ਬੇਸ਼ੱਕ ਉਦੋਂ ਭਾਵੇਂ ਪੈਸੇ ਦੀ ਥੁੜ ਸੀ ਪਰ ਲੋਕਾਂ ਦਾ ਜੀਵਨ ਸੁਖਾਲਾ ਸੀ ਤੇ ਸੁਭਾਅ ਪੱਖੋਂ ਲੋਕ ਅਮੀਰ ਸਨ
ਸਾਡੇ ਦਾਦੇ ਪੜਦਾਦਿਆਂ ਦਾ ਵਕਤ ਸਾਥੋਂ ਅਗਲੀ ਪੀੜੀ ਲਈ ਇਕ ਸੁਪਨੇ ਵਾਂਗ ਹੈ ਕਿਉਂਕਿ ਇਕ ਸਦੀ ਦਾ ਵਕਫ਼ਾ ਬੜਾ ਲੰਮਾ ਹੁੰਦਾ ਹੈ ਤੇ ਇਸ ਵਕਫ਼ੇ ’ਚ ਬੜਾ ਕੁਝ ਬਦਲ ਚੁੱਕਾ ਹੈ। ਉਨ੍ਹਾਂ ਸਮਿਆਂ ਵਿਚ ਵਿਆਹ ਸਾਦੇ ਤੇ ਘੱਟ ਖ਼ਰਚੀਲੇ ਹੁੰਦੇ ਸਨ। ਬੇਸ਼ੱਕ ਉਦੋਂ ਭਾਵੇਂ ਪੈਸੇ ਦੀ ਥੁੜ ਸੀ ਪਰ ਲੋਕਾਂ ਦਾ ਜੀਵਨ ਸੁਖਾਲਾ ਸੀ ਤੇ ਸੁਭਾਅ ਪੱਖੋਂ ਲੋਕ ਅਮੀਰ ਸਨ। ਰਹਿਣੀ ਬਹਿਣੀ ਤੇ ਖਾਣਾ ਪੀਣਾ ਬਿਲਕੁਲ ਸਾਦਾ ਸੀ।
ਜੇ ਗੱਲ ਵਿਆਹਾਂ ਦੀ ਕਰੀਏ ਤਾਂ ਕੇਵਲ ਕੁਝ ਕੁ ਹਜ਼ਾਰ ’ਚ ਵਿਆਹ ਨੇਪਰੇ ਚੜ੍ਹ ਜਾਇਆ ਕਰਦੇ ਸਨ। ਬਹੁਤੇ ਲੋਕਾਂ ਦੇ ਘਰ ਕੱਚੀ ਮਿੱਟੀ ਦੇ ਬਣੇ ਹੁੰਦੇ ਸਨ ਪਰ ਰਿਸ਼ਤੇ ਬੜੇ ਪੱਕੇ ਹੁੰਦੇ ਸਨ। ਆਮਦਨੀ ਦੇ ਸਾਧਨ ਥੋੜੇ ਸਨ ਤੇ ਲੋਕਾਂ ’ਚ ਲਾਲਚ ਨਹੀਂ ਸੀ ਤੇ ਨਾ ਹੀ ਪੈਸੇ ਦੀ ਦੌੜ ਸੀ। ਰਿਸ਼ਤੇ ਅੱਜ ਵਾਂਗ ਮੁੰਡਾ ਕੁੜੀ ਖੁਦ ਨਹੀਂ ਸੀ ਕਰਿਆ ਕਰਦੇ ਸਗੋਂ ਮਾਪਿਆਂ ਜਾਂ ਕਿਸੇ ਰਿਸ਼ਤੇਦਾਰ ਵਲੋਂ ਇਕ ਦੂਜੇ ਦੇ ਵਿਸ਼ਵਾਸ਼ ਉੱਤੇ ਬਿਨ ਦੇਖੇ ਰਿਸ਼ਤੇ ਤੈਅ ਹੋ ਜਾਂਦੇ ਸਨ ਜੋ ਬੜੇ ਚੰਗੇ ਢੰਗ ਨਾਲ ਆਖ਼ਰੀ ਸਾਹਾਂ ਤਕ ਨਿਭਦੇ। ਉਦੋਂ ਰਿਸ਼ਤੇ ਕੱਚੇ ਨਹੀਂ ਸਗੋਂ ਪੱਕੇ ਹੁੰਦੇ ਸਨ। ਜਿੱਥੇ ਘਰਦਿਆਂ ਨੇ ਹਾਂ ਕਰ ਤੀ ਰਿਸ਼ਤਾ ਪੱਕਾ ਹੋ ਜਾਂਦਾ, ਮੁੰਡੇ ਕੁੜੀ ਤੋਂ ਕਦੇ ਪੁੱਛਿਆ ਨਹੀਂ ਸੀ ਜਾਂਦਾ ਤੇ ਨਾ ਹੀ ਮੁੰਡੇ ਕੁੜੀ ਦੀ ਹਿੰਮਤ ਹੁੰਦੀ ਸੀ ਮਾਪਿਆਂ ਦੀ ਗੱਲ ਨੂੰ ਟਾਲਣ ਦੀ।
ਉਸ ਜ਼ਮਾਨੇ ਵਿਚ ਲੋਕ ਸਕੂਨ ਦੀ ਜ਼ਿੰਦਗੀ ਜਿਉਂਦੇ ਸਨ। ਵੈਰ ਵਿਰੋਧ ਬੜਾ ਘੱਟ ਹੁੰਦਾ ਸੀ, ਪਿਆਰ ਦੀਆਂ ਤੰਦਾ ਇੰਨੀਆਂ ਮਜ਼ਬੂਤ ਹੁੰਦੀਆਂ ਸਨ ਕਿ ਪੁੱਛੋ ਕੁਛ ਨਾ, ਜੋ ਛੇਤੀ ਦੇਣੀ ਟੁੱਟਦੀਆਂ ਨਹੀਂ ਸਨ। ਵਿਆਹ ਸਾਦੇ ਤੇ ਵਿਖਾਵੇ ਤੋਂ ਕੋਹਾਂ ਦੂਰ ਹੁੰਦੇ, ਬਰਾਤ ਬੈਲ ਗੱਡਿਆਂ ਵਗੈਰਾ ’ਤੇ ਆਇਆ ਕਰਦੀ, ਜੋ ਕਈ ਕਈ ਦਿਨ ਰਹਿੰਦੀ। ਬਰਾਤੀਆਂ ਲਈ ਮੰਜੇ ਕੱਠੇ ਕਰ ਕੇ ਬਾਹਰ ਸਾਂਝੀ ਜਗ੍ਹਾ ਜਿਵੇਂ ਗੁਰਦੁਆਰਾ ਸਾਹਿਬ ਜਾਂ ਧਰਮਸ਼ਾਲਾ ’ਚ ਡਾਹ ਦਿਤੇ ਜਾਂਦੇ, ਜਿੱਥੇ ਬਰਾਤੀ ਠਹਿਰਦੇ ਸਨ। ਬਰਾਤ ਨੂੰ ਅੱਜ ਵਾਂਗ ਮੇਜ਼ ਕੁਰਸੀਆਂ ਲਾ ਕੇ ਖਾਣਾ ਨਹੀਂ ਸੀ ਖੁਆਇਆ ਜਾਂਦਾ ਬਲਕਿ ਘਰੇਲੂ ਭਾਂਡਿਆਂ ’ਚ ਹੀ ਖੁਆਇਆ ਜਾਂਦਾ।
ਇਹ ਭਾਂਡੇ ਸਾਂਝੇ ਹੁੰਦੇ ਸਨ ਜਿਨ੍ਹਾਂ ਨੂੰ ਬੇਲ ਵਾਲੇ ਭਾਂਡੇ ਆਖਿਆ ਜਾਂਦਾ ਸੀ। ਕੁੜੀ ਵਾਲਿਆਂ ਵਲੋਂ ਬਰਾਤੀਆਂ ਦੀ ਰੱਜ ਕੇ ਸੇਵਾ ਕੀਤੀ ਜਾਂਦੀ। ਬਰਾਤੀਆਂ ਨੂੰ ਸਵੇਰੇ ਚਾਹ ਨਾਲ ਦੋ ਕਿਸਮ ਦੀ ਮਠਿਆਈ ਭਾਵ ਵਰਕ ਵਾਲੀ ਬਰਫ਼ੀ, ਗੁਲਾਬ ਜਾਮਣ ਤੇ ਰਸਗੁੱਲਿਆਂ ਤੋਂ ਇਲਾਵਾ ਪਕੌੜੇ ਦਿਤੇ ਜਾਂਦੇ ਤੇ ਰੋਟੀ ’ਚ ਵੀ ਬਸ ਇਕ ਦੋ ਸਬਜ਼ੀਆਂ। ਬਰਾਤ ਆਉਂਦੀ ਵੀ ਸਾਦੇ ਕੱਪੜਿਆਂ ’ਚ ਸੀ ਅੱਜ ਵਾਂਗ ਬਰਾਤੀ ਬਾਹਲੀ ਟੌਹਰ ਵਗੈਰਾ ਕੱਢ ਕੇ ਨਹੀਂ ਸੀ ਆਉਂਦੇ। ਉਦੋਂ ਨਵੇ ਕਪੜੇ ਵੀ ਵਿਆਹਾਂ ਵਗੈਰਾ ਉੱਤੇ ਹੀ ਸਵਾਏ ਜਾਂਦੇ ਸਨ।
ਜਿਉਂ ਜਿਉਂ ਸਮਾਂ ਬਦਲਦਾ ਗਿਆ ਤੇ ਵਿਆਹਾਂ ’ਚ ਬਰਾਤ ਦੀ ਸੇਵਾ ਕਰਨ ’ਚ ਵੀ ਵਾਧਾ ਹੁੰਦਾ ਗਿਆ। ਜਿੱਥੇ ਪਹਿਲਾਂ ਬਰਾਤ ਕਈ ਕਈ ਦਿਨ ਰੁਕਦੀ ਉੱਥੇ ਹੁਣ ਬਰਾਤ ਸਵੇਰੇ ਜਾਂਦੀ ਹੈ ਤੇ ਸ਼ਾਮ ਨੂੰ ਡੋਲੀ ਲੈ ਕੇ ਘਰ ਵਾਪਸ ਮੁੜ ਆਉਂਦੀ ਹੈ। ਹੁਣ ਬਰਾਤ ਪਹਿਲਾਂ ਵਾਂਗ ਘਰੋਂ ਇਕੱਠੀ ਨਹੀਂ ਜਾਂਦੀ ਸਗੋਂ ਬਹੁਤੇ ਬਰਾਤੀ ਸਿੱਧੇ ਪੈਲਸਾਂ ’ਚ ਜਾਂਦੇ ਹਨ ਤੇ ਉੱਥੇ ਸ਼ਗਨ ਪਾ ਕੇ ਖਾਣਾ ਖਾਂਦੇ ਹਨ ਤੇ ਦੋ ਚਾਰ ਘੰਟਿਆਂ ’ਚ ਵਾਪਸ ਆ ਜਾਂਦੇ ਹਨ। ਡੋਲੀ ਸਮੇਂ ਤਾਂ ਕੇਵਲ ਮੁੰਡੇ ਕੁੜੀ ਦੇ ਘਰ ਦੇ ਤੇ ਕੁਝ ਚੋਣਵੇਂ ਰਿਸ਼ਤੇਦਾਰ ਹੀ ਹੁੰਦੇ ਹਨ।
