ਸਮੂਹਕ ਤੌਰ ’ਤੇ ਵਿਸ਼ਵ ਪੱਧਰ ਦੀਆਂ 69 ਫ਼ੀਸਦ ਮੌਤਾਂ ਹੈਪੇਟਾਈਟਸ ਬੀ ਕਾਰਨ ਹੁੰਦੀਆਂ ਹਨ, ਜਦਕਿ 58 ਫ਼ੀਸਦ ਮੌਤਾਂ ਹੈਪੇਟਾਈਟਸ ਸੀ ਕਾਰਨ ਹੁੰਦੀਆਂ ਹਨ।
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਵਿਸ਼ਵ ਸਿਹਤ ਸੰਗਠਨ ਅਨੁਸਾਰ ਵਾਇਰਲ ਹੈਪੇਟਾਈਟਸ ਦੁਨੀਆਂ ਦੀਆਂ ਵੱਡੀਆਂ ਜਨਤਕ ਸਿਹਤ ਚੁਨੌਤੀਆਂ ਵਿਚੋਂ ਇਕ ਹੈ। ਵਰਤਮਾਨ ਸਮੇਂ ’ਚ ਇਸ ਬਿਮਾਰੀ ਨੂੰ ਰੋਕਣ ਲਈ ਟੀਕੇ ਉਪਲਬਧ ਹਨ, ਲਾਗ ਵਿਰੁਧ ਸੁਰੱਖਿਆ ਉਪਾਅ ਵੀ ਮੌਜੂਦ ਹਨ ਅਤੇ ਹੈਪੇਟਾਈਟਸ ਦੀਆਂ ਕੱੁਝ ਕਿਸਮਾਂ ਲਈ ਇਲਾਜ ਵੀ ਸੰਭਵ ਹਨ, ਪਰ ਇਸ ਦੇ ਬਾਵਜੂਦ ਹਰ ਸਾਲ ਵੱਡੀ ਗਿਣਤੀ ਵਿਚ ਲੋਕ ਇਸ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹਨ। ਸੰਗਠਨ ਦੀ ਗਲੋਬਲ ਹੈਪੇਟਾਈਟਸ ਅਧਿਐਨ 2026 ਅਨੁਸਾਰ, ਭਾਰਤ ਉਨ੍ਹਾਂ ਦਸ ਦੇਸ਼ਾਂ ’ਚੋਂ ਇਕ ਹੈ, ਜਿਨ੍ਹਾਂ ’ਚ ਸਮੂਹਕ ਤੌਰ ’ਤੇ ਵਿਸ਼ਵ ਪੱਧਰ ਦੀਆਂ 69 ਫ਼ੀਸਦ ਮੌਤਾਂ ਹੈਪੇਟਾਈਟਸ ਬੀ ਕਾਰਨ ਹੁੰਦੀਆਂ ਹਨ, ਜਦਕਿ 58 ਫ਼ੀਸਦ ਮੌਤਾਂ ਹੈਪੇਟਾਈਟਸ ਸੀ ਕਾਰਨ ਹੁੰਦੀਆਂ ਹਨ।
ਭਾਰਤ ਨੇ 2030 ਤਕ ਹੈਪੇਟਾਈਟਸ ਨੂੰ ਕੰਟਰੋਲ ਕਰਨ ਦੇ ਟੀਚੇ ਵਲ ਕਈ ਕਦਮ ਚੁੱਕੇ ਹਨ। ਸਰਕਾਰ ਨੇ 2018 ਵਿਚ ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ। ਇਸ ਪ੍ਰੋਗਰਾਮ ਤਹਿਤ ਦੇਸ਼ ਭਰ ’ਚ ਹੈਪੇਟਾਈਟਸ ਬੀ ਅਤੇ ਸੀ ਲਈ ਮੁਫ਼ਤ ਜਾਂਚ ਅਤੇ ਇਲਾਜ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਯੋਜਨਾ ਤਹਿਤ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਹੋਰ ਇਲਾਜ ਸੇਵਾਵਾਂ ਮਿਲਦੀਆਂ ਹਨ। ਸਰਕਾਰ ਨੇ ਇਸ ਪਹਿਲਕਦਮੀ ਨੂੰ ਹੋਰ ਸਿਹਤ ਪ੍ਰੋਗਰਾਮਾਂ ਨਾਲ ਜੋੜਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਲਾਜ ਸਹੂਲਤਾਂ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਸਕਣ। ਹੁਣ ਜ਼ਿਲ੍ਹਾ ਹਸਪਤਾਲਾਂ ਤੋਂ ਇਲਾਵਾ ਸਥਾਨਕ ਸਿਹਤ ਕੇਂਦਰਾਂ ਤਕ ਇਨ੍ਹਾਂ ਸਿਹਤ ਸੇਵਾਵਾਂ ਨੂੰ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਕਿਫਾਇਤੀ ਜੈਨਰਿਕ ਦਵਾਈਆਂ, ਸਥਾਨਕ ਤੌਰ ’ਤੇ ਉਪਲਬਧ ਸਰੋਤਾਂ ਅਤੇ ਬਿਹਤਰ ਸਿਹਤ ਯੋਜਨਾਵਾਂ ਨੇ ਹੈਪੇਟਾਈਟਸ ਦੇ ਇਲਾਜ ਨੂੰ ਵਧੇਰੇ ਲੋਕਾਂ ਤਕ ਪਹੁੰਚਾਉਣ ’ਚ ਸਹਾਇਤਾ ਪ੍ਰਦਾਨ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਹੈਪੇਟਾਈਟਸ ਬੀ ਅਤੇ ਸੀ ਦੀ ਲਾਗ ਸਬੰਧੀ ਸਰਵੇਖਣ ਸਮੇਂ-ਸਮੇਂ ’ਤੇ ਕੀਤੇ ਜਾਂਦੇ ਹਨ। 2021 ਦੇ ਐਚਆਈਵੀ ਸੈਂਟੀਨੇਲ ਸਰਵੀਲਾਂਸ ਦੇ ਅੰਕੜਿਆਂ ਅਨੁਸਾਰ ਟੈਸਟ ਕੀਤੇ ਗਏ ਲਗਭਗ 0.85 ਪ੍ਰਤੀਸ਼ਤ ਲੋਕ ਹੈਪੇਟਾਈਟਸ ਬੀ ਤੋਂ ਪੀੜਤ ਪਾਏ ਗਏ ਅਤੇ 0.29 ਪ੍ਰਤੀਸ਼ਤ ਹੈਪੇਟਾਈਟਸ ਸੀ ਤੋਂ ਪ੍ਰਭਾਵਿਤ ਸੀ। ਇਸ ਦਾ ਮਤਲਬ ਹੈ ਕਿ ਲਗਭਗ ਹਰ 118 ਲੋਕਾਂ ’ਚੋਂ ਇਕ ਹੈਪੇਟਾਈਟਸ ਬੀ ਤੋਂ ਪ੍ਰਭਾਵਿਤ ਹੋ ਸਕਦਾ ਹੈ ਅਤੇ ਹਰ 345 ਲੋਕਾਂ ਵਿਚੋਂ ਇਕ ਹੈਪੇਟਾਈਟਸ ਸੀ ਤੋਂ ਪ੍ਰਭਾਵਿਤ ਹੋ ਸਕਦਾ ਹੈ।
ਇਹ ਬਿਮਾਰੀ ਇਕ ਵਿਸ਼ਵਵਿਆਪੀ ਚਿੰਤਾ ਬਣੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ, 2024 ਵਿਚ ਲਗਭਗ 28.7 ਕਰੋੜ ਲੋਕ ਪੁਰਾਣੀ ਹੈਪੇਟਾਈਟਸ ਬੀ ਜਾਂ ਸੀ ਨਾਲ ਜੀਵਨ ਬਤੀਤ ਕਰ ਰਹੇ ਹਨ, ਜਦਕਿ ਉਸੇ ਸਾਲ ਲਗਭਗ 13 ਲੱਖ ਲੋਕਾਂ ਦੀ ਹੈਪੇਟਾਈਟਸ ਬੀ ਅਤੇ ਸੀ ਨਾਲ ਜੁੜੀਆਂ ਬਿਮਾਰੀਆਂ ਕਰ ਕੇ ਮੌਤ ਹੋ ਗਈ। ਹੈਪੇਟਾਈਟਸ ਬੀ ਨੂੰ ਰੋਕਣ ਲਈ ਇਕ ਟੀਕਾ ਉਪਲਬਧ ਹੈ। ਜਨਮ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਬੱਚਿਆਂ ਨੂੰ ਹੈਪੇਟਾਈਟਸ ਬੀ ਦਾ ਟੀਕਾ ਲਗਾਉਣਾ ਲਾਗ ਨੂੰ ਰੋਕਣ ਲਈ ਇਕ ਮਹੱਤਵਪੂਰਨ ਉਪਾਅ ਹੈ। ਹਾਲਾਂਕਿ 2024 ਵਿਚ ਦੁਨੀਆਂ ਭਰ ਦੇ ਸਿਰਫ਼ 45 ਪ੍ਰਤੀਸ਼ਤ ਨਵਜੰਮੇ ਬੱਚਿਆਂ ਨੂੰ ਇਹ ਟੀਕਾ ਸਮੇਂ ਸਿਰ ਮਿਲ ਸਕਿਆ, ਜੋ ਟੀਕਾਕਰਨ ਦੀ ਹੌਲੀ ਗਤੀ ਨੂੰ ਦਰਸਾਉਂਦਾ ਹੈ।
