ਡਾਕਟਰਾਂ ਅਤੇ ਪ੍ਰਸ਼ਾਸਨ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਿਆ ਜਾਵੇ।
ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਬਾਜ਼ਾਰਾਂ ਵਿੱਚ ਪਟਾਕਿਆਂ ਦੀ ਵਿਕਰੀ ਵਧ ਗਈ ਹੈ। ਇਸ ਦੇ ਨਾਲ ਹੀ ਡਾਕਟਰਾਂ ਅਤੇ ਪ੍ਰਸ਼ਾਸਨ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਿਆ ਜਾਵੇ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦੀਵਾਲੀ ਦੌਰਾਨ ਹਰ ਸਾਲ ਬੱਚਿਆਂ ਵਿੱਚ ਅੱਖਾਂ ਦੀ ਸੱਟ, ਹੱਥਾਂ ਦੇ ਸੜਨ ਅਤੇ ਸੁਣਨ ਸ਼ਕਤੀ ਤੇ ਅਸਰ ਦੇ ਮਾਮਲੇ ਸਾਹਮਣੇ ਆਉਂਦੇ ਹਨ। ਪਟਾਕਿਆਂ ਦਾ ਧੂੰਆਂ ਸਾਹ ਦੀਆਂ ਸਮੱਸਿਆਵਾਂ ਨੂੰ ਵੀ ਵਧਾ ਦਿੰਦਾ ਹੈ, ਖਾਸ ਕਰਕੇ ਛੋਟੇ ਬੱਚਿਆਂ ਅਤੇ ਦਮੇ ਦੇ ਮਰੀਜ਼ਾਂ ਲਈ।
ਮਾਪਿਆਂ ਲਈ ਜ਼ਰੂਰੀ ਸਾਵਧਾਨੀਆਂ
ਨਿਗਰਾਨੀ ਜ਼ਰੂਰੀ: ਬੱਚਿਆਂ ਨੂੰ ਕਦੇ ਵੀ ਇਕੱਲੇ ਪਟਾਕੇ ਨਾ ਚਲਾਉਣ ਦਿਓ। ਵੱਡਿਆਂ ਦੀ ਮੌਜੂਦਗੀ ਹਮੇਸ਼ਾ ਜ਼ਰੂਰੀ ਹੈ।
ਸੁਰੱਖਿਅਤ ਦੂਰੀ: ਅਨਾਰ, ਚੱਕਰੀ ਜਾਂ ਬੰਬ ਚਲਾਉਂਦੇ ਸਮੇਂ ਘੱਟੋ ਘੱਟ 5 ਤੋਂ 7 ਫੁੱਟ ਦੀ ਦੂਰੀ ਬਣਾ ਕੇ ਰੱਖੋ।
ਸੂਤੀ ਕੱਪੜੇ: ਬੱਚਿਆਂ ਨੂੰ ਸਿੰਥੈਟਿਕ ਕੱਪੜਿਆਂ ਦੀ ਥਾਂ ਸੂਤੀ ਕੱਪੜੇ ਪਾਓ, ਜਿਨ੍ਹਾਂ ਨੂੰ ਅੱਗ ਘੱਟ ਲੱਗਦੀ ਹੈ।
ਪਾਣੀ ਦਾ ਪ੍ਰਬੰਧ: ਨੇੜੇ ਪਾਣੀ ਦੀ ਬਾਲਟੀ ਅਤੇ ਮੁੱਢਲੀ ਸਹਾਇਤਾ ਦਾ ਸਮਾਨ ਜ਼ਰੂਰ ਰੱਖੋ।
ਜੇ ਸੱਟ ਲੱਗ ਜਾਵੇ ਤਾਂ ਕੀ ਕਰੀਏ:
ਹਲਕੇ ਸੜਨ ਤੇ ਤੁਰੰਤ 10 ਮਿੰਟ ਤੱਕ ਸਾਫ਼ ਠੰਡੇ ਪਾਣੀ ਨਾਲ ਧੋਵੋ, ਟੁੱਥਪੇਸਟ ਜਾਂ ਬਰਫ਼ ਨਾ ਲਗਾਓ। ਅੱਖ ਵਿੱਚ ਚਿੰਗਾਰੀ ਪੈਣ ਤੇ ਅੱਖ ਨੂੰ ਮਲੋ ਨਾ, ਤੁਰੰਤ ਨਜ਼ਦੀਕੀ ਹਸਪਤਾਲ ਜਾਓ। ਗੰਭੀਰ ਸੜਨ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਮਾਪੇ ਬੱਚਿਆਂ ਦੇ ਨਾਲ ਮਿਲ ਕੇ ਦੀਵਾਲੀ ਦੇ ਮੌਕੇ ਉੱਤੇ ਇੱਕ ਖਾਣ ਵਾਲੀ ਸਵਾਦਿਸ਼ਟ ਡਿਸ਼ ਬਣਾਓ। ਇਸ ਨਾਲ ਘਰ ਦੇ ਕੰਮ ਵਿੱਚ ਵੀ ਮਦਦ ਹੋ ਜਾਵੇਗੀ ਅਤੇ ਬੱਚਿਆਂ ਨਾਲ ਤੁਹਾਡੇ ਸਬੰਧ ਵੀ ਮਜ਼ਬੂਤ ਹੋਣਗੇ। ਸ਼ਾਮ ਹੁੰਦੇ ਹੀ ਜਦੋਂ ਮਹਿਮਾਨ ਘਰ ਆਉਣ, ਤਾਂ ਬੱਚਿਆਂ ਨੂੰ ਇੱਕ ਜ਼ਿੰਮੇਦਾਰੀ ਸੌਂਪਣਾ। ਉਨ੍ਹਾਂ ਨੂੰ ਕਹੋ ਕਿ ਉਹ ਹਰ ਮਹਿਮਾਨ ਤੋਂ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਲਿਖਵਾਉਣ ਅਤੇ ਉਨ੍ਹਾਂ ਨੂੰ ਤੋਹਫ਼ੇ ਦੇਣ।
