੈ। ਧਾਰਮਕ ਪੱਖ ਤੋਂ ਮਾਂ ਦਾ ਦੁੱਧ ਇਕ ਮਾਂ ਅਤੇ ਉਸ ਦੇ ਨਵਜੰਮੇ ਬੱਚੇ ਲਈ ਪ੍ਰਮਾਤਮਾ ਜਾਂ ਕੁਦਰਤ ਵਲੋਂ ਬਖ਼ਸ਼ਿਸ਼ ਕੀਤਾ ਗਿਆ ਇਕ ਅਨਮੋਲ ਵਰਦਾਨ ਹੈ। ਹਰ ਮਾਂ ਨੂੰ ਪ੍ਰਮਾਤਮਾ ਦੀ ਬਖ਼ਸ਼ੀ ਇਸ ਅਮੁੱਲੀ ਦਾਤ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਹੋਇਆਂ ਅਪਣੀ ਛਾਤੀ ਦਾ ਉਹ ਗੁਣਕਾਰੀ ਦੁੱਧ ਅਪਣੇ ਬੱਚੇ ਨੂੰ ਜ਼ਰੂਰ ਪਿਆਉਣਾ ਚਾਹੀਦਾ ਹੈ। ਪ੍ਰਮਾਤਮਾ ਨੇ ਇਹ ਵਰਦਾਨ ਮਨੁੱਖੀ ਮਾਦਾਵਾਂ ਤੋਂ ਇਲਾਵਾ ਸਮੂਹ ਥਣਧਾਰੀ ਜੀਵਾਂ ਦੀਆਂ ਮਾਦਾਵਾਂ ਨੂੰ ਵੀ ਪ੍ਰਦਾਨ ਕੀਤਾ ਹੈ। ਮਨੁੱਖ ਨੂੰ ਛੱਡ ਕੇ ਕੋਈ ਵੀ ਹੋਰ ਜੀਵ ਅਪਣੇ ਬੱਚਿਆਂ ਨੂੰ ਅਪਣਾ ਦੁੱਧ ਪਿਆਉਣ ਤੋਂ ਇਨਕਾਰੀ ਨਹੀਂ ਹੁੰਦਾ ਹੈ ਪਰ ਮਨੁੱਖੀ ਮਾਦਾਵਾਂ ਵਿਚੋਂ ਕੁਝ ਮਹਿਲਾਵਾਂ ਅਜਿਹੀਆਂ ਹਨ ਜੋ ਅਪਣੇ ਕਿਸੇ ਸੁਆਰਥ ਜਾਂ ਗ਼ਲਤਫ਼ਹਿਮੀ ਕਰ ਕੇ ਅਪਣੇ ਬੱਚੇ ਨੂੰ ਕੁਦਰਤ ਦਾ ਇਹ ਨਾਯਾਬ ਤੋਹਫ਼ਾ ਸੌਂਪਣ ਤੋਂ ਇਨਕਾਰੀ ਹੋ ਜਾਂਦੀਆਂ ਹਨ।

ਮੈਡੀਕਲ ਮਾਹਰਾਂ ਅਨੁਸਾਰ ਬੱਚੇ ਦੇ ਜਨਮ ਦੇ ਨਾਲ ਹੀ ਮਾਂ ਦੀ ਛਾਤੀ ਵਿਚੋਂ ਪੌਸ਼ਟਿਕ ਦੁੱਧ ਦਾ ਰਿਸਾਅ ਸ਼ੁਰੂ ਹੋ ਜਾਂਦਾ ਹੈ ਤੇ ਬੱਚੇ ਦੀ ਲੋੜ ਅਤੇ ਅਪਣੇ ਹਾਲਾਤਾਂ ਅਨੁਸਾਰ ਇਕ ਮਾਂ ਅਪਣੇ ਬੱਚੇ ਦੇ ਜਨਮ ਤੋਂ ਲੈ ਕੇ ਉਸ ਦੀ ਦੋ ਸਾਲ ਦੀ ਉਮਰ ਤਕ ਵੀ ਅਪਣਾ ਦੁੱਧ ਪਿਆ ਸਕਦੀ ਹੈ। ਮਾਹਰਾਂ ਅਨੁਸਾਰ ਕੁਦਰਤ ਨੇ ਮਾਂ ਦੇ ਦੁੱਧ ਵਿਚ ਚਰਬੀ, ਪ੍ਰੋਟੀਨ, ਮਿੱਠੇ ਅਤੇ ਪਾਣੀ ਦੀ ਮਾਤਰਾ ਬੱਚੇ ਦੀ ਉਮਰ ਮੁਤਾਬਕ ਸਰੀਰਕ ਲੋੜਾਂ ਦੀ ਪੂਰਤੀ ਲਈ ਬੜਾ ਹੀ ਸੰਤੁਲਨ ਬਣਾ ਕੇ ਪਾਈ ਹੈ।

ਬੱਚੇ ਦੇ ਜਨਮ ਦੇ ਤੁਰੰਤ ਬਾਅਦ ਮਾਂ ਤੋਂ ਆਉਣ ਵਾਲਾ ਦੁੱਧ ਥੋੜ੍ਹਾ ਪਤਲਾ ਹੁੰਦਾ ਹੈ ਤੇ ਫਿਰ ਹੌਲੀ-ਹੌਲੀ ਇਹ ਦੁੱਧ ਗਾੜ੍ਹਾ, ਪੀਲਾ ਤੇ ਚਰਬੀ ਭਰਪੂਰ ਹੁੰਦਾ ਹੈ ਤੇ ਉਸ ਵਿਚ ‘ਪ੍ਰੋਟੀਨ, ਵਿਟਾਮਿਨ-ਏ, ਵਿਟਾਮਿਨਬੀ-12 ਅਤੇ ਵਿਟਾਮਿਨ-ਕੇ’ ਆਦਿ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ ਜੋ ਕਿ ਇਕ ਨਵਜੰਮੇ ਬੱਚੇ ਦੀ ਨਜ਼ਰ ਵਧਾਉਣ ਅਤੇ ਖ਼ੂਨ ਦੇ ਲਾਲ ਸੈੱਲ ਤਿਆਰ ਕਰਨ ਦੇ ਨਾਲ-ਨਾਲ ਉਸ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਅਤੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਵਾਧਾ ਕਰਨ ਵਿਚ ਮਦਦ ਕਰਦੇ ਹਨ।

ਸ਼ੁਰੂ ਵਿਚ ਮਾਂ ਦੇ ਦੁੱਧ ਦੀ ਪ੍ਰਤੀ ਸੌ ਮਿਲੀਲੀਟਰ ਮਾਤਰਾ ਵਿਚ 54 ਦੇ ਕਰੀਬ ਕੈਲੋਰੀਜ਼ ਹੁੰਦੀਆਂ ਹਨ। ਜਿਵੇਂ-ਜਿਵੇਂ ਬੱਚੇ ਦੀ ਉਮਰ ਦੇ ਮਹੀਨੇ ਵਧਦੇ ਜਾਂਦੇ ਹਨ, ਮਾਂ ਦੇ ਦੁੱਧ ਵਿਚ ਕੈਲੋਰੀਜ਼ ਦੀ ਮਾਤਰਾ ਵਧਦੀ ਜਾਂਦੀ ਹੈ ਪਰ ਇਸ ਦੇ ਉਲਟ ਦੁੱਧ ਵਿਚ ਪ੍ਰੋਟੀਨ ਦੀ ਮਾਤਰਾ ਘਟਦੀ ਜਾਂਦੀ ਹੈ। ਬੇਹੱਦ ਦਿਲਚਸਪ ਤੱਥ ਹੈ ਕਿ ਬੱਚੇ ਦੀ ਉਮਰ ਦੇ ਪਹਿਲੇ 12 ਮਹੀਨਿਆਂ ਦੌਰਾਨ ਮਾਂ ਦੇ ਦੁੱਧ ਦੀ ਪ੍ਰਤੀ ਸੌ ਗ੍ਰਾਮ ਮਾਤਰਾ ਵਿਚ ਅੰਦਾਜ਼ਨ 58 ਤੋਂ 72 ਕੈਲੌਰੀਜ਼ ਹੁੰਦੀਆਂ ਹਨ ਜਦੋਂ ਕਿ ਇਸ ਤੋਂ ਅਗਲੇ 12 ਮਹੀਨਿਆਂ ਦੌਰਾਨ ਇਹ ਮਾਤਰਾ 83 ਤੋਂ 129 ਕੈਲੋਰੀਜ਼ ਪ੍ਰਤੀ ਸੌ ਮਿਲੀਲੀਟਰ ਦੁੱਧ ਹੋ ਜਾਂਦੀ ਹੈ।

