ਇਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਅਤੇ ਰੋਜ਼ਾਨਾ ਦੀ ਜ਼ਿੰਦਗੀ ਉਤੇ ਪਵੇਗਾ
ਨਵੀਂ ਦਿੱਲੀ : ਅੱਜ 1 ਜੁਲਾਈ ਤੋਂ ਦੇਸ਼ ਭਰ ਵਿਚ ਕਈ ਵੱਡੇ ਬਦਲਾਅ ਲਾਗੂ ਹੋ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਅਤੇ ਰੋਜ਼ਾਨਾ ਦੀ ਜ਼ਿੰਦਗੀ ਉਤੇ ਪਵੇਗਾ। ਪਟਰੌਲ -ਡੀਜ਼ਲ, ਐਲ.ਪੀ.ਜੀ., ਆਧਾਰ, ਰੇਲਵੇ, ਪਾਸਪੋਰਟ, ਕ੍ਰੈਡਿਟ ਕਾਰਡ ਅਤੇ ਗੱਡੀਆਂ ਦੀਆਂ ਕੀਮਤਾਂ ਨਾਲ ਜੁੜੇ ਕਈ ਨਿਯਮ ਬਦਲ ਰਹੇ ਹਨ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਗੈਸ ਅਤੇ ਈਂਧਨ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਇਸ ਲਈ ਅੱਜ ਵੀ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰ, ਸੀ.ਐਨ.ਜੀ., ਪੀ.ਐਨ.ਜੀ. ਅਤੇ ਹਵਾਈ ਜਹਾਜ਼ਾਂ ਦੇ ਈਂਧਨ (ਏ.ਟੀ.ਐਫ਼.) ਦੀਆਂ ਕੀਮਤਾਂ ਵੱਧ ਜਾਂ ਘੱਟ ਸਕਦੀਆਂ ਹਨ।
ਪਿਛਲੇ ਕੁੱਝ ਮਹੀਨਿਆਂ ਤੋਂ ਘਰੇਲੂ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਸਥਿਰ ਰਹੀਆਂ ਹਨ, ਇਸ ਲਈ ਇਸ ਵਾਰ ਵੀ ਸੱਭ ਦੀਆਂ ਨਜ਼ਰਾਂ ਨਵੀਆਂ ਕੀਮਤਾਂ ਉਤੇ ਹੋਣਗੀਆਂ। ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਨੇ ਲੋਕਾਂ ਨੂੰ ਵੱਡੀ ਰਾਹਤ ਦਿਤੀ ਹੈ। ਹੁਣ ਆਧਾਰ ਵਿਚ ਈ-ਮੇਲ ਆਈ.ਡੀ. ਜੋੜਨਾ ਜਾਂ ਬਦਲਣਾ ਮੁਫ਼ਤ ਹੋ ਗਿਆ ਹੈ। ਇਹ ਛੋਟ ਸਿਰਫ਼ ਨਵੇਂ ਆਧਾਰ ਮੋਬਾਈਲ ਐਪ ਉਤੇ ਹੀ ਉਪਲਬਧ ਹੋਵੇਗੀ।
ਹੋਰ ਕਿਸੇ ਤਰੀਕੇ ਨਾਲ ਈਮੇਲ ਅਪਡੇਟ ਕਰਵਾਉਣ ਉਤੇ ਪੂਰੀ ਫੀਸ ਦੇਣੀ ਪਵੇਗੀ। ਨਾਲ ਹੀ ਪੁਰਾਣਾ ਐਮ.ਆਧਾਰ ਐਪ ਬੰਦ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਥਾਂ ਨਵਾਂ ਆਧਾਰ ਐਪ ਲਿਆਂਦਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਦੀਆਂ ਫੀਸਾਂ ਵਿਚ ਵਾਧਾ ਕੀਤਾ ਹੈ। ਇਹ ਬਦਲਾਅ 1 ਜੁਲਾਈ ਤੋਂ ਲਾਗੂ ਹੋ ਰਿਹਾ ਹੈ। 1 ਜੁਲਾਈ ਤੋਂ ਬਿਨਾਂ ਟਿਕਟ ਜਾਂ ਗਲਤ ਟਿਕਟ ਨਾਲ ਸਫ਼ਰ ਕਰਨ ਉਤੇ ਘੱਟੋ-ਘੱਟ ਜੁਰਮਾਨਾ 250 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿਤਾ ਗਿਆ ਹੈ। ਅਦਾਲਤ ਵਲੋਂ ਦਿਤੀ ਜਾਣ ਵਾਲੀ ਵੱਧ ਤੋਂ ਵੱਧ ਸਜ਼ਾ ਪਹਿਲਾਂ ਵਾਂਗ ਹੀ ਰਹੇਗੀ, ਜਿਸ ਵਿਚ ਛੇ ਮਹੀਨੇ ਤਕ ਦੀ ਕੈਦ ਜਾਂ 1000 ਰੁਪਏ ਜੁਰਮਾਨਾ ਜਾਂ ਦੋਵੇਂ ਸ਼ਾਮਲ ਹਨ।
ਕਰੈਡਿਟ ਕਾਰਡ ਧਾਰਕਾਂ ਲਈ ਵੀ ਨਿਯਮ ਬਦਲ ਰਹੇ ਹਨ। ਐਸ.ਬੀ.ਆਈ. ਕਾਰਡ ਅਪਣੇ ਕੁੱਝ ਫ਼ੋਨਪੇ ਐੱਸ.ਬੀ.ਆਈ. ਕ੍ਰੈਡਿਟ ਕਾਰਡਾਂ ਦੇ ਰਿਵਾਰਡ ਪੌਇੰਟ ਨਿਯਮ 1 ਜੁਲਾਈ ਤੋਂ ਬਦਲ ਰਿਹਾ ਹੈ, ਜਿਸ ਦਾ ਅਸਰ ਕੁੱਝ ਕਾਰਡਧਾਰਕਾਂ ਉਤੇ ਪਵੇਗਾ। ਇਸੇ ਤਰ੍ਹਾਂ ਐਚ.ਡੀ.ਐਫ਼.ਸੀ. ਬੈਂਕ ਦੇ ਰੀਗੇਲੀਆ ਗੋਲਡ ਕ੍ਰੈਡਿਟ ਕਾਰਡ ਦੇ ਨਿਯਮ ਵੀ ਬਦਲ ਰਹੇ ਹਨ। ਹੁਣ ਇਸ ਕਾਰਡ ਉਤੇ ਮੁਫ਼ਤ ਘਰੇਲੂ ਏਅਰਪੋਰਟ ਲਾਊਂਜ ਸਹੂਲਤ ਲੈਣ ਲਈ ਪਿਛਲੀ ਤਿਮਾਹੀ ਵਿਚ ਘੱਟੋ-ਘੱਟ 60,000 ਰੁਪਏ ਦਾ ਖਰਚ ਕਰਨਾ ਲਾਜ਼ਮੀ ਹੋਵੇਗਾ।
ਜੇ ਤੁਸੀਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਜੁਲਾਈ ਦੀ ਸ਼ੁਰੂਆਤ ਤੁਹਾਡੇ ਲਈ ਮਹਿੰਗੀ ਹੋ ਸਕਦੀ ਹੈ। ਟਾਟਾ ਮੋਟਰਜ਼ ਅਪਣੀਆਂ ਪਟਰੌਲ, ਡੀਜ਼ਲ ਅਤੇ ਇਲੈਕਟਿ੍ਰਕ ਗੱਡੀਆਂ ਦੀਆਂ ਕੀਮਤਾਂ ਵਿਚ 1 ਜੁਲਾਈ ਤੋਂ 1.5 ਫੀ ਸਦੀ ਤਕ ਵਾਧਾ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਅਪਣੇ ਕਮਰਸ਼ੀਅਲ ਗੱਡੀਆਂ ਦੀਆਂ ਕੀਮਤਾਂ ਵੀ 2.5 ਫੀ ਸਦੀ ਤਕ ਵਧਾ ਰਹੀ ਹੈ। ਕੀਆ ਇੰਡੀਆ ਵੀ ਅਪਣੀਆਂ ਸਾਰੀਆਂ ਗੱਡੀਆਂ ਦੀਆਂ ਕੀਮਤਾਂ ਵਿਚ 2 ਫੀ ਸਦੀ ਤਕ ਵਾਧਾ ਕਰੇਗੀ। ਜਿਨ੍ਹਾਂ ਉਪਭੋਗਤਾਵਾਂ ਕੋਲ ਐਲ.ਪੀ.ਜੀ. ਸਿਲੰਡਰ ਅਤੇ ਪਾਈਪ ਰਾਹੀਂ ਆਉਣ ਵਾਲੀ ਗੈਸ (ਪੀ.ਐਨ.ਜੀ.) ਦੋਵੇਂ ਦੇ ਕਨੈਕਸ਼ਨ ਹਨ, ਉਨ੍ਹਾਂ ਲਈ ਸਰਕਾਰ ਨੇ 90 ਦਿਨ ਦੀ ਸਮਾਂ ਸੀਮਾ ਦਿਤੀ ਸੀ।
ਇਹ ਸਮਾਂ ਸੀਮਾ 30 ਜੂਨ ਨੂੰ ਖਤਮ ਹੋ ਰਹੀ ਹੈ ਅਤੇ ਅਜਿਹੇ ਉਪਭੋਗਤਾਵਾਂ ਨੂੰ ਪੀ.ਐਨ.ਜੀ. ਵਿਚ ਸ਼ਿਫਟ ਹੋਣ ਲਈ ਕਿਹਾ ਗਿਆ ਸੀ। ਹੁਣ ਤਕ ਦੋਵੇਂ ਕਨੈਕਸ਼ਨ ਰੱਖਣ ਵਾਲਿਆਂ ਦੀ ਗੈਸ ਸਪਲਾਈ ਤੁਰਤ ਬੰਦ ਕਰਨ ਬਾਰੇ ਕੋਈ ਸਰਕਾਰੀ ਐਲਾਨ ਨਹੀਂ ਕੀਤਾ ਗਿਆ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ, ਪਰ ਅਪਣਾ ਕਨੈਕਸ਼ਨ ਸਮੇਂ ਸਿਰ ਅਪਡੇਟ ਕਰਵਾਉਣਾ ਬਿਹਤਰ ਰਹੇਗਾ। (ਏਜੰਸੀ)