ਪੁਰਾਣੇ ਸਮਿਆਂ ’ਚ ਦਾਜ ਵਿਚ ਸਿਰਫ਼ ਘਰ ਦੀ ਵਰਤੋਂ ਵਾਲਾ ਜ਼ਰੂਰੀ ਸਾਮਾਨ ਹੀ ਦਿਤਾ ਜਾਂਦਾ ਸੀ। ਉਹ ਸਾਮਾਨ ਵੀ ਬਹੁਤਾ ਨਿਉਂਦੇ ਦੇ ਰੂਪ ’ਚ ਰਿਸ਼ਤੇਦਾਰ ਹੀ ਦਿੰਦੇ ਸਨ ਜਿਸ ਕਰ ਕੇ ਵਿਆਹ ਉੱਤੇ ਹੋਣ ਵਾਲਾ ਖ਼ਰਚ ਵੰਡਿਆ ਜਾਂਦਾ ਸੀ ਜਦਕਿ ਕੁਝ ਸਾਮਾਨ ਜਿਵੇਂ ਦਰੀਆਂ ਤੇ ਚਾਦਰਾਂ ਵਗੈਰਾ ਕੁੜੀ ਵਿਆਹ ਤੋਂ ਪਹਿਲੋਂ ਹੀ ਕੱਢ ਕੇ ਤਿਆਰ ਕਰ ਲੈਂਦੀ ਸੀ। ਇਸ ਤਰ੍ਹਾਂ ਕਰਨ ਨਾਲ ਮਾਪਿਆਂ ਉੱਤੇ ਪੈਸਿਆਂ ਦਾ ਕੱਠਾ ਪੈਣ ਵਾਲਾ ਭਾਰ ਹਲਕਾ ਹੋ ਜਾਂਦਾ। ਪ੍ਰਾਹੁਣੇ ਵਿਆਹ ਵਾਲੇ ਘਰ ਕਈ ਕਈ ਦਿਨ ਪਹਿਲੋਂ ਆ ਜਾਂਦੇ ਕੰਮਕਾਰ ’ਚ ਹੱਥ ਵਟਾਉਂਦੇ ਤੇ ਵਿਆਹ ’ਚ ਵਰਤੀ ਜਾਣ ਵਾਲੀ ਮਠਿਆਈ ਵਗੈਰਾ ਘਰਾਂ ’ਚ ਹੀ ਹਲਵਾਈ ਲਾ ਕੇ ਤਿਆਰ ਕੀਤੀ ਜਾਂਦੀ। ਬਰਾਤੀਆਂ ਨੂੰ ਘਰ ਦੀ ਮਠਿਆਈ ਹੀ ਥਾਲੀਆਂ ’ਚ ਪਾ ਕੇ ਦਿਤੀ ਜਾਂਦੀ।
ਉਹ ਥਾਲੀਆਂ ਹੁਣ ਦੀ ਕਰੌਕਰੀ ਦੀ ਤਰ੍ਹਾਂ ਕਿਰਾਏ ਜਾਂ ਟੈਂਟ ਵਾਲਿਆਂ ਤੋਂ ਕਿਰਾਏ ’ਤੇ ਨਹੀਂ ਸੀ ਲਿਆਂਦੀ ਜਾਂਦੀ ਸੀ ਸਗੋਂ ਬੇਲ (ਭਾਂਡੇ) ਜੋ ਗੁਰਦੁਆਰੇ ਜਾਂ ਸਾਂਝੀ ਜਗ੍ਹਾ ਪਈ ਹੁੰਦੀ, ਉੱਥੋਂ ਲੋੜ ਅਨੁਸਾਰ ਲਿਆਂਦੀ ਜਾਂਦੀ ਜੋ ਵਿਆਹ ਖ਼ਤਮ ਹੋਣ ਪਿੱਛੋਂ ਗਿਣਤੀ ਕਰ ਕੇ ਵਾਪਸ ਦੇ ਦਿਤੀ ਜਾਂਦੀ। ਜੇ ਕੋਈ ਭਾਂਡਾ ਗੁਆਚ ਜਾਂਦਾ ਤਾ ਉਸ ਦੀ ਜਗ੍ਹਾ ਨਵਾ ਭਾਂਡਾ ਲਿਆ ਕੇ ਬੇਲ ਨੂੰ ਗਿਣਤੀ ’ਚ ਪੂਰਾ ਕਰ ਦਿਤਾ ਜਾਂਦਾ। ਅੱਜ ਵਾਂਗ ਕਿਰਾਏ ਉੱਤੇ ਕਰੌਕਰੀ ਲਿਆਉਣ ਦਾ ਰਿਵਾਜ਼ ਨਹੀਂ ਸੀ। ਕਿਸੇ ਚ ਕੋਈ ਨਖਰਾ ਨਹੀਂ ਸੀ ਹੁੰਦਾ ਤੇ ਨਾ ਹੀ ਅੱਜ ਵਾਂਗ ਲੇਡੀ ਸੰਗੀਤ ਦਾ ਰਿਵਾਜ਼ ਹੁੰਦਾ ਸੀ। ਵਿਆਹ ਤੋਂ ਹਫਤਾ ਦੱਸ ਦਿਨ ਪਹਿਲਾਂ ਗਲੀ ਮੁਹੱਲੇ ਵਾਲੀਆਂ ਜਨਾਨੀਆਂ ਰਾਤ ਨੂੰ ਇਕੱਠੇ ਹੋ ਕੇ ਵਿਆਹ ਵਾਲੇ ਘਰ ਕੇਵਲ ਢੋਲਕੀ ਉੱਤੇ ਹੀ ਗੀਤ ਵਗੈਰਾ ਗਾਉਂਦੀਆਂ ਹੁੰਦੀਆਂ ਸਨ। ਉਸ ਲਈ ਬਕਾਇਦਾ ਆਂਢ ਗੁਆਂਢ ’ਚ ਗਾਉਣ ਦਾ ਸੱਦਾ ਭੇਜਿਆ ਜਾਂਦਾ। ਉਦੋਂ ਅੱਜ ਦੇ ਲੇਡੀ ਸੰਗੀਤ ਨਾਲੋਂ ਜ਼ਿਆਦਾ ਰੌਣਕਾਂ ਲੱਗਣੀਆਂ ਤੇ ਕੋਈ ਖ਼ਰਚ ਵੀ ਨਹੀਂ ਆਉਂਦਾ ਸੀ।
ਇਸ ਤਰ੍ਹਾਂ ਆਂਢ ਗੁਆਂਢ ’ਚ ਪਿਆਰ ਮੁਹੱਬਤ ਬਣਿਆ ਰਹਿੰਦਾ ਸੀ। ਜਿਸ ਘਰ ਵਿਆਹ ਹੋਣਾ ਸਾਰੇ ਪਿੰਡ ਤੇ ਗਲੀ ਮੁਹੱਲੇ ਨੇ ਦੁੱਧ ਵਗੈਰਾ ਦੇ ਜਾਣਾ ਜਿਸ ਕਰ ਕੇ ਵਿਆਹ ਵਾਲੇ ਘਰ ਨੂੰ ਮੁੱਲ ਦੁੱਧ ਜਾਂ ਹੋਰ ਸਾਮਾਨ ਖ਼ਰੀਦਣ ਦੀ ਬਹੁਤ ਘੱਟ ਹੀ ਲੋੜ ਪੈਂਦੀ ਤੇ ਇਸ ਤਰ੍ਹਾਂ ਬੜੇ ਘੱਟ ਖ਼ਰਚੇ ’ਚ ਵਿਆਹ ਹੋ ਜਾਇਆ ਕਰਦੇ।
ਹੋਲੀ ਹੋਲੀ ਹੋਰ ਸਮਾਂ ਬਦਲਿਆ ਤੇ ਲੋਕਾਂ ਕੋਲ ਵਧੇਰੇ ਪੈਸਾ ਆਉਣ ਲੱਗੇ ਜੋ ਵਿਆਹ ਪਹਿਲੋਂ ਬਿਨਾ ਟੈਂਟ ਲਾਏ ਕੀਤੇ ਜਾਂਦੇ ਸਨ ਉਹ ਚਾਨਣੀਆਂ ਕਨਾਤਾਂ ਲਾ ਕੇ ਕੀਤੇ ਜਾਣ ਲੱਗੇ ਤੇ ਬਰਾਤ ਗੱਡਿਆਂ ਦੀ ਥਾਂ ਟਰੈਕਟਰ ਟਰਾਲੀਆਂ ’ਚ ਆਉਣ ਲੱਗੀ। ਜਿਵੇਂ ਜਿਵੇਂ ਲੋਕਾਂ ਕੋਲ ਪੈਸਾ ਵਧਦਾ ਗਿਆ ਸਮਾਂ ਵੀ ਬਦਲਦਾ ਗਿਆ ਤੇ ਬਰਾਤ ਵੀ ਗੱਡਿਆ ਤੋਂ ਗੱਡੀਆਂ ’ਚ ਆਉਣ ਲੱਗੀ।
ਫਿਰ ਕੁਝ ਲੋਕ ਘਰਾਂ ’ਚ ਵੱਡੇ ਟੈਂਟ ਲਾ ਕੇ ਵਿਆਹ ਕਰਨ ਲੱਗੇ। ਪੈਸੇ ਵਧਣ ਨਾਲ ਦਿਖਾਵੇ ਦਾ ਦੌਰ ਸ਼ੁਰੂ ਹੋ ਗਿਆ। ਸ਼ਹਿਰਾਂ ’ਚ ਵੱਡੇ ਵੱਡੇ ਪੈਲਸ ਬਣ ਗਏ। ਪਹਿਲਾਂ ਪਹਿਲ ਤਾਂ ਕੇਵਲ ਅਮੀਰ ਲੋਕਾਂ ਨੇ ਹੀ ਪੈਲਸਾਂ ’ਚ ਵਿਆਹ ਕਰਨੇ ਸ਼ੁਰੂ ਕੀਤੇ, ਪਿੱਛੋਂ ਦੇਖਾ ਦੇਖੀ ਦਿਖਾਵੇ ਦੀ ਭੁੱਖ ਵਧਣ ਨਾਲ ਮੱਧ ਵਰਗ ਨੇ ਵੀ ਪੈਲਸਾਂ ’ਚ ਵਿਆਹ ਕਰਨੇ ਸ਼ੁਰੂ ਕਰ ਦਿਤੇ। ਇਸ ਤਰਾਂ ਜਿਉਂ ਜਿਉਂ ਦਿਖਾਵਾ ਵਧਦਾ ਗਿਆ, ਵਿਆਹ ਕੱਚੇ ਕੋਠਿਆਂ ਤੋਂ ਪੈਲਸਾਂ ’ਚ ਬਦਲਦੇ ਗਏ ਤੇ ਨਾਲ ਹੀ ਪੱਕੇ ਰਿਸ਼ਤੇ ਕੱਚੇ ਹੁੰਦੇ ਚਲੇ ਗਏ। ਇੱਥੇ ਹੀ ਬੱਸ ਨਹੀਂ ਵਿਆਹ ਵੀ ‘ਪਿਆਰ ਵਿਆਹ’ (ਲਵ ਮੈਰਿਜ) ’ਚ ਬਦਲ ਗਏ। ਹੁਣ ਵਿਆਹਾਂ ਉੱਤੇ ਸੈਕੜਿਆਂ ਨਹੀਂ ਸਗੋਂ ਹਜ਼ਾਰਾਂ ਲੋਕਾਂ ਦਾ ਇਕੱਠ ਕੀਤਾ ਜਾਣਾ ਸ਼ਾਨੋ ਸ਼ੌਕਤ ਮੰਨਿਆ ਜਾਣ ਲੱਗਾ। ਪਹਿਲਾਂ ਕੁੱਝ ਹਜ਼ਾਰਾਂ ’ਚ ਹੋਣ ਵਾਲਾ ਵਿਆਹਾਂ ਦਾ ਖਰਚ ਹੁਣ ਪਹਿਲਾਂ ਲੱਖਾਂ ਤੇ ਫਿਰ ਵੇਖਦੇ ਹੀ ਵੇਖਦੇ ਹੁਣ ਕਰੋੜਾਂ ’ਚ ਹੋਣ ਲੱਗਾ ਹੈ। ਦਾਜ ’ਚ ਘਰ ਦੀ ਵਰਤੋਂ ’ਚ ਦਿਤੇ ਜਾਣ ਵਾਲਾ ਲੋੜੀਂਦੇ ਸਾਮਾਨ ’ਚ ਵੀ ਸਮੇਂ ਅਨੁਸਾਰ ਬਦਲਾਅ ਆਉਂਦਾ ਗਿਆ। ਇਸੇ ਤਰ੍ਹਾਂ ਪਹਿਲਾਂ ਦਾਜ ’ਚ ਮੁੰਡੇ ਨੂੰ ਸਾਈਕਲ ਫਿਰ ਸਕੂਟਰ ਮੋਟਰ ਸਾਈਕਲ ਤੇ ਫਿਰ ਕਾਰ ਦੇਣ ਦਾ ਰਿਵਾਜ਼ ਆ ਗਿਆ। ਲੋਕ ਹੁਣ ਵਿਆਹਾਂ ਉੱਤੇ ਆਰਕੈਸਟਰਾ ਤੇ ਗਾਉਣ ਵਾਲਿਆਂ ਉੱਤੇ ਲੱਖਾਂ ਰੁਪਈਏ ਬੇਲੋੜੇ ਖ਼ਰਚ ਰਹੇ ਹਨ। ਦੇਖਾਦੇਖੀ ਲੋਕ ਫੌਕੀ ਸ਼ੋਹਰਤ ਲਈ ਕਰਜ਼ਾ ਚੁੱਕ ਚੁੱਕ ਵਿਆਹਾਂ ਉੱਤੇ ਪੈਸਾ ਲਾ ਰਹੇ ਹਨ ਜਿਸ ਨੇ ਬਹੁਤੇ ਪੰਜਾਬੀਆਂ ਨੂੰ ਇਨਾਂ ਕਰਜ਼ਾਈ ਬਣਾ ਦਿਤਾ ਹੈ ਕਿ ਉਹ ਕਰਜ਼ੇ ਦੀ ਪੰਡ ਥੱਲੇ ਦੱਬਦੇ ਜਾ ਰਹੇ ਹਨ। ਇਸ ਤੋਂ ਇਲਾਵਾ ਹੁਣ ਲੋਕ ਦਾਜ਼ ਦੀ ਲਾਹਨਤ ਨੂੰ ਬੜਾਵਾ ਦੇਣ ਲੱਗੇ ਤੇ ਮੂੰਹੋਂ ਦਾਜ ਮੰਗਣ ਲੱਗੇ ਜਿਸ ਨੇ ਸਾਡੇ ਸਮਾਜ ਨੂੰ ਕਲੰਕਤ ਕਰ ਦਿਤਾ। ਅੱਜਕਲ ਮੁੰਡੇ ਕੁੜੀ ’ਚ ਰਿਸ਼ਤਾ, ਰਿਸ਼ਤਾ ਨਾ ਰਹਿ ਕੇ ਸੌਦੇਬਾਜ਼ੀ ਉੱਤੇ ਟਿਕ ਗਿਆ ਹੈ ਜਿਸ ਨਾਲ ਸਮਾਜਕ ਬੁਰਾਈਆਂ ਵਧੀਆਂ ਹਨ। ਇਸੇ ਕਾਰਨ ਤਲਾਕ ਦੇ ਮਾਮਲੇ ਧੜਾਧੜ ਵਧਣ ਲੱਗੇ ਹਨ। ਪੈਲਸਾਂ ’ਚ ਹੋਣ ਵਾਲੇ ਵਿਆਹਾਂ ਕਾਰਨ ਮਨੁੱਖੀ ਨੈਤਿਕ ਕਦਰਾਂ ਕੀਮਤਾ ਖੰਭ ਲਾ ਕੇ ਉੱਡ ਗਈਆਂ ਹਨ। ਸੋ ਜੇ ਵੇਖਿਆ ਜਾਵੇ ਤਾਂ ਪੁਰਾਣੇ ਕੱਚੇ ਕੋਠਿਆਂ ਵਾਲੇ ਵਿਆਹ ਅੱਜ ਦੇ ਪੈਲਸਾਂ ਵਾਲੇ ਵਿਆਹਾਂ ਤੋਂ ਸੌ ਦਰਜੇ ਚੰਗੇ ਸਨ।
- ਅਜੀਤ ਖੰਨਾ (ਮੋ:76967-54669)