ਮਾਹਿਰਾਂ ਅਨੁਸਾਰ ਇਕ ਤੰਦਰੁਸਤ ਮਾਂ ਅਪਣੇ ਨਵਜੰਮੇ ਬੱਚੇ ਨੂੰ ਅਪਣਾ ਤੁੰਦਰੁਸਤ ਦੁੱਧ ਪ੍ਰਦਾਨ ਕਰ ਕੇ ਉਸ ਦੇ ਤੁੰਦਰੁਸਤ ਤੇ ਖ਼ੁਸ਼ਹਾਲ ਜੀਵਨ ਦੀ ਨੀਂਹ ਰੱਖ ਦਿੰਦੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਵਧਦੀ ਉਮਰ ਨਾਲ ਮਾਂ ਦੇ ਦੁੱਧ ਵਿਚੋਂ ਬੱਚੇ ਨੂੰ ਲੋੜੀਂਦੀ ਮਾਤਰਾ ਵਿਚ ਵਿਟਾਮਿਨ-ਡੀ ਹਾਸਲ ਨਹੀਂ ਹੁੰਦਾ ਹੈ ਜਿਸ ਕਰ ਕੇ ਸਿਹਤ ਮਾਹਿਰ ਨਵਜੰਮੇ ਬੱਚਿਆਂ ਨੂੰ ਵੱਖਰੇ ਤੌਰ ’ਤੇ ਵਿਟਾਮਿਨ-ਡੀ ਦੀ ਢੁਕਵੀਂ ਮਾਤਰਾ ਪ੍ਰਦਾਨ ਕਰਨ ਦੀ ਸਲਾਹ ਦਿੰਦੇ ਹਨ। ਮਾਂ ਦਾ ਦੁੱਧ, ਬੱਚੇ ਦੀ ਪਾਚਨ ਕਿਰਿਆ ਸੁਧਾਰਨ ਵਿਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਵਿਚ ਦਮਾ, ਮੋਟਾਪਾ, ਟਾਈਪ-1 ਡਾਇਬਟੀਜ਼, ਕੰਨਾਂ ਦੀ ਇਨਫ਼ੈਕਸ਼ਨ ਅਤੇ ਪੇਟ ਦੇ  ਅੰਦਰ ਕੀੜੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਮਾਂ ਦਾ ਦੁੱਧ ਪੀਣ ਨਾਲ ਐਂਟੀਬਾਡੀਜ਼ ਮਾਂ ਤੋਂ ਬੱਚੇ ਤਕ ਪੁੱਜ ਜਾਂਦੇ ਹਨ ਜੋ ਬੱਚੇ ਦੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੇ ਹਨ।

ਮਾਂ ਦਾ ਦੁੱਧ, ਸਬੰਧਤ ਬੱਚੇ ਨੂੰ ਦਿਤੇ ਜਾਣ ਸਮੇਂ ਕੁਝ ਇਕ ਸਾਵਧਾਨੀਆਂ ਵਲ ਧਿਆਨ ਦਿਤੇ ਜਾਣ ਦੀ ਬਹੁਤ ਲੋੜ ਪੈਂਦੀ ਹੈ। ਇਨਫ਼ੈਕਸ਼ਨ ਵਾਲੇ ਰੋਗਾਂ ਅਤੇ ਸਿਹਤ ਸਬੰਧੀ ਹੋਰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੀ ਮਾਂ ਦਾ ਦੁੱਧ, ਬੱਚੇ ਨੂੰ ਦਿੱਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਏਡਜ਼ ਜਿਹੇ ਮਾਰੂ ਰੋਗਾਂ ਨਾਲ ਜੂਝ ਰਹੀਆਂ ਮਾਂਵਾਂ ਦਾ ਦੁੱਧ ਵੀ ਉਨ੍ਹਾਂ ਦੇ ਨਵਜੰਮੇ ਬੱਚਿਆਂ ਨੂੰ ਪਿਆਏ ਜਾਣ ਤੋਂ ਬਚਣਾ ਚਾਹੀਦਾ ਹੈ। ਜੇਕਰ ਨਵਜੰਮੇ ਬਾਲ ਦੀ ਮਾਤਾ ਨੂੰ ਲੰਮੇ ਸਮੇਂ ਤੋਂ ਟੀ.ਬੀ. ਰੋਗ ਹੈ ਤੇ ਉਸ ਦਾ ਇਲਾਜ ਨਹੀਂ ਕਰਵਾਇਆ ਗਿਆ ਹੈ ਤਾਂ ਅਜਿਹੀ ਮਾਂ ਨੂੰ ਤੁਰੰਤ ਹੀ ਬੱਚੇ ਤੋਂ ਦੂਰ ਕਰ ਦਿਤਾ ਜਾਣਾ ਚਾਹੀਦਾ ਹੈ ਤੇ ਲੋੜੀਂਦੇ ਸਮੇਂ ਤਕ ਦਵਾਈ ਖਾ ਕੇ ਟੀ.ਬੀ. ਰੋਗ ਦਾ ਖ਼ਾਤਮਾ ਕਰਨ ਉਪਰੰਤ ਹੀ ਬੱਚੇ ਨੂੰ ਮਾਂ ਦਾ ਦੁੱਧ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਚੇਚਕ ਅਤੇ ਦਾਦ ਆਦਿ ਜਿਹੇ ਚਮੜੀ ਦੇ ਰੋਗਾਂ ਦਾ ਸਾਹਮਣਾ ਕਰਨਵਾਲੀਆਂ ਮਾਂਵਾਂ ਨੂੰ ਚਾਹੀਦਾ ਹੈ ਕਿ ਉਹ ਵੀ ਉਕਤ ਦੋਵੇਂ ਰੋਗ ਠੀਕ ਹੋਣ ਉਪਰੰਤ ਹੀ ਅਪਣਾ ਦੁੱਧ ਅਪਣੇ ਲਾਡਲਿਆਂ ਨੂੰ ਪਿਆਉਣ।

ਸਾਡੇ ਸਮਾਜ ਵਿਚ ਫ਼ੈਲੀਆਂ ਅਨੇਕਾਂ ਅਫ਼ਵਾਹਾਂ ਕਾਰਨ ਅਪਣੇ ਲਾਡਲੇ ਬੱਚਿਆਂ ਨੂੰ ਅਪਣਾ ਦੁੱਧ ਪਿਆਉਣ ਤੋਂ ਸੰਕੋਚ ਕਰਨ ਵਾਲੀਆਂ ਮਾਂਵਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਪਣਾ ਦੁੱਧ ਪਿਆਉਣ ਵਾਲੀਆਂ ਮਾਂਵਾਂ ਦੀ ‘ਫ਼ਿਗਰ’ ਖ਼ਰਾਬ ਨਹੀਂ ਹੁੰਦੀ ਸਗੋਂ ਅਪਣਾ ਦੁੱਧ ਪਿਆਉਣ ਨਾਲ ਮਾਂ ਅਤੇ ਬੱਚੇ ਦਰਮਿਆਨ ਭਾਵਨਾਤਮਕ ਸਾਂਝ ਹੋਰ ਗੂੜ੍ਹੀ ਹੁੰਦੀ ਹੈ। ਇਸ ਦੇ ਨਾਲ ਹੀ ਇਕ ਅਤਿਅੰਤ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਅਪਣਾ ਦੁੱਧ ਪਿਆਉਣ ਵਾਲੀਆਂ ਮਾਂਵਾਂ ਨੂੰ ‘ਬੱਚੇਦਾਨੀ ਦਾ ਕੈਂਸਰ’, ‘ਹਾਈ ਬਲੱਡ ਪ੍ਰੈਸ਼ਰ’ ਅਤੇ ‘ਟਾਈਪ-2 ਡਾਇਬਟੀਜ਼’ ਹੋਣ ਦੀ ਸੰਭਾਵਨਾ ਦੂਜੀਆਂ ਔਰਤਾਂ ਦੇ ਮੁਕਾਬਲੇ ਕਾਫ਼ੀ ਘੱਟ ਹੁੰਦੀ ਹੈ।

ਇਸ ਦੇ ਨਾਲ ਹੀ ਮਾਂ ਅਤੇ ਬੱਚੇ ਦੋਵਾਂ ਲਈ ਸੁਖ਼ਾਲੀ ਗੱਲ ਇਹ ਵੀ ਹੈ ਕਿ ਡੱਬੇ ਵਾਲੇ ਦੁੱਧ ਜਾਂ ਫਿਰ ਕਿਸੇ ਗਾਂ ਤੇ ਮੱਝ ਦੇ ਦੁੱਧ ਵਾਂਗ ਇਸ ਦੁੱਧ ਵਿਚ ਜ਼ਹਿਰੀਲੇ ਪਦਾਰਥਾਂ ਦੀ ਮਿਲਾਵਟ ਹੋਣ, ਮੌਸਮੀ ਪ੍ਰਭਾਵ ਕਰ ਕੇ ਖ਼ਰਾਬ ਹੋਣ, ਤਾਪਮਾਨ ਦਾ ਵਾਧਾ-ਘਾਟਾ ਹੋਣ ਅਤੇ ਲੰਮੇ ਸਫ਼ਰ ਦੌਰਾਨ ਭਾਂਡਿਆਂ ਅਤੇ ਹੋਰ ਸਾਜ਼ੋ-ਸਮਾਨ ਦੀ ਲੋੜ ਨਹੀਂ ਰਹਿੰਦੀ ਹੈ। ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਅਤੇ ਸਬੰਧਤ ਮਾਂ ਲਈ ਪ੍ਰਮਾਤਮਾ ਵਲੋਂ ਬਖ਼ਸ਼ਿਆ ਗਿਆ ਇਕ ਵਡਮੁੱਲਾ ਵਰਦਾਨ ਹੈ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ 
(ਮੋ. 97816-46008)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement